International

ਸਿੱਖ ਸਪੋਰਟਸ ਕੰਪਲੈਕਸ ਦੀ ਸਥਾਪਨਾ ਦਾ ਮੰਤਵ

ਹੁਣ ਬੱਚਿਆਂ ਦੇ ਮਾਪਿਆਂ `ਤੇ ਵੱਡੀ ਜਿਮੇਵਾਰੀ

ਦੁਨੀਆ ਭਰ `ਚ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਦੀ ਵਿਲੱਖਣ ਪਛਾਣ ਬਣਾਉਣ ਵਾਲੇ ਸਿੱਖ ਸਪੋਰਟਸ ਕੰਪਲੈਕਸ ਦੀ ਸਥਾਪਨਾ ਦੇ ਅਰਥ ਬਹੁਤ ਡੂੰਘੇ ਹਨ। ਜਿਨ੍ਹਾਂ ਨੂੰ ਸਮਝਣ ਅਤੇ ਅਮਲ `ਚ ਲਿਆਉਣ ਲਈ ਹੁਣ ਵੱਡੀ ਜਿæੰਮੇਵਾਰੀ ਬੱਚਿਆਂ ਦੇ ਮਾਪਿਆਂ `ਤੇ ਆ ਗਈ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਹੱਥੋਂ 21 ਮਾਰਚ ਨੂੰ ਉਦਘਾਟਨੀ ਪੱਥਰ ਤੋਂ ਪਰਦਾ ਹਟਾਏ ਜਾਣ ਤੋਂ ਬਾਅਦ ਹਰ ਕੋਈ ਉਸਾਰੂ ਸਮਝ ਰੱਖਣ ਵਾਲਾ ਇਨਸਾਨ ਇਹ ਗੱਲ ਚੰਗੀ ਤਰ੍ਹਾਂ ਸਮਝ ਰਿਹਾ ਹੈ ਕਿ ਪ੍ਰਬੰਧਕਾਂ ਨੇ ਅਗਲੀ ਪੀੜ੍ਹੀ ਨੂੰ ਅਨਮੋਲ ਤੋਹਫ਼ਾ ਦੇ ਕੇ ਆਪਣਾ ਮੁੱਢਲਾ ਅਹਿਮ ਫ਼ਰਜ਼ ਨਿਭਾ ਦਿੱਤਾ ਹੈ। ਜਿਸ ਪਿੱਛੋਂ ਛੋਟੇ-ਛੋਟੇ ਬੱਚਿਆਂ ਦੇ ਮਾਪਿਆਂ `ਤੇ ਵੱਡੀ ਜਿæੰਮੇਵਾਰੀ ਪੈ ਗਈ ਹੈ, ਜਿਨ੍ਹਾਂ ਨੇ ਖੇਡ ਕੰਪਲੈਕਸ ਦੇ ਅਸਲੀ ਮੰਤਵ ਨੂੰ ਪੂਰਾ ਕਰਨਾ ਹੈ। ਨਵੀਂ ਪੀੜ੍ਹੀ ਲਈ ਲਾਏ ਗਏ ਬੂਟੇ ਨੂੰ ਛਾਂ-ਦਾਰ ਬਣਾਉਣ ਅਤੇ ਇਸ ਤੋਂ ਪੈਦਾ ਹੋਣ ਵਾਲੇ ਫ਼ਲ ਦੀ ਇੱਛਾ ਰੱਖੀ ਜਾਣੀ ਸੁਭਾਵਿਕ ਹੈ। ਜਿਵੇਂ ਹਰ ਕਿਸੇ ਪ੍ਰਾਜੈਕਟ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ, ਬਿਨਾਂ ਸ਼ੱਕ ਉਸੇ ਤਰਜ਼ `ਤੇ ਇਸਦਾ ਮੰਤਵ ਵੀ ਪੰਜਾਬੀ ਸਿੱਖ ਭਾਈਚਾਰੇ ਚੋਂ ਅਜਿਹੇ ਖਿਡਾਰੀ ਪੈਦਾ ਕਰਨਾ ਹੈ, ਜੋ ਦੇਸ਼-ਕੌਮ ਦਾ ਨਾਂ ਉੱਚਾ ਕਰ ਸਕਣ। ਇਹ ਨੁਕਤਾ ਇਸ ਕਰਕੇ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਪੋਰਟਸ ਕੰਪਲੈਕਸ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਦੇ ਗਲਿਆਰੇ `ਚ ਹੋਂਦ ਵਿੱਚ ਆਇਆ ਹੈ।
ਸਿੱਖ ਇਤਿਹਾਸਕਾਰ ਖੇਡਾਂ ਦੀ ਸਿੱਖੀ ਫ਼ਲਸਫੇ ਨਾਲ ਡੂੰਘੀ ਸਾਂਝ ਦਸਦੇ ਹਨ। ਤਰਨਤਾਰਨ ਜਿæਲ੍ਹੇ ਦੇ ਖਡੂਰ ਸਾਹਿਬ ਸ਼ਹਿਰ `ਚ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਯਾਦ `ਚ ਬਣੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਾਲੀ ਥਾਂ `ਤੇ ਗੁਰੂ ਸਾਹਿਬ ਆਪ ਨੌਜਵਾਨਾਂ ਨੂੰ ਪਹਿਲਵਾਨ ਲਈ ਉਤਸ਼ਾਹਿਤ ਕਰਦੇ ਸਨ ਤਾਂ ਜੋ ਉਹ ਰੂਹਾਨੀ ਤਾਕਤ ਦੇ ਨਾਲ-ਨਾਲ ਸਰੀਰਕ ਬਲ ਦੇ ਵੀ ਧਾਰਨੀ ਬਣਨ। ਇਹ ਗੁਰਦੁਆਰਾ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖੀ ਦਾ ਸਰੀਰਕ ਵਰਜਿæਸ ਵਾਲੀਆਂ ਖੇਡਾਂ ਨਾਲ ਗੂੜ੍ਹਾ ਸਬੰਧ ਹੈ।
ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਆਕਲੈਂਡ ਦਾ ਟਾਕਾਨਿਨੀ ਗੁਰੂਘਰ `ਵੀ ਹੁਣ ਰੂਹਾਨੀ ਅਤੇ ਸਰੀਰਕ ਸ਼ਕਤੀ ਪੈਦਾ ਕਰਨ ਵਾਲਾ ਵੱਡਾ ਸੋਮਾ ਬਣ ਗਿਆ ਹੈ। ਜਿੱਥੇ ਮਾਪਿਆਂ ਵਾਸਤੇ ਮਨ ਦੇ ਟਿਕਾਅ ਲਈ ਦਰਬਾਰ ਹਾਲ ਹੈ ਅਤੇ ਬੱਚਿਆਂ ਦੀਆਂ ਖੇਡਾਂ ਲਈ ਹਰ ਲੋੜੀਂਦੀ ਸਹੂਲਤ ਮੌਜੂਦ ਹੈ, ਜਿਨਾਂ ਦੇ ਸਹਾਰੇ ਉਨ੍ਹਾਂ ਨੇ ਆਪਣੀ ਜਿæੰਦਗੀ ਦੇ ਸੁਪਨਿਆਂ ਦੀ ਉਡਾਣ ਨੂੰ ਸਿਖਰਾਂ ਵੱਲ ਲੈ ਕੇ ਜਾਣਾ ਹੈ। ਪਰ ਅਜਿਹਾ ਕੁੱਝ ਤਾਂ ਹੀ ਸੰਭਵ ਹੋਵੇਗਾ, ਜੇ ਖੇਡਾਂ `ਚ ਰੁਚੀ ਰੱਖਣ ਵਾਲੇ ਬੱਚਿਆਂ ਦੇ ਮਾਪੇ ਆਪਣੇ ਕੀਮਤੀ ਵਕਤ ਚੋਂ ਵਕਤ ਕੱਢ ਕੇ ਆਪਣੇ ਬੱਚਿਆਂ ਲਈ ਸਮਰਪਿਤ ਕਰਨਗੇ। ਸਿਹਤ-ਸਿੱਖਿਆ ਨਾਲ ਵਾਸਤਾ ਰੱਖਣ ਵਾਲੇ ਸੱਜਣਾਂ ਅਨੁਸਾਰ ਕਈ ਵਾਰੀ ਥੋੜ੍ਹੀ ਜਿਹੀ ਬੇਧਿਆਨੀ ਵੀ ਬੱਚਿਆਂ ਦੇ ਵਿਕਾਸ `ਚ ਰੋੜਾ ਬਣ ਜਾਂਦੀ ਹੈ ਕਿਉਂਕਿ ਛੋਟੀ ਉਮਰ `ਚ ਬੱਚਿਆਂ ਨੂੰ ਕਈ ਵਾਰ ਉਹ ਰਸਤਾ ਨਹੀਂ ਮਿਲਦਾ, ਜੋ ਮਿਲਣਾ ਜ਼ਰੂਰੀ ਹੁੰਦਾ ਹੈ। ਇਹ ਵੀ ਸੱਚ ਹੈ ਕਿ ਕਈ ਵਾਰ ਅਜਿਹਾ ਇਸ ਕਰਕੇ ਵੀ ਹੋ ਜਾਂਦਾ ਹੈ ਕਿਉਂਕਿ ਪਰਵਾਸ ਹੰਢਾਉਣ ਵਾਲੇ ਬਹੁਤੇ ਲੋਕਾਂ ਨੂੰ ਕਈ ਵਾਰ ਹਾਲਾਤ ਨਾਲ ਸਮਝੌਤਾ ਕਰਕੇ ਮਜ਼ਬੂਰੀ `ਚ ਰੋਜਾæਨਾ ਲੋੜੋਂ ਵੱਧ ਕੰਮ ਕਰਨਾ ਪੈਂਦਾ ਹੈ। ਜਿਸ ਨਾਲ ਬੱਚਿਆਂ ਵਾਲਾ ਪਾਸਾ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਜਾਂਦਾ ਹੈ। ਜਿਸਦੇ ਸਿੱਟੇ ਬਾਅਦ `ਚ ਬਹੁਤ ਹੀ ਔਖੇ ਹੋ ਕੇ ਭੁਗਤਣੇ ਪੈਂਦੇ ਹਨ। ਕੈਨੇਡਾ `ਚ ਅਜਿਹੇ ਕੌੜੇ ਸਿੱਟੇ ਕਈ ਪਰਿਵਾਰਾਂ ਨੂੰ ਭੁਗਤਣੇ ਵੀ ਪੈ ਰਹੇ ਹਨ ਕਿਉਂਕਿ ਕੰਮਾਂ-ਕਾਰਾਂ ਚੋਂ ਵਿਹਲ ਨਾ ਕੱਢਣ ਕਰਕੇ ਉਨ੍ਹਾਂ ਦੇ ਬੱਚੇ ਆਪਣੇ-ਆਪ ਹੀ ਉੱਥੋਂ ਹਾਲਾਤ ਅਨੁਸਾਰ ਅਜਿਹੇ ਰਾਹ ਪੈ ਗਏ ਕਿ ਮੁੜ ਕੇ ਘਰ ਵਾਪਸ ਨਹੀਂ ਆਏ। ਹੁਣ ਉਮਰ ਦੇ ਢਲਦੇ ਪ੍ਰਛਾਵੇਂ ਹੇਠ ਇਕੱਲਤਾ ਹੰਢਾਉਂਦਿਆਂ ਉਹ ਝੂਰ ਰਹੇ ਹਨ ਕਿ ਕੋਠੀਆਂ-ਕਾਰਾਂ ਦੇ ਅਰਥ ਕੀ ਹਨ? ਉਨ੍ਹਾਂ ਚੋਂ ਕਈਆਂ ਨੂੰ ਹੁਣ ਸਮਝ ਆ ਰਹੀ ਹੈ ਚਾਂਦੀ ਦੇ ਸਿੱਕੇ ਹੀ ਸਭ ਕੁੱਝ ਨਹੀਂ ਹੁੰਦੇ ਸਗੋਂ ਆਪਣੇ ਬੱਚਿਆਂ ਦਾ ਚੰਗਾ ਪਾਲਣ-ਪੋਸ਼ਣ ਹੀ ਸਭ ਤੋਂ ਵੱਡਾ ਸਰਮਾਇਆ ਹੁੰਦਾ ਹੈ। ਜਿਨ੍ਹਾਂ ਨੇ ਪਰਿਵਾਰ ਤੇ ਸਮਾਜ ਦੀ ਚੰਗੀ ਵਿਰਾਸਤ ਅੱਗੇ ਲੈ ਕੇ ਜਾਣੀ ਹੁੰਦੀ ਹੈ।
ਖ਼ੈਰ ! ਨਿਊਜ਼ੀਲੈਂਡ ਵਸਦੇ ਪੰਜਾਬੀਆਂ ਦੇ ਭਾਗ ਚੰਗੇ ਹਨ ਕਿ ਉਨ੍ਹਾਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਸੰਭਾਲਣ ਅਤੇ ਖੇਡਾਂ ਦੀ ਦੁਨੀਆ ਵੱਲ ਲਿਜਾਣ ਲਈ ਸਿੱਖ ਸਪੋਰਟਸ ਕੰਪਲੈਕਸ ਦੇ ਰੂਪ `ਚ ਬਹੁਤ ਵਧੀਆ ਸਥਾਨ ਮਿਲ ਗਿਆ ਹੈ। ਜਿੱਥੋਂ ਗੁਰੂ ਦੀ ਮਿਹਰ ਨਾਲ ਤਿਆਰ ਹੋ ਕੇ ਨਵੀਂ ਪੀੜ੍ਹੀ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ `ਚ ਹਿੱਸਾ ਲੈਣਗੇ ਅਤੇ ਜੇਤੂ ਬਣਨਗੇ। ਜਿਸ ਨਾਲ ਨਾ ਸਿਰਫ਼ ਮਾਪਿਆਂ ਦਾ ਸਿਰ ਉੱਚਾ ਹੋਵੇਗਾ ਸਗੋਂ ਕੰਪਲੈਕਸ ਦੀ ਸਥਾਪਨਾ ਕਰਨ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਆਗੂ ਭਾਈ ਦਲਜੀਤ ਸਿੰਘ ਅਤੇ ਉਸਦੇ ਦੂਰਦਰਸ਼ੀ ਸਹਿਰਦ ਸਾਥੀਆਂ ਨੂੰ ਵੀ ਆਪਣੇ ਨਿਵੇਕਲੇ ਉੱਦਮ `ਤੇ ਮਾਣ ਹੋਵੇਗਾ। ਜਿਸ ਨਾਲ ਨਿਊਜ਼ੀਲੈਂਡ ਦੇ ਸਾਰੇ ਹੀ ਸਿੱਖ ਭਾਈਚਾਰੇ ਦਾ ਝੰਡਾ ਵੀ ਦੁਨੀਆ ਭਰ `ਚ ਬੁਲੰਦ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close