International

ਗੋਪਾ ਬੈਂਸ ਨੂੰ ਮਿਲੇਗਾ ਨਿਊਜ਼ੀਲੈਂਡ ਦਾ ਵੱਡਾ ਕਮਿਊਨਿਟੀ ਐਵਾਰਡ

ਨਿਊਜ਼ੀਲੈਂਡ ਆਕਲੈਂਡ (ਹਰਜਿੰਦਰ ਛਾਬੜਾ)- ਨਿਊਜ਼ੀਲੈਂਡ ਦੇ ਟੀਪੁੱਕੀ ਖੇਤਰ `ਚ ‘ਕੀਵੀ ਕਿੰਗ’ ਵਜੋਂ ਜਾਣੇ ਜਾਂਦੇ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ (ਗੋਪਾ ਬੈਂਸ) ਨੂੰ ਉਨ੍ਹਾਂ ਦੀਆਂ ਸਮਾਜ ਭਲਾਈ ਸੇਵਾਵਾਂ ਬਦਲੇ ਐਤਕੀਂ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦੇ ਉਦਘਾਟਨ ਮੌਕੇ 21 ਮਾਰਚ ਐਤਵਾਰ ਨੂੰ ਵੱਡੇ ਕਮਿਊਨਿਟੀ ਐਵਾਰਡ ਨਵਾਜ਼ਿਆ ਜਾਵੇਗਾ। ਉਸ ਦਿਨ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਗੁਰਦੁਆਰਾ ਸ੍ਰੀ ਕਲਗਧੀਰ ਸਾਹਿਬ `ਚ ਪਹੁੰਚਣਾ ਹੈ। ਸਨਮਾਨ `ਚ ਇੱਕ ਕਿੱਲੋ ਚਾਂਦੀ ਦੀ ਇੱਟ `ਤੇ ਬਣੇ 10 ਤੋਲੇ ਸੋਨੇ ਦੇ ਖੰਡੇ ਦਾ ਵਿਸ਼ੇਸ਼ ਯਾਦਗਾਰੀ ਚਿੰਨ੍ਹ ਹੋਵੇਗਾ।
ਇਹ ਅਹਿਮ ਫ਼ੈਸਲਾ ਜਿੱਥੇ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੀ ਪ੍ਰਬੰਧਕੀ ਕਮੇਟੀ ਨੇ ਸਰਬਸੰਮਤੀ ਨਾਲ ਕੀਤਾ ਹੈ, ਉੱਥੇ ਸੁਸਾਇਟੀ ਦੇ 81 ਟਰੱਸਟੀਆਂ ਨੇ ਵੀ ਫ਼ੈਸਲੇ ਪ੍ਰੋੜਤਾ ਕੀਤੀ ਹੈ ਤਾਂ ਜੋ ਸਮਾਜ ਸੇਵਾ ਦੇ ਖੇਤਰ `ਚ ਵਿਚਰਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਗੋਪਾ ਬੈਂਸ ਅਤੇ ਉਸਦੀ ਟੀਮ ਨੇ ਸੁਸਾਇਟੀ ਦੇ ਵਿਕਾਸ ਕਾਰਜਾਂ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਹੀ ਦਿਲ ਖੋਲ੍ਹ ਕੇ ਮੱਦਦ ਕੀਤੀ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਜਦੋਂ ਵੀ ਕਿਸੇ ਧਾਰਮਿਕ ਕਾਰਜ ਨੂੰ ਨੇਪਰੇ ਚਾੜ੍ਹਨ, ਸਮਾਜ ਭਲਾਈ ਲਈ ਕੰਮ ਕਰਨ ਜਾਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਪੀਲ ਕੀਤੀ ਜਾਂਦੀ ਹੈ ਤਾਂ ਗੋਪਾ ਬੈਂਸ ਦੀ ਟੀਮ ਨੇ ਹਰ ਵੇਲੇ ਵਧ-ਚੜ੍ਹ ਕੇ ਹਿੱਸਾ ਪਾਇਆ ਹੈ। ਉਨ੍ਹਾਂ ਦੱਸਿਆ ਨੇ ਗੋਪਾ ਬੈਂਸ ਨੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਹਰ ਸਾਲ ਵੱਡੇ ਪੱਧਰ `ਤੇ ਕਰਵਾਏ ਜਾਣ ਵਾਲੇ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ ਲਈ ਵੀ ਪਿਛਲੇ ਸਾਲ ਲਾ-ਮਿਸਾਲ ਸਹਿਯੋਗ ਦਾ ਵਾਅਦਾ ਕੀਤਾ ਗਿਆ ਸੀ ਅਤੇ ਹਰ ਸਾਲ ਮੱਦਦ ਦਾ ਭਰੋਸਾ ਦਿਵਾਇਆ ਸੀ।
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਣਕਢੇਰੀ ਪਿੰਡ ਨਾਲ ਸਬੰਧਤ ਗੁਰਵਿੰਦਰ ਸਿੰਘ (ਗੋਪਾ ਬੈਂਸ) ਨੇ 18-19 ਸਾਲ ਪਹਿਲਾਂ ਨਿਊਜ਼ੀਲੈਂਡ `ਚ ਪੈਰ ਪਾਇਆ ਸੀ, ਜੋ ਹੁਣ ਟੀਪੁੱਕੀ `ਚ ਸਫ਼ਲ ਕਿਸਾਨ ਦੇ ਤੌਰ `ਤੇ ਕੀਵੀ ਫਰੂਟ ਦੇ ਉਤਪਾਦਨ ਨਾਲ ਨਿਊਜ਼ੀ਼ਲੈਂਡ ਦੀ ਇਕੌਨਮੀ `ਚ ਵੀ ਹਿੱਸਾ ਪਾ ਰਹੇ ਹਨ ਅਤੇ ਪੰਜਾਬੀਆਂ ਲਈ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close