International

ਮਹਾਦੋਸ਼ ਸੁਣਵਾਈ ਦੌਰਾਨ ਪੇਸ਼ ਨਹੀਂ ਹੋਵਾਂਗਾ-ਡੋਨਾਲਡ ਟਰੰਪ

ਕੈਲੀਫੋਰਨੀਆ – ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਸੈਨੇਟ ਦੀ ਮਹਾਦੋਸ਼ ਸੁਣਵਾਈ ਦੌਰਾਨ ਪੇਸ਼ ਨਹੀਂ ਹੋਵੇਗਾ। ਟਰੰਪ ਨੇ ਇਹ ਬਿਆਨ ਡੈਮੋਕਰੈਟਿਕ ਵਕੀਲਾਂ ਦੀ ਉਸ ਬੇਨਤੀ ਦੇ ਸੰਦਰਭ ਵਿਚ ਦਿੱਤਾ ਹੈ ਜਿਸ ਵਿਚ ਸੰਵਿਧਾਨ ਦੀ ਚੁੱਕੀ ਗਈ ਸਹੁੰ ਤਹਿਤ ਸਾਬਕਾ ਰਾਸ਼ਟਰਪਤੀ ਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ। ਸਾਬਕਾ ਸੰਵਿਧਾਨਕ ਲਾਅ ਪ੍ਰੋਫੈਸਰ ਜੈਮੀ ਰਸਕਿਨ ਜੋ ਡੈਮੋਕਰੈਟਸ ਦੇ ਕੇਸ ਦੀ ਅਗਵਾਈ ਕਰ ਰਹੇ ਹਨ, ਨੇ ਟਰੰਪ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਸੀ ਕਿ ਇਸ ਹਫਤੇ ਦੇ ਸ਼ੁਰੂ ਵਿਚ ਮਹਾਦੋਸ਼ ਧਾਰਾ ਸਬੰਧੀ ਉਨ੍ਹਾਂ ਵੱਲੋਂ ਦਿੱਤਾ ਗਿਆ ਜਵਾਬ ਨਾ ਕਾਫੀ ਹੈ। ਇਸ ਵਿਚ ਬਹੁਤ ਸਾਰੇ ਤੱਥਾਂ ਅਧਾਰਤ ਦੋਸ਼ਾਂ ਨੂੰ ਨਕਾਰਿਆ ਗਿਆ ਹੈ। ਇਸ ਲਈ ਡੈਮੋਕਰੈਟਸ ਦੀ ਬੇਨਤੀ ਹੈ ਕਿ ਉਹ ਅਗਲੇ ਸੋਮਵਾਰ ਤੋਂ ਪਹਿਲਾਂ ਜਿੰਨੀ ਛੇਤੀ ਸੰਭਵ ਹੋ ਸਕੇ ਸੁਣਵਾਈ ਦੌਰਾਨ ਹਾਜਰ ਹੋਣ। ਰਸਕਿਨ ਨੇ ਹੋਰ ਕਿਹਾ ਸੀ ਕਿ ਜੇਕਰ ਤੁਸੀਂ ਹਾਜਰ ਹੋਣ ਤੋਂ ਇਨਕਾਰ ਕਰ ਦਿੰਦੇ ਹੋ ਤਾਂ ਸਾਡੇ ਕੋਲ ਮਹਾਦੋਸ਼ ਮੁਕੱਦਮਾ ਸ਼ੁਰੂ ਕਰਨ ਸਮੇਤ ਸਾਰੇ ਅਧਿਕਾਰ ਰਾਖਵੇਂ ਹੋਣਗੇ। ਇਸ ਪੱਤਰ ਵਿਚ 6 ਜਨਵਰੀ ,2021 ਦੀ ਕੈਪੀਟਲ ਹਿੱਲ ਵਿਖੇ ਵਾਪਰੀ ਘਟਨਾ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਤੁਹਾਡੇ ਇਨਕਾਰ ਦੇ ਸਿੱਟੇ ਮਾੜੇ ਨਿਕਲ ਸਕਦੇ ਹਨ ਜੋ ਤੁਹਾਨੂੰ ਪ੍ਰਭਾਵਿਤ ਕਰਨਗੇ। ਟਰੰਪ ਦੇ ਵਕੀਲਾਂ ਬਰੂਸ ਕੈਸਟਰ ਜੁਨੀਅਰ ਤੇ ਡੇਵਿਡ ਸ਼ੋਏਨ ਨੇ ਇਸ ਦੇ ਜਵਾਬ ਵਿਚ ਰਸਕਿਨ ਨੂੰ ਲਿੱਖੇ ਪੱਤਰ ਵਿਚ ਦਲੀਲ ਦਿੱਤੀ ਹੈ ਕਿ ਸਾਬਕਾ ਰਾਸ਼ਟਰਪਤੀ ਦੀ ਗਵਾਹੀ ਲੈਣ ਦੀ ਕੋਸ਼ਿਸ਼ ਤੋਂ ਪਤਾ ਲੱਗਦਾ ਹੈ ਕਿ ਡੈਮੋਕਰੈਟਸ ਸਾਬਕਾ ਰਾਸ਼ਟਰਪਤੀ ਵਿਰੁੱਧ ਦੋਸ਼ ਸਾਬਤ ਨਹੀਂ ਕਰ ਸਕਦੇ ਜੋ ਕਿ ਹੁਣ ਇਕ ਆਮ ਸ਼ਹਿਰੀ ਬਣ ਗਏ ਹਨ। ਇਸੇ ਦੌਰਾਨ ਸਾਬਕਾ ਰਾਸ਼ਟਰਪਤੀ ਦੇ ਬੁਲਾਰੇ ਅਲੀ ਪਾਰਡੋ ਨੇ ਸਪੱਸ਼ਟ ਕੀਤਾ ਹੈ ਕਿ ਉਹ ਮਹਾਦੋਸ਼ ਸੁਣਵਾਈ ਦੌਰਾਨ ਹਾਜਰ ਹੋਣ ਦਾ ਇਰਾਦਾ ਨਹੀਂ ਰਖਦੇ। ਸਾਬਕਾ ਰਾਸ਼ਟਰਪਤੀ ਇਕ ਗੈਰਸੰਵਿਧਾਨਕ ਸੁਣਵਾਈ ਦੌਰਾਨ ਆਪਣਾ ਪੱਖ ਨਹੀਂ ਰਖਣਗੇ।

Show More

Related Articles

Leave a Reply

Your email address will not be published. Required fields are marked *

Close