Canada

ਵਿਆਨਾ ਹਵਾਈ ਅੱਡੇ ‘ਤੇ ਰਵੀ ਸਿੰਘ ‘ਤੇ ਹੋਇਆ ਨਸਲੀ ਹਮਲਾ

ਵਿਆਨਾ — ਆਸਟ੍ਰੀਆ ਦੀ ਰਾਜਧਾਨੀ ਵਿਆਨਾ ਦੇ ਹਵਾਈ ਅੱਡੇ ‘ਤੇ ਇਕ ਸਿੱਖ ਮਨੁੱਖੀ ਅਧਿਕਾਰ ਵਰਕਰ ਨਾਲ ਨਸਲੀ ਟਿੱਪਣੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀਆਂ ਖਬਰਾਂ ਮੁਤਾਬਕ ਹਵਾਈ ਅੱਡੇ ‘ਤੇ ਤਾਇਨਾਤ ਇਕ ਮਹਿਲਾ ਸੁਰੱਖਿਆ ਅਧਿਕਾਰੀ ਵਲੋਂ ਖਾਲਸਾ ਏਡ ਸੰਸਥਾਪਕ ਰਵੀ ਸਿੰਘ ਨਾਮੀ ਉਕਤ ਭਾਰਤੀ ਸਿੱਖ ਨਾਗਰਿਕ ਦੀ ਪੱਗੜੀ ਵਿਚ ਬੰਬ ਹੋਣ ਨੂੰ ਲੈ ਕੇ ਮਜ਼ਾਕ ਕੀਤਾ ਗਿਆ।

ਇਕ ਸਥਾਨਕ ਅਖਬਾਰ ‘ਮੈਟਰੋ’ ਦੀ ਰਿਪੋਰਟ ਮੁਤਾਬਕ ਰਵੀ ਸਿੰਘ ਇਰਾਕ ਵਿਚ ਆਈ. ਐੱਸ. ਵਲੋਂ ਬੰਧਕ ਬਣਾਈਆਂ ਗਈਆਂ ਔਰਤਾਂ ਦੀ ਮਦਦ ਕਰਨ ਪਿੱਛੋਂ ਬਰਤਾਨੀਆ ਪਰਤ ਰਹੇ ਸਨ। ਉਨ੍ਹਾਂ ਵਿਆਨਾ ਵਿਚ ਹਵਾਈ ਜਹਾਜ਼ ਬਦਲਣਾ ਸੀ। ਵਿਆਨਾ ਦੇ ਹਵਾਈ ਅੱਡੇ ‘ਤੇ ਰਵੀ ਸਿੰਘ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਆਪਣੀ ਪੱਗੜੀ ਦੀ ਮੈਟਲ ਡਿਟੈਕਟਰ ਨਾਲ ਤਲਾਸ਼ੀ ਲੈਣ ਦੀ ਆਗਿਆ ਦਿੱਤੀ। ਅਚਾਨਕ ਹੀ ਇਕ ਹੋਰ ਮਹਿਲਾ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਦੀ ਪੱਗੜੀ ਦੀ ਮੁੜ ਤੋਂ ਤਲਾਸ਼ੀ ਲੈਣ ਦੀ ਗੱਲ ਕਹੀ। ਰਵੀ ਸਿੰਘ ਨੇ ਪੁੱਛਿਆ ਕਿ ਹੁਣ ਤਲਾਸ਼ੀ ਦੀ ਕੀ ਲੋੜ ਹੈ? ਇਸ ‘ਤੇ ਮਹਿਲਾ ਮੁਲਾਜ਼ਮ ਨੇ ਕਿਹਾ ਕਿ ਸਾਨੂੰ ਪੱਗੜੀ ਵਿਚ ਬੰਬ ਹੋਣ ਬਾਰੇ ਸੂਚਨਾ ਮਿਲੀ ਹੈ। ਨਾਲ ਹੀ ਉਹ ਮੁਸਕਰਾਉਣ ਲੱਗ ਪਈ। ਜਦੋਂ ਰਵੀ ਸਿੰਘ ਨੇ ਉਸਨੂੰ ਚੁਣੌਤੀ ਦਿੱਤੀ ਤਾਂ ਉਸਦਾ ਚਿਹਰਾ ਸ਼ਰਮਿੰਦਗੀ ਨਾਲ ਲਾਲ ਹੋ ਗਿਆ।

ਰਵੀ ਸਿੰਘ ਨੇ ਉਸਨੂੰ ਮੁਆਫੀ ਮੰਗਣ ਲਈ ਕਿਹਾ ਪਰ ਮਹਿਲਾ ਮੁਲਾਜ਼ਮ ਨੇ ਮੁਆਫੀ ਮੰਗਣ ਤੋਂ ਨਾਂਹ ਕਰ ਦਿੱਤੀ। ਰਵੀ ਸਿੰਘ ਨੇ ਕਿਹਾ ਕਿ ਜੇ ਕਿਤੇ ਮੈਂ ਬੰਬ ਰੱਖੇ ਹੋਣ ਦੀ ਗੱਲ ਕਹੀ ਹੁੰਦੀ ਤਾਂ ਮੈਨੂੰ ਜੇਲ ਵਿਚ ਸੁੱਟ ਦਿੱਤਾ ਜਾਣਾ ਸੀ ਪਰ ਉਕਤ ਮਹਿਲਾ ਸੁਰੱਖਿਆ ਅਧਿਕਾਰੀ ਵਿਰੁੱਧ ਨਸਲੀ ਟਿੱਪਣੀ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।

ਵਿਆਨਾ ਹਵਾਈ ਅੱਡੇ ਦੇ ਇਕ ਬੁਲਾਰੇ ਨੇ ਰਵੀ ਸਿੰਘ ਨੂੰ ਟਵਿੱਟਰ ‘ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਬੁਲਾਰੇ ਨੇ ਘਟਨਾ ਲਈ ਰਵੀ ਸਿੰਘ ਕੋਲੋਂ ਮੁਆਫੀ ਮੰਗੀ ਅਤੇ ਕਿਹਾ ਕਿ ਜੋ ਕੁਝ ਉਨ੍ਹਾਂ ਨਾਲ ਵਾਪਰਿਆ ਹੈ, ਉਹ ਸਾਡੀਆਂ ਨੀਤੀਆਂ ਮੁਤਾਬਕ ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Close