Canada

ਕੈਨੇਡਾ ਵਿਚ ਕਰੋਨਾ ਰੋਕਾਂ ਦੇ ਬਾਵਜੂਦ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- – ਕੈਨੇਡਾ ‘ਚ ਕੋਰੋਨਾ ਵਾਇਰਸ ਦੀਆਂ ਰੋਕਾਂ ਤਾਂ ਭਾਵੇਂ ਅਜੇ ਜਾਰੀ ਹਨ ਪਰ ਉਪਲੱਬਧ ਸਾਧਨਾਂ ਰਾਹੀਂ ਵਿਦੇਸ਼ਾਂ ਤੋਂ ਪੱਕੇ ਤੌਰ ‘ਤੇ ਪ੍ਰਵਾਸ ਕਰਨ ਵਾਲੇ ਲੋਕਾਂ ਦੀ ਕੈਨੇਡਾ ਵਿਚ ਗਿਣਤੀ ਕੁਝ ਵਧ ਰਹੀ ਹੈ | ਸੀਮਤ ਗਿਣਤੀ ‘ਚ ਵਿਦਆਰਥੀ ਵੀ ਪੁੱਜਣੇ ਜਾਰੀ ਹਨ | 2020 ਦੇ ਸਾਲਾਨਾ ਕੋਟੇ ਮੁਤਾਬਿਕ ਕੈਨੇਡਾ ਸਰਕਾਰ ਵਲੋਂ 341000 ਪੱਕੇ ਵੀਜ਼ੇ ਜਾਰੀ ਕਰਨ ਦਾ ਕੋਟਾ ਰੱਖਿਆ ਗਿਆ ਸੀ ਪਰ ਮਾਰਚ ਤੋਂ ਤਾਲਾਬੰਦੀ ਵਾਲੇ ਹਾਲਾਤ ਬਣਨ ਨਾਲ ਉਸ ਸਾਰੇ ਸਾਲ ਦੌਰਾਨ ਮਸਾਂ 184000 ਦੇ ਕਰੀਬ ਨਵੇਂ ਪ੍ਰਵਾਸੀ ਹੀ ਕੈਨੇਡਾ ਦੇ ਪੱਕੇ ਵਾਸੀ ਬਣ ਸਕੇ | ਤਾਜਾ ਰਿਪੋਰਟਾਂ ਮੁਤਾਬਿਕ 2021 ਦੇ ਜਨਵਰੀ ਮਹੀਨੇ ਦੌਰਾਨ ਕੈਨੇਡਾ ‘ਚ 24665 ਵਿਅਕਤੀ ਪੱਕੇ ਹੋਏ ਹਨ |
ਜਿਨ੍ਹਾਂ ‘ਚ ਵਿਦੇਸ਼ਾਂ ਤੋਂ ਪੱਕਾ ਵੀਜ਼ਾ ਲੈ ਕੇ ਅਤੇ ਕੈਨੇਡਾ ‘ਚ ਪਹੁੰਚ ਕੇ ਪੱਕੇ ਹੋਣ ਵਾਲੇ ਲੋਕ ਸ਼ਾਮਿਲ ਹਨ | ਕੋਰੋਨਾ ਦੀ ਮਾਰ ਪੈਣ ਤੋਂ ਪਹਿਲਾਂ ਕੈਨੇਡਾ ‘ਚ ਹਰੇਕ ਮਹੀਨੇ 25000 ਤੋਂ 35000 ਤੱਕ ਨਵੇਂ ਪ੍ਰਵਾਸੀ ਕੈਨੇਡਾ ‘ਚ ਪਹੁੰਚਦੇ ਸਨ | ਬਸੰਤ ਰੁੱਤ ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਵਿਦੇਸ਼ਾਂ ਤੋਂ ਸਭ ਤੋਂ ਵੱਧ ਲੋਕ ਕੈਨੇਡਾ ਜਾਂਦੇ ਹਨ ਜਦ ਕਿ ਸਰਦ ਰੁੱਤ ‘ਚ ਗਿਣਤੀ ਘੱਟ ਹੋ ਜਾਂਦੀ ਹੈ | ਸਾਲ 2021 ਇਸ ਪੱਖੋਂ ਕੁਝ ਵੱਖਰਾ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਵਿਦੇਸ਼ਾਂ ਤੋਂ ਸਫਰ ‘ਚ ਰੁਕਾਵਟਾਂ ਹਾਲ ਦੀ ਘੜੀ ਜਾਰੀ ਰਹਿਣ ਕਾਰਨ ਸਰਕਾਰ ਦੀ ਨੀਤੀ ਕੈਨੇਡਾ ‘ਚ ਪਹੁੰਚ ਚੁੱਕੇ ਲੋਕਾਂ ਨੂੰ ਪੱਕੇ ਹੋਣ ਦੇ ਮੌਕੇ ਦੇਣ ਦੀ ਹੈ | ਬੀਤੀ 13 ਫਰਵਰੀ ਨੂੰ ਐਕਸਪ੍ਰੈਸ ਐਂਟਰੀ (ਈ.ਈ.) ‘ਚੋਂ ਕੈਨੇਡਾ ਐਕਸਪੀਰੀਂਐਂਸ ਕਲਾਸ (ਸੀ.ਈ.ਸੀ.) ਦੇ ਕੱਢੇ ਗਏ ਬੰਪਰ ਡਰਾਅ ‘ਚ 27332 ਉਮੀਦਵਾਰਾਂ ਨੂੰ ਪੱਕਾ ਵੀਜ਼ਾ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਅਤੇ ਉਹ ਲੋਕ ਇਨੀਂ ਦਿਨੀਂ ਅਪਲਾਈ ਕਰਨ ਲਈ ਸਰਗਰਮ ਹਨ | ਉਨ੍ਹਾਂ ਅਰਜੀਆਂ ਦਾ ਨਵੰਬਰ ਜਾਂ ਦਸੰਬਰ ਤੱਕ ਨਿਪਟਾਰਾ ਹੋ ਜਾਣ ਦੀ ਸੰਭਾਵਨਾ ਹੈ | ਸੀ.ਈ.ਸੀ ਡਰਾਅ ਰਾਹੀਂ ਪੱਕੇ ਹੋਣ ਵਾਲੇ 90 ਫੀਸਦੀ ਉਮੀਦਵਾਰ ਕੈਨੇਡਾ ‘ਚ ਹੀ ਹੁੰਦੇ ਹਨ, ਜਿਸ ਕਰਕੇ ਕੈਨੇਡਾ ਸਰਕਾਰ ਨੂੰ ਯਕੀਨ ਹੈ ਕਿ 2021 ‘ਚ 401000 ਨਵੇਂ ਪ੍ਰਵਾਸੀ ਵਸਾ ਲੈਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ |

Show More

Related Articles

Leave a Reply

Your email address will not be published. Required fields are marked *

Close