Punjab

ਕਿਸਾਨ ਸੰਯੁਕਤ ਮੋਰਚਾ ਕਿਸੇ ਵੀ ਸੂਬੇ ਅੰਦਰ ‘ਚ ਭਾਜਪਾ ਨੂੰ ਭਜਾਉਣ ਲਈ ਲੋਕਾਂ ਨੂੰ ਜਾਗਰੂਕ ਕਰਕੇ ਅਪੀਲ ਕਰੇਗਾ : ਡੱਲੇਵਾਲ

ਤਲਵੰਡੀ ਸਾਬੋ- ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੀ ਹੱਦ ’ਤੇ ਚੱਲ ਰਹੇ ਸੰਘਰਸ਼ ਨੂੰ ਜਿੱਤ ਵੱਲ ਲਿਜਾਣ ਹਿੱਤ ਲਾਮਬੰਦੀ ਲਈ ਬੀਕੇਯੂ (ਸਿੱਧੂਪੁਰ) ਵੱਲੋਂ ਪਿੰਡ ਜਗ੍ਹਾ ਰਾਮ ਤੀਰਥ ਵਿੱਚ ਮਿੱਟੀ ਦੇ ਪੁੱਤਾਂ ਦਾ ਮਹਾਸੰਮੇਲਨ ਕਰਵਾਇਆ ਗਿਆ।
ਇਸ ਮੌਕੇ ਬੀਕੇਯੂ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਸੰਯੁਕਤ ਮੋਰਚਾ ਦੇਸ਼ ਵਿੱਚ ਕਿਸੇ ਵੀ ਸੂਬੇ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਭਜਾਉਣ ਲਈ ਉੱਥੋਂ ਦੇ ਲੋਕਾਂ ਨੂੰ ਜਾਗਰੂਕ ਕਰਕੇ ਅਪੀਲ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਨੇ ਬੰਗਾਲ ਜਾਂ ਹੋਰ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਬੀੜਾ ਚੁੱਕਿਆ ਹੈ ਤਾਂ ਜੋ ਭਾਜਪਾ ਨੂੰ ਇਹ ਦੱਸਿਆ ਜਾ ਸਕੇ ਕਿ ਖੇਤੀ ਕਾਨੂੰਨ ਸਿਰਫ਼ ਕਿਸਾਨਾਂ?ਦਾ ਨਹੀਂ, ਬਲਕਿ ਪੂਰੇ ਦੇਸ਼ ਦੇ ਲੋਕਾਂ?ਦਾ ਮਸਲਾ ਹੈ। ਉਨ੍ਹਾਂ ਲੋਕਾਂ ਨੂੰ ਤਕੜੇ ਸੰਘਰਸ਼ ਲਈ ਲਾਮਬੰਦ ਕਰਦਿਆਂ ਕਿਹਾ ਕਿ ਸੰਘਰਸ਼ ਦੌਰਾਨ ਕੇਸ ਦਰਜ ਅਤੇ ਜੇਲ੍ਹ ਹੋਣਾ ਆਮ ਗੱਲ ਹੁੰਦੀ ਹੈ, ਇਸ ਲਈ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ ਪ੍ਰਣ ਲਿਆ ਕਿ ਕਿਸਾਨ-ਮਜ਼ਦੂਰ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ, ਭਾਵੇਂ ਉਨ੍ਹਾਂ ਨੂੰ ਕਿੰਨੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ।
ਸੂਬਾ ਪ੍ਰਧਾਨ ਨੇ ਕਿਹਾ ਕਿ ਨੌਜਵਾਨਾਂ ਦਾ ਕਿਸਾਨੀ ਸੰਘਰਸ਼ ਵਿੱਚ ਵੱਡਾ ਰੋਲ ਹੈ ਪਰ ਇਸ ਵੇਲੇ ਸੰਜਮ ਤੇ ਹੋਸ਼ ਨਾਲ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਿਆਸਤਦਾਨਾਂ ਅਤੇ ਪੂੰਜੀਪਤੀ ਘਰਾਣਿਆਂ ਦੇ ਚੁੰਗਲ ਤੋਂ ਬਚਾਉਣ ਲਈ ਲੋਕਾਂ ਨੂੰ ਇਕੱਠੇ ਹੋ ਕੇ ਲੰਮੀ ਲੜਾਈ ਲੜਨੀ ਪਵੇਗੀ। ਸ੍ਰੀ ਡੱਲੇਵਾਲ ਨੇ ਦਿੱਲੀ ਸੰਘਰਸ਼ ਵਿੱਚ ਬੈਠੇ ਕਿਸਾਨਾਂ ਦੀ ਹਾੜੀ ਦੀ ਫਸਲ ਸਾਂਭਣ ਲਈ ਪਿੰਡਾਂ ਅੰਦਰ ਟੀਮਾਂ ਬਣਾਉਣ ਦੀ ਅਪੀਲ ਵੀ ਕੀਤੀ।
ਇਸੇ ਦੌਰਾਨ ਪੰਜਾਬੀ ਫਿਲਮ ਅਦਾਕਾਰ ਯੋਗਰਾਜ ਸਿੰਘ ਨੇ ਠੱਗਾਂ ਚੋਰਾਂ ਤੋਂ ਆਪਣੀਆਂ ਇੱਜ਼ਤਾਂ, ਪੱਗਾਂ ਤੇ ਘਰ ਬਚਾਉਣ ਲਈ ਲੋਕਾਂ ਨੂੰ ਜਾਗਦੇ ਰਹਿਣ ਦਾ ਹੋਕਾ ਵੀ ਦਿੱਤਾ। ਸੰਮੇਲਨ ਵਿੱਚ ਵੱਖ ਵੱਖ ਜਥੇਬੰਦੀਆਂ, ਸੰਸਥਾਵਾਂ ਤੋਂ ਇਲਾਵਾ ਪਿੰਡ ਜਗ੍ਹਾ ਦੀ ਜੰਮਪਲ ਵਿਧਾਇਕਾ ਪ੍ਰੋ। ਬਲਜਿੰਦਰ ਕੌਰ, ਰਵੀਪ੍ਰੀਤ ਸਿੰਘ ਸਿੱਧੂ ਸਮਾਜ ਸੇਵੀ, ਜਸਵਿੰਦਰ ਸਿੰਘ ਜ਼ੈਲਦਾਰ, ਬਾਬਾ ਛੋਟਾ ਸਿੰਘ ਤੇ ਬਾਬਾ ਕਾਕਾ ਸਿੰਘ ਸੰਪਰਦਾ ਮਸਤੂਆਣਾ ਸਾਹਿਬ ਨੇ ਹਾਜ਼ਰੀ ਲਵਾਈ। ਅਖ਼ੀਰ ਵਿੱਚ ਦਿੱਲੀ ਜੇਲ੍ਹ ਕੱਟ ਕੇ ਆਏ ਕਿਸਾਨਾਂ ਦਾ ਸਨਮਾਨ ਵੀ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Close