Canada

ਕੈਨੇਡਾ ਵਿਚ ਵੈਕਸੀਨ ਦੀ ਖੇਪ ਪਹੁੰਚ ਗਈਆਂ ਹਨ ਹੁਣ ਵੈਕਸੀਨੇਸ਼ਨ ਵਿਚ ਆਵੇਗੀ ਤੇਜ਼ੀ : ਪ੍ਰਧਾਨ ਮੰਤਰੀ ਟਰੂਡੋ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਪਹੁੰਚਣ ਵਾਲੀ ਵੈਕਸੀਨ ਦੀ ਹੋਰ ਖੇਪ ਦਾ ਜਿ਼ਕਰ ਕਰਦਿਆਂ ਆਖਿਆ ਕਿ ਹੁਣ ਵੈਕਸੀਨੇਸ਼ਨ ਵਿੱਚ ਹੋਰ ਤੇਜ਼ੀ ਆ ਜਾਵੇਗੀ। ਪਰ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੁੱਝ ਕੈਨੇਡੀਅਨ ਸਰਕਾਰ ਦੇ ਇਸ ਪ੍ਰੋਟੈਕਸ਼ਨ ਟੀਚੇ ਉੱਤੇ ਯਕੀਨ ਨਹੀਂ ਕਰਦੇ।
ਵੈਕਸੀਨ ਦੀ ਡਲਿਵਰੀ ਵਿੱਚ ਪਿਛਲੇ ਕੁੱਝ ਕੁ ਹਫਤਿਆਂ ਵਿੱਚ ਵਾਧਾ ਹੋਇਆ ਹੈ, ਕੈਨੇਡਾ ਵਿੱਚ ਦੋ ਨਵੀਂਆਂ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਲੋਕ ਅਜੇ ਵੀ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਕਿ ਵੈਕਸੀਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ 52 ਫੀ ਸਦੀ ਕੈਨੇਡੀਅਨ ਇਹ ਨਹੀਂ ਮੰਨਦੇ ਕਿ ਕੈਨੇਡਾ ਆਪਣਾ ਟੀਚਾ ਪੂਰਾ ਕਰ ਲਵੇਗਾ ਜਦਕਿ 48 ਫੀ ਸਦੀ ਦਾ ਮੰਨਣਾ ਹੈ ਕਿ ਅਜਿਹਾ ਕਰ ਲਿਆ ਜਾਵੇਗਾ।
ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਆਖ ਰਹੇ ਹਨ ਕਿ ਕੈਨੇਡਾ ਵਿੱਚ ਟੀਕਾਕਰਣ ਦੀ ਰਫਤਾਰ ਸਹੀ ਢੰਗ ਨਾਲ ਵਧ ਰਹੀ ਹੈ।ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਰਕਾਰ ਰੋਜ਼ਾਨਾ ਵੱਧ ਤੋ ਵੱਧ ਵੈਕਸੀਨ ਹਾਸਲ ਕਰਨ ਤੇ ਇਸ ਦੀਆਂ ਡੋਜ਼ਾਂ ਦੀ ਸਹੀ ਵੰਡ ਕਰਨ ਲਈ ਅਣਥੱਕ ਕੋਸਿ਼ਸ਼ਾਂ ਕਰ ਰਹੀ ਹੈ। ਟਰੂਡੋ ਨੇ ਆਖਿਆ ਕਿ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਅੱਧੀ ਮਿਲੀਅਨ ਡੋਜ਼ਾਂ ਪਿਛਲੇ ਹਫਤੇ ਡਲਿਵਰ ਹੋਈਆਂ ਤੇ ਪ੍ਰੋਵਿੰਸਾਂ ਨੂੰ ਵੰਡੀਆਂ ਗਈਆਂ।
ਇਸ ਮਹੀਨੇ ਐਸਟ੍ਰਾਜ਼ੈਨੇਕਾ ਦੀਆਂ 194,000 ਡੋਜ਼ਾਂ ਓਨਟਾਰੀਓ ਨੂੰ ਹਾਸਲ ਹੋਣ ਦੀ ਉਮੀਦ ਹੈ।ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੇ ਉਤਪਾਦਨ ਨਾਲ ਸਬੰਧਤ ਕੁੱਝ ਦਿੱਕਤਾਂ ਬਾਰੇ ਚੇਤਾਵਨੀ ਮਿਲੀ ਸੀ। ਜਿ਼ਕਰਯੋਗ ਹੈ ਕਿ ਇਹ ਵਾਇਰਲ ਵੈਕਟਰ ਵੈਕਸੀਨ ਜੇ ਐਂਡ ਜੇ ਦੀ ਸਬਸਿਡਰੀ ਜੈਨਸਨ ਫਾਰਮਾਸਿਊਟੀਕਲਜ਼ ਨੇ ਤਿਆਰ ਕੀਤੀ ਹੈ ਤੇ ਇਸ ਨੂੰ ਪਿਛਲੇ ਹਫਤੇ ਹੈਲਥ ਕੈਨੇਡਾ ਵੱਲੋ ਸੇਫ ਤੇ ਪ੍ਰਭਾਵਸ਼ਾਲੀ ਐਲਾਨਿਆ ਗਿਆ ਹੈ।
ਕੈਨੇਡਾ ਨੇ ਇਸ ਵੈਕਸੀਨ ਦੀਆਂ 10 ਮਿਲੀਅਨ ਡੋਜ਼ਾਂ ਦਾ ਆਰਡਰ ਦਿੱਤਾ ਸੀ। ਕੈਨੇਡਾ ਨੂੰ ਹਾਸਲ ਹੋਣ ਵਾਲੀਆਂ ਵੈਕਸੀਨਜ਼ ਵਿੱਚ ਸਿਰਫ ਇਹੋ ਵੈਕਸੀਨ ਹੈ ਜਿਸਦੀ ਇੱਕੋ ਡੋਜ਼ ਕਾਫੀ ਹੈ। ਪਰ ਟਰੂਡੋ ਨੇ ਆਖਿਆ ਕਿ ਕੈਨੇਡਾ ਕੋਲ ਅਜੇ ਵੀ ਅਜਿਹੀ ਤਾਰੀਕ ਨਹੀਂ ਹੈ ਜਦੋਂ ਇਸ ਬਾਰੇ ਪਤਾ ਲੱਗੇ ਕਿ ਸਾਨੂੰ ਇਸ ਦੀ ਪਹਿਲੀ ਡਲਿਵਰੀ ਕਦੋਂ ਹਾਸਲ ਹੋਣੀ ਹੈ। ਕੰਪਨੀ ਨਾਲ ਕਈ ਵਾਰੀ ਹੋਈ ਗੱਲਬਾਤ ਤੋ ਵੀ ਇਹੋ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਵੈਕਸੀਨ ਦੇ ਉਤਪਾਦਨ ਵਿੱਚ ਦੇਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close