CanadaNational

ਅਮੂਲ ਨੇ ਕੈਨੇਡਾ ਵਿਚ ਜਿੱਤਿਆ ਟ੍ਰੇਡਮਾਰਕ ਉਲੰਘਣਾ ਦਾ ਕੇਸ, ਮਿਲੇਗਾ ਮੋਟਾ ਮੁਆਵਜ਼ਾ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਭਾਰਤ ਦੇ ਸਭ ਤੋਂ ਵਿਸ਼ਾਲ ਸਹਿਕਾਰੀ ਸੰਗਠਨ ‘ਅਮੁਲ’  ਨੂੰ ਹੁਣ ਕੈਨੇਡਾ ਦੇ ‘ਇੰਟਲੈਕਚੁਅਲ ਪ੍ਰੌਪਰਟੀ ਅਪੀਲੇਟ ਬੋਰਡ’ ਨੇ ਮਾਨਤਾ ਦੇ ਦਿੱਤੀ ਹੈ। ਭਾਰਤੀ ਡੇਅਰੀ ਉਤਪਾਦਾਂ ਦੇ ਪ੍ਰਮੁੱਖ ਸੰਗਠਨ ‘ਅਮੁਲ’ ਦੇ ਟ੍ਰੇਡਮਾਰਕ ਨੂੰ ਹੁਣ ਪ੍ਰਵਾਨਗੀ ਦੇ ਦਿੱਤੀ ਗਈ ਹੈ। ‘ਅਮੁਲ’ ਨੂੰ ਕੈਨੇਡਾ ’ਚ 32,733 ਡਾਲਰ ਭਾਵ 19.54 ਲੱਖ ਰੁਪਏ ਤੋਂ ਵੱਧ ਰਕਮ ਦਾ ਮੁਆਵਜ਼ਾ ਵੀ ਮਿਲੇਗਾ। ਦਰਅਸਲ, ‘ਅਮੁਲ’ ਨੇ ‘ਟ੍ਰੇਡਮਾਰਕ ਉਲੰਘਣਾ’ ਦਾ ਕੇਸ ਜਿੱਤ ਲਿਆ ਹੈ। ‘ਅਮੁਲ’ ਨੇ ਕੈਨੇਡਾ ਦੀ ਕੇਂਦਰੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ‘ਅਮੁਲ’ ਵੱਲੋਂ ਕਿਸੇ ਹੋਰ ਦੇਸ਼ ਵਿੱਚ ਦਾਇਰ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਸੀ।

ਅਮੁਲ’ ਬ੍ਰਾਂਡ ਦਰਅਸਲ ‘ਕਾਇਰਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ’ (ਜਿਸ ਨੂੰ ‘ਅਮੁਲ ਡੇਅਰੀ’ ਦੇ ਨਾਂ ਨਾਲ ਵਧੇਰੇ ਜਾਣਿਆ ਜਾਂਦਾ ਹੈ) ਤੇ ‘ਗੁਜਰਾਤ ਸਹਿਕਾਰੀ ਦੁੱਧ ਮਾਰਕਿਟਿੰਗ ਫ਼ੈਡਰੇਸ਼ਨ’  ਦੀ ਮਲਕੀਅਤ ਹੈ। ‘ਅਮੁਲ’ ਨੇ ਕੈਨੇਡਾ ਵਿੱਚ ਪਹਿਲਾਂ ਤੋਂ ‘ਅਮੁਲ ਕੈਨੇਡਾ’ ਦੇ ਨਾਂ ਨਾਲ ਚੱਲਦੀ ਕੰਪਨੀ ਅਤੇ ਚਾਰ ਪ੍ਰਵਾਸੀ ਭਾਰਤੀਆਂ- ਮੋਹਿਤ ਰਾਣਾ, ਆਕਾ ਘੋਸ਼, ਚੰਦੂ ਦਾਸ ਤੇ….ਪਟੇਲ (ਇਸ ਵਿਅਕਤੀ ਦਾ ਪਹਿਲਾ ਨਾਂ ਪਤਾ ਨਹੀਂ ਲੱਗ ਸਕਿਆ) ਵਿਰੁੱਧ ਫ਼ੈਡਰਲ ਅਦਾਲਤ ’ਚ ਕੇਸ ਦਾਇਰ ਕੀਤਾ ਸੀ। ਜਨਵਰੀ 2020 ’ਚ ‘ਅਮੁਲ’ ਨੂੰ ਪਤਾ ਲੱਗਾ ਸੀ ਕਿ ਕਿਸੇ ਨੇ ਕੈਨੇਡਾ ’ਚ ਉਸ ਦਾ ਟ੍ਰੇਡਮਾਰਕ ਤੇ ਲੋਗੋ ਸਭ ਕੁਝ ਜਿਉਂ ਦਾ ਤਿਉਂ ਕਾਪੀ ਕਰ ਲਿਆ ਹੈ। ਜਾਅਲੀ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਲਿੰਕਡਇਨ’ ਉੱਤੇ ਵੀ ਆਪਣਾ ਨਕਲੀ ਪ੍ਰੋਫ਼ਾਈਲ ਬਣਾ ਲਿਆ ਸੀ।

‘ਅਮੁਲ ਕੈਨੇਡਾ’ ਨੇ ਖ਼ਾਲੀ ਆਸਾਮੀਆਂ ਵੀ ਕੱਢੀਆਂ ਸਨ। ਪਹਿਲਾਂ ਤਾਂ ਭਾਰਤ ਦੇ ਅਸਲੀ ‘ਅਮੁਲ’ ਨੇ ਸਾਧਾਰਨ ਨੋਟਿਸ ਇਸ ਜਾਅਲੀ ਕੰਪਨੀ ਨੂੰ ਭੇਜੇ ਸਨ ਪਰ ਅੱਗਿਓਂ ਚਾਰੇ ਮੁਦਾਇਲਿਆਂ ’ਚੋਂ ਕਿਸੇ ਨੇ ਵੀ ਕੋਈ ਹੁੰਗਾਰਾ ਨਾ ਭਰਿਆ। ‘ਅਮੁਲ ਕੈਨੇਡਾ’ ਦਾ ਤਾਂ ਕੈਨੇਡਾ ’ਚ ਕੋਈ ਲਾਇਸੈਂਸ ਜਾਂ ਕੌਪੀਰਾਈਟ ਵੀ ਨਹੀਂ ਲਿਆ ਗਿਆ ਸੀ।

ਕੈਨੇਡਾ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ‘ਅਮੁਲ’ ਨੇ ਹਰ ਤਰ੍ਹਾਂ ਦੇ ਦਸਤਾਵੇਜ਼ ਪੇਸ਼ ਕਰ ਕੇ ਪੂਰੀ ਤਸੱਲੀ ਕਰਵਾਈ ਹੈ ਕਿ ਭਾਰਤ ਵਿੱਚ ਇਸ ਦਾ ਵੱਡਾ ਨਾਂਅ ਤੇ ਮੌਜੂਦਗੀ ਹੈ ਅਤੇ ਇੱਕੇ ਕੈਨੇਡਾ ਵਿੱਚ ਚਾਰ ਜਣਿਆਂ ਨੇ ‘ਅਮੁਲ’ ਦਾ ਨਾਂ, ਉਸ ਦਾ ਟ੍ਰੇਡਮਾਰਕ ਤੇ ਲੋਗੋ ਗ਼ਲਤ ਤਰੀਕੇ ਵਰਤਿਆ ਹੈ।

ਅਦਾਲਤ ਨੇ ‘ਅਮੁਲ ਕੈਨੇਡਾ’ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ GCMMF ਵੱਲੋਂ ਪਿਛਲੇ 22 ਸਾਲਾਂ ਤੋਂ ਆਪਣੇ ਦੁੱਧ ਉਤਪਾਦ ਅਮਰੀਕਾ ’ਚ ਬਰਾਮਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਦੋ ਸਾਲਾਂ ਤੋਂ ਇਸ ਭਾਰਤੀ ਕੰਪਨੀ ਵੱਲੋਂ AMUL KOOL (ਫ਼ਲੇਵਰਡ ਦੁੱਧ) ਨਾਂ ਦਾ ਉਤਪਾਦ, ਆਈਸ ਕ੍ਰੀਮ ਤੇ ਡੇਅਰੀ ਸਨੈਕਸ ਵੀ ਕੈਨੇਡਾ ਨੂੰ ਬਰਾਮਦ ਕੀਤੇ ਜਾ ਰਹੇ ਹਨ।

‘ਅਮੁਲ’ ਦੁਨੀਆ ਦਾ 8ਵਾਂ ਸਭ ਤੋਂ ਵਿਸ਼ਾਲ ਮਿਲਕ ਪ੍ਰੋਸੈੱਸਰ ਹੈ, ਜੋ ਹਰ ਸਾਲ 40,000 ਕਰੋੜ ਰੁਪਏ ਦੀ ਟਰਨਓਵਰ ਨਾਲ 10.3 ਮਿਲੀਅਨ ਮੀਟ੍ਰਿਕ ਟਨ ਦੁੱਧ ਦੀ ਪ੍ਰੋਸੈੱਸਿੰਗ ਕਰਦਾ ਹੈ। ‘ਦ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ ‘ਅਮੁਲ’ ਵੱਲੋਂ ਦਿੱਲੀ ਦੇ ਵਕੀਲ ਸੁਹਰਿਤਾ ਮਜੂਮਦਾਰ ਨੇ ਕੈਨੇਡੀਅਨ ਵਕੀਲ ਮਾਈਕਲ ਐਡਮਜ਼ ਨਾਲ ਮਿਲ ਕੇ ਕੇਸ ਲੜਿਆ ਸੀ।

Show More

Related Articles

Leave a Reply

Your email address will not be published. Required fields are marked *

Close