Punjab

ਸਿੱਧੂ ਦੇ ਅਸਤੀਫੇ ਨੇ ਕੈਪਟਨ ਨੂੰ ਕਸੂਤਾ ਫਸਾਇਆ

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਅਸਤੀਫੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਕਸੂਤੇ ਫਸ ਗਏ ਹਨ। ਅਸਤੀਫੇ ਮਗਰੋਂ ਉਨ੍ਹਾਂ ਦੇ ਸੁਰ ਕਾਫੀ ਨਰਮ ਹੋ ਗਏ ਹਨ। ਉਹ ਅਜੇ ਦਿੱਲੀ ਵਿੱਚ ਹਨ। ਉਨ੍ਹਾਂ ਕਿਹਾ ਹੈ ਕਿ ਚੰਡੀਗੜ੍ਹ ਆਉਣ ਮਗਰੋਂ ਹੀ ਅਸਤੀਫਾ ਵੇਖਣਗੇ। ਸੂਤਰਾਂ ਮੁਤਾਬਕ ਕੈਪਟਨ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਾਈਕਮਾਨ ਨਾਲ ਸਲਾਹ ਕਰਨਗੇ। ਇਸ ਲਈ ਅਜੇ ਵੀ ਸਮਝੌਤੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦਰਅਸਲ ਅਸਤੀਫੇ ਮਗਰੋਂ ਸਿੱਧੂ ਸੋਸ਼ਲ ਮੀਡੀਆ ‘ਤੇ ‘ਹੀਰੋ’ ਬਣੇ ਹੋਏ ਹਨ। ਦੂਜੇ ਪਾਸੇ ਕੈਪਟਨ ਦੀ ਸਖਤ ਅਲੋਚਨਾ ਹੋ ਰਹੀ ਹੈ। ਸਿੱਧੂ ਦੇ ਅਸਤੀਫੇ ਨਾਲ ਆਮ ਲੋਕਾਂ ਵਿੱਚ ਸੰਕੇਤ ਗਿਆ ਹੈ ਕਿ ਉਨ੍ਹਾਂ ਨੂੰ ਕੈਪਟਨ ਸਰਕਾਰ ਦੀ ਅਲੋਚਨਾ ਕਰਨ ਦੀ ਸਜ਼ਾ ਮਿਲੀ ਹੈ। ਸਿੱਧੂ ਹਮੇਸ਼ਾਂ ਕੇਬਲ ਮਾਫੀਆ, ਰੇਤਾ-ਬਜਰੀ ਮਾਫੀਆ ਤੇ ਨਸ਼ਾ ਮਾਫੀਆ ਖਿਲਾਫ ਸਖਤੀ ਵਰਤਣ ਦੀ ਵਕਾਲਤ ਕਰਦੇ ਸੀ। ਉਸ ਸਰਕਾਰ ਦੀ ਨਰਮੀ ‘ਤੇ ਜਨਤਕ ਪੱਧਰ ‘ਤੇ ਸਵਾਲ ਉਠਾਉਂਦੇ ਸੀ। ਹੁਣ ਅਸਤੀਫੇ ਮਗਰੋਂ ਚਰਚਾ ਹੈ ਕਿ ਸਿੱਧੂ ਨੂੰ ਇਹ ਮੁੱਦੇ ਉਠਾਉਣ ਕਰਕੇ ਹੀ ਸਜ਼ਾ ਮਿਲੀ ਹੈ। ਲੋਕ ਸਭਾ ਚੋਣਾਂ ਵਿੱਚ ਸਿੱਧੂ ਨੇ ਬਠਿੰਡਾ ਵਿੱਚ ਸ਼ਰੇਆਮ ਕਿਹਾ ਸੀ ਕਿ ਉਨ੍ਹਾਂ ਦੇ ਲੀਡਰ ਅਕਾਲੀ ਦਲ ਨਾਲ ਫ੍ਰੈਂਡਲੀ ਮੈਚ ਖੇਡ ਰਹੇ ਹਨ। ਬੇਸ਼ੱਕ ਉਨ੍ਹਾਂ ਕੈਪਟਨ ਦਾ ਨਾਂ ਨਹੀਂ ਲਿਆ ਸੀ ਪਰ ਮੀਡੀਆ ਵਿੱਚ ਇਸ ਗੱਲ਼ ਦੀ ਚਰਚਾ ਹੋਈ ਸੀ। ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਕਾਂਗਰਸ ‘ਤੇ ਇਹੀ ਇਲਜ਼ਾਮ ਲਾਉਂਦੀਆਂ ਹਨ। ਇਸ ਲਈ ਪੰਜਾਬ ਵਿੱਚ ਅਜਿਹੀ ਧਾਰਨਾ ਬਣੀ ਹੋਈ ਹੈ। ਹੁਣ ਜੇਕਰ ਕੈਪਟਨ ਸਿੱਧੂ ਦਾ ਅਸਤੀਫਾ ਸਵੀਕਾਰ ਕਰਦੇ ਹਨ ਤਾਂ ਇਸ ਧਾਰਨਾ ਨੂੰ ਹੋਰ ਬਲ ਮਿਲੇਗਾ ਕਿਉਂਕਿ ਸਿੱਧੂ ਹੀ ਬਾਦਲਾਂ ਨਾਲ ਆਢਾ ਲਾਉਣ ਵਾਲੇ ਲੀਡਰ ਹਨ। ਦੂਜੇ ਪਾਸੇ ਸਿੱਧੂ ਦੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਕਾਫੀ ਨੇੜਤਾ ਹੈ। ਉਹ ਰਾਹੁਲ ਗਾਂਧੀ ਜ਼ਰੀਏ ਹੀ ਬੀਜੇਪੀ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਸੀ। ਹੁਣ ਕੈਪਟਨ ਲਈ ਬੜਾ ਔਖਾ ਬਣ ਗਿਆ ਹੈ ਕਿ ਸਿੱਧੂ ਦਾ ਅਸਤੀਫਾ ਸਵੀਕਾਰ ਕਰਕੇ ਰਾਹੁਲ ਤੇ ਪ੍ਰਿਅੰਕਾ ਨੂੰ ਕਿਵੇਂ ਨਾਰਾਜ਼ ਕਰਨ। ਇਸ ਲਈ ਅਜੇ ਅਸਤੀਫਾ ਲਟਕਣ ਦੀ ਸੰਭਾਵਨਾ ਹੈ ਕਿਉਂਕਿ ਕੈਪਟਨ ਕਾਂਗਰਸ ਹਾਈ ਕਮਾਂਡ ਦੀ ਸਲਾਹ ਨਾਲ ਹੀ ਕੋਈ ਫੈਸਲਾ ਲੈਣਾ ਚਾਹੁੰਦੇ ਹਨ। ਇਸ ਲਈ ਅਜੇ ਵੀ ਸਮਝੌਤੇ ਦੀ ਸੰਭਾਵਨਾ ਹੈ। ਹਾਈ ਕਮਾਂਡ ਸਿੱਧੂ ਨੂੰ ਅਸਤੀਫਾ ਵਾਪਸ ਲੈਣ ਤੇ ਮੁੱਖ ਮੰਤਰੀ ਨੂੰ ਅਸਤੀਫਾ ਪ੍ਰਵਾਨ ਨਾ ਕਰਨ ਦੀ ਸਲਾਹ ਵੀ ਦੇ ਸਕਦੀ ਹੈ। ਉਂਝ ਸਿੱਧੂ ਨੂੰ ਹੁਣ ਸਥਾਨਕ ਸਰਕਾਰਾਂ ਦਾ ਮਹਿਕਮਾ ਮਿਲਣਾ ਔਖਾ ਹੈ। ਇਸ ਲਈ ਬਿਜਲੀ ਮਹਿਕਮੇ ਨਾਲ ਕੋਈ ਹੋਰ ਮਹਿਕਮਾ ਦੇ ਕੇ ਉਨ੍ਹਾਂ ਨੂੰ ਮਨਾਇਆ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close