Punjab

ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ, ਕਿਹਾ-ਕਿਸਾਨ ਹਰ ਹਾਲਤ ’ਚ 10 ਜੂਨ ਤੋਂ ਲਾਉਣਗੇ ਝੋਨਾ

ਮੁੱਖ ਮੰਤਰੀ ਪੰਜਾਬ ਨੂੰ ਐੱਮਐਲਏ ਸੰਗਰੂਰ ਰਾਹੀਂ ਭੇਜਿਆ ਕਿਸਾਨ ਮੰਗਾਂ ਦਾ ਮੰਗ ਪੱਤਰ
ਫਸਲਾਂ ਦੇ ਸੜਨ ਅਤੇ ਕਣਕ ਦੇ ਝਾੜ ਘੱਟ ਨਿਕਲਣ ਲਈ ਮੁਆਵਜੇ ਦੀ ਕੀਤੀ ਮੰਗ
ਭਵਾਨੀਗੜ੍ਹ,  (ਦਲਜੀਤ ਕੌਰ )- ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ ਸਾਰੇ ਵਿਧਾਇਕਾ ਨੂੰ ਕਿਸਾਨੀ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦੇਣ ਦੇ ਦਿੱਤੇ ਸੱਦੇ ਉਪਰ ਅੱਜ ਸਥਾਨਕ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ’ਚ ਟਰੈਕਟਰਾਂ ਨਾਲ ਰੋਸ ਮਾਰਚ ਕਰਨ ਤੋਂ ਬਾਅਦ ਹਲਕਾ ਵਿਧਾਇਕਾ ਸੰਗਰੂਰ ਨਰਿੰਦਰ ਕੌਰ ਭਰਾਜ ਨੂੰ ਮੰਗ-ਪੱਤਰ ਦਿੱਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ ਤੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਨੇ ਕਿਹਾ ਕਿ ਸੂਬੇ ’ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਹੀ ਕਿਸਾਨ ਮਾਰੂ ਨੀਤੀਆਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨਾ ਲਗਾਉਣ ਦੀ ਨਿਰਧਾਰਿਤ ਕੀਤੀ ਗਈ 18 ਜੂਨ ਦੀ ਮਿਤੀ ਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਮੰਗ ਸੀ ਕਿ ਕਿਸਾਨਾਂ ਨੂੰ 1 ਜੂਨ ਤੋਂ ਹੀ ਝੋਨੇ ਦੀ ਫ਼ਸਲ ਲਗਾਉਣ ਦੀ ਖੁੱਲ੍ਹ ਦੇਣ ਦੇ ਨਾਲ-ਨਾਲ ਝੋਨਾ ਲਾਉਣ ਲਈ ਬਿਜਲੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੁਦਰਤੀ ਮਾਰ ਕਾਰਨ ਹਾੜ੍ਹੀ ਦੀ ਫਸਲ ’ਚ ਕਣਕ ਦਾ ਝਾੜ ਬਹੁਤ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਇਸ ਲਈ ਅਸੀਂ ਪੰਜਾਬ ਅਤੇ ਕੇਂਦਰ ਦੋਵਾਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਇਸ ਨੂੰ ਕੁਦਰਤੀ ਆਫ਼ਤ ਮੰਨ ਕੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬੀਜਾਈ ਸਬੰਧੀ 15 ਸੌ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਗਈ ਪੇਸ਼ਕਸ਼ ਬਹੁਤ ਹੀ ਘੱਟ ਹੈ, ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ 10 ਜੂਨ ਤੋਂ ਹਰ ਹਾਲਤ ’ਚ ਝੋਨਾ ਲਾਉਣਾ ਸ਼ੁਰੂ ਕਰਨਗੇ ਅਤੇ ਜੇਕਰ ਸੂਬਾ ਸਰਕਾਰ ਨੇ 1 ਜੂਨ ਤੋਂ ਝੋਨਾ ਲਾਉਣ ਲਈ ਕਿਸਾਨਾਂ ਨੂੰ ਬਿਜਲੀ ਸਪਲਾਈ ਨਾ ਦਿੱਤੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ, ਪਟਿਆਲਾ ਅਤੇ ਬਿਜਲੀ ਮੰਤਰੀ ਦੇ ਹਲਕੇ ਅੰਮ੍ਰਿਤਸਰ ਵਿਖੇ ਰੋਸ ਧਰਨੇ ਸ਼ੁਰੂ ਦਿੱਤੇ ਜਾਣਗੇ ਅਤੇ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਆਗੂਆਂ ਵੱਲੋਂ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਬਾਲਦ ਬਲਾਕ ਜਨਰਲ ਸਕੱਤਰ, ਰਣਧੀਰ ਸਿੰਘ ਭੱਟੀਵਾਲ, ਸੁਖਦੇਵ ਸਿੰਘ ਘਰਾਚੋਂ, ਜੁਵਾਲਾ ਸਿੰਘ ਘਨੌੜਜੱਟਾਂ ਆਦਿ ਹਾਜ਼ਰ ਸਨ। ਇਸ ਮੌਕੇ ਮੌਜੂਦ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਾ ਹੋਣ ਦੇ ਨਾਤੇ ਉਨ੍ਹਾਂ ਕਿਸਾਨਾਂ ਦਾ ਮੰਗ ਪੱਤਰ ਲਿਆ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਉੱਪਰ ਪੁਨਰ ਵਿਚਾਰ ਕੀਤਾ ਜਾਵੇਗਾ।
Show More

Related Articles

Leave a Reply

Your email address will not be published. Required fields are marked *

Close