Canada

ਕੋਵਿਡ-19 ਮਹਾਂਮਾਰੀ ਕਾਰਨ ਨਵੇਂ ਇਮੀਗ੍ਰੈਂਟਸ ਨੂੰ ਦੇਸ਼ ਪਰਤਣ ਲਈ ਹੋਣਾ ਪਿਆ ਮਜਬੂਰ : ਰਿਪੋਰਟ

ਕੈਲਗਰੀ (ਦੇਸ ਪੰਜਾਬ ਟਾਈਮਜ਼)– ਕੋਵਿਡ-19 ਕਾਰਨ ਅਰਥਚਾਰੇ ਤੇ ਜਿ਼ੰਦਗੀ ਉੱਤ਼ੇ ਪੈਣ ਵਾਲੇ ਨਕਾਰਾਤਮਕ ਅਸਰ ਸਦਕਾ ਪਿੱਛੇ ਜਿਹੇ ਕੈਨੇਡਾ ਪਹੁੰਚੇ ਕੁੱਝ ਇਮੀਗ੍ਰੈਂਟਸ ਨੂੰ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ ਮਜਬੂਰ ਕਰ ਦਿੱਤਾ।
ਸਟੈਟੇਸਟਿਕਸ ਕੈਨੇਡਾ ਵੱਲੋਂ ਕਰਵਾਏ ਗਏ ਲੇਬਰ ਫੋਰਸ ਸਰਵੇਅ ਦੇ ਵਿਸ਼ਲੇਸ਼ਣ ਅਨੁਸਾਰ ਪੰਜ ਸਾਲ ਦੇ ਅਰਸੇ ਤੋਂ ਘੱਟ ਸਮੇਂ ਤੋਂ ਕੈਨੇਡਾ ਰਹਿ ਰਹੇ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 2020 ਦੇ ਅੰਤ ਤੱਕ ਚਾਰ ਫੀ ਸਦੀ ਘਟ ਕੇ 1,019,000 ਰਹਿ ਗਈ। ਇਹ ਅਜਿਹਾ ਸਰਵੇਖਣ ਹੈ ਜਿਹੜਾ 15 ਤੋਂ 65 ਸਾਲ ਦੇ ਵਰਕਰਜ਼ ਦੀ ਗਿਣਤੀ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਤੋਂ ਮਾਪਦਾ ਹੈ।
ਪਿਛਲੇ 10 ਸਾਲਾਂ ਦੇ ਮੁਕਾਬਲੇ ਇਸ ਗਿਣਤੀ ਵਿੱਚ ਔਸਤਨ ਤਿੰਨ ਫੀ ਸਦੀ ਦਾ ਵਾਧਾ ਹੋਇਆ ਹੈ। ਡਾਟਾ ਅਨੁਸਾਰ ਪਿਛਲੇ ਪੰਜ ਤੋਂ 10 ਸਾਲਾਂ ਦਰਮਿਆਨ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵੀ ਘੱਟ ਕੇ 2019 ਵਿੱਚ 1,170,000 ਤੋਂ 2020 ਵਿੱਚ 1,146,000 ਰਹਿ ਗਈ ਹੈ। ਯੂਨੀਵਰਸਟੀ ਆਫ ਕੈਲਗਰੀ ਸਕੂਲ ਆਫ ਪਬਲਿਕ ਪਾਲਿਸੀ ਦੇ ਰਿਸਰਚਰ ਰੌਬਰਟ ਫਾਲਕੋਨਰ ਨੇ ਆਖਿਆ ਕਿ ਮੰਦਵਾੜੇ ਦੇ ਅਰਸੇ ਦੌਰਾਨ ਇਮੀਗ੍ਰੈਂਟਸ ਦਾ ਆਪਣੇ ਅਸਲ ਮੁਲਕ ਪਰਤਣ ਦਾ ਇਹ ਰੁਝਾਨ ਅਸਾਧਾਰਨ ਨਹੀਂ ਹੈ।
ਜੇ ਉਨ੍ਹਾਂ ਦੀ ਨੌਕਰੀ ਖੁੱਸ ਜਾਂਦੀ ਹੈ ਤਾਂ ਉਹ ਆਪਣੇ ਦੇਸ਼ ਪਰਤ ਕੇ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਨ ਤੇ ਉਨ੍ਹਾਂ ਨੂੰ ਕਿਰਾਇਆ ਵੀ ਨਹੀਂ ਦੇਣਾ ਹੋਵੇਗਾ। ਉੱਥੇ ਉਨ੍ਹਾਂ ਨੂੰ ਕੋਈ ਸੋਸ਼ਲ ਕੁਨੈਕਸ਼ਨ ਵੀ ਮਿਲ ਸਕਦੇ ਹਨ। ਉਨ੍ਹਾਂ ਆਖਿਆ ਕਿ ਜਿਹੜੇ ਪਿਛਲੇ ਸਾਲ ਆਪਣੇ ਦੇਸ਼ ਚਲੇ ਗਏ ਤਾਂ ਜੇ ਅਰਥਚਾਰਾ ਜਲਦੀ ਲੀਹ ਉੱਤੇ ਨਹੀਂ ਆਉਂਦਾ ਤਾਂ ਉਹ ਸ਼ਾਇਦ ਕੈਨੇਡਾ ਪਰਤਣ ਹੀ ਨਾ। ਜਿੰਨਾਂ ਲੰਮਾਂ ਸਮਾਂ ਉਹ ਆਪਣੇ ਦੇਸ਼ ਰਹਿਣਗੇ ਓਨੀ ਹੀ ਇਸ ਗੱਲ ਦੀ ਉਮੀਦ ਘੱਟ ਹੈ ਕਿ ਉਹ ਕੈਨੇਡਾ ਪਰਤਣ।
ਅਗਸਤ ਵਿੱਚ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਐਨ ਅਨੁਸਾਰ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ, ਕੈਨੇਡਾ ਪਹੁੰਚੇ ਨਵੇਂ ਇਮੀਗ੍ਰੈਂਟਸ ਨੂੰ ਕੈਨੇਡਾ ਵਿੱਚ ਪੈਦਾ ਹੋਏ ਵਰਕਰਜ਼ ਦੇ ਮੁਕਾਬਲੇ ਆਪਣੇ ਕੰਮ ਤੋਂ ਜਿ਼ਆਦਾ ਹੱਥ ਧੁਆਉਣੇ ਪਏ। ਹਾਲਾਂਕਿ ਮਹਾਂਮਾਰੀ ਕਾਰਨ ਵੀ 2019 ਦੇ ਮੁਕਾਬਲੇ 2020 ਵਿੱਚ ਕੈਨੇਡਾ ਲਈ ਇਮੀਗ੍ਰੇਸ਼ਨ ਵਿੱਚ 40 ਫੀ ਸਦੀ ਦੀ ਕਮੀ ਆਈ, ਪਰ ਲਿਬਰਲ ਸਰਕਾਰ ਨੇ ਅਕਤੂਬਰ ਵਿੱਚ ਇਹ ਐਲਾਨ ਕੀਤਾ ਕਿ ਅਗਲੇ ਤਿੰਨ ਸਾਲਾਂ ਵਿੱਚ ਕੈਨੇਡਾ 1·2 ਮਿਲੀਅਨ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦੇਵੇਗਾ।
ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਦੇ ਬੁਲਾਰੇ ਨੇ ਆਖਿਆ ਕਿ ਸਰਕਾਰ ਨੂੰ ਪੂਰੀ ਆਸ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਉਹ ਇਮੀਗ੍ਰੇਸ਼ਨ ਦੇ ਆਪਣੇ ਟੀਚੇ ਪੂਰੇ ਕਰ ਲਵੇਗੀ।

Show More

Related Articles

Leave a Reply

Your email address will not be published. Required fields are marked *

Close