International

ਪੋਲੈਂਡ ਦੀ ਓਲਗਾ ਤੇ ਆਸਟ੍ਰੀਆ ਦੇ ਹੈਂਡਕੇ ਨੇ ਜਿੱਤਿਆ ਸਾਹਿਤਕ ਨੋਬਲ ਪੁਰਸਕਾਰ

ਸਟਾਕਹੋਮ  : ਸਾਹਿਤ ਦੇ ਖੇਤਰ ‘ਚ ਨੋਬਲ ਜੇਤੂਆਂ ਦੇ ਨਾਂ ਲਈ ਦੋ ਸਾਲ ਦੀ ਉਡੀਕ ਵੀਰਵਾਰ ਨੂੰ ਖ਼ਤਮ ਹੋ ਗਈ। ਨੋਬਲ ਪੁਰਸਕਾਰਾਂ ਦਾ ਪ੍ਰਬੰਧ ਸੰਭਾਲਣ ਵਾਲੀ ਸਵੀਡਿਸ਼ ਅਕਾਦਮੀ ਨੇ 2018 ਤੇ 2019 ਲਈ ਸਾਹਿਤ ਦਾ ਨੋਬਲ ਜਿੱਤਣ ਵਾਲਿਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। 2018 ਦੀ ਜੇਤੂ ਪੋਲੈਂਡ ਦੀ ਲੇਖਿਕਾ ਓਲਗਾ ਤੋਕਾਰਜੁਕ ਤੇ 2019 ਦੇ ਜੇਤੂ ਆਸਟ੍ਰੀਆ ਦੇ ਨਾਵਲਕਾਰ ਤੇ ਪਟਕਥਾ ਲੇਖਕ ਪੀਟਰ ਹੈਂਡਕੇ ਬਣੇ ਹਨ।

ਪਿਛਲੇ ਸਾਲ ਇਕ ਸੈਕਸ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਪੈਦਾ ਹੋਏ ਵਿਵਾਦ ਕਾਰਨ ਸਵੀਡਿਸ਼ ਅਕਾਦਮੀ ਨੇ ਸਾਹਿਤ ਦੇ ਜੇਤੂ ਦਾ ਐਲਾਨ ਨਹੀਂ ਕੀਤਾ ਸੀ। ਇਸ ਲਈ ਇਸ ਸਾਲ ਸਾਹਿਤ ਦੇ ਨੋਬਲ ਬਾਰੇ ਕਾਫ਼ੀ ਉਤਸੁਕਤਾ ਸੀ। 2018 ਲਈ ਜੇਤੂ ਚੁਣੀ ਗਈ ਓਲਗਾ ਨੂੰ ਪੋਲੈਂਡ ‘ਚ ਆਪਣੀ ਪੀੜ੍ਹੀ ਦੀ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਨਾਵਲਕਾਰ ਮੰਨਿਆ ਜਾਂਦਾ ਹੈ।

ਅਕਾਦਮੀ ਨੇ ਦੱਸਿਆ ਕਿ ਓਲਗਾ ਨੂੰ ਇਕ ਅਜਿਹੇ ਵਿਚਾਰ ਦੀ ਕਲਪਨਾ ਲਈ ਸਨਮਾਨ ਮਿਲਿਆ ਹੈ, ਜਿਹੜਾ ਸਰਹੱਦਾਂ ਲੰਘਣ ਦੀ ਵਿਸ਼ਵ ਪੱਧਰੀ ਚਾਹਤ ਨੂੰ ਦਰਸਾਉਂਦੀ ਹੈ। ਉੱਥੇ ਹੀ ਹੈਂਡਕੇ ਦੀਆਂ ਕਿਤਾਬਾਂ ਸਰਲ ਭਾਸ਼ਾ ‘ਚ ਮਨੁੱਖ ਦੇ ਤਜਰਬਿਆਂ ਦਾ ਨਵਾਂ ਪੱਖ ਪੇਸ਼ ਕਰਦੀਆਂ ਹਨ। ਅਕਾਦਮੀ ਨੇ ਕਿਹਾ ਹੈ ਕਿ ਹੈਂਡਕੇ ਨੇ ਖ਼ੁਦ ਨੂੰ ਯੁਰੋਪ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੇਖਕਾਂ ‘ਚ ਸ਼ਾਮਿਲ ਕਰਵਾਇਆ ਹੈ।

ਉਨ੍ਹਾਂ ਦੇ ਕੰਮ ‘ਚ ਕੁਝ ਨਵਾਂ ਲੱਭਣ ਤੇ ਉਸ ਖੋਜ ਨੂੰ ਸਾਹਿਤ ਜ਼ਰੀਏ ਜ਼ਿੰਦਗੀ ‘ਚ ਲਿਆਉਣ ਦੀ ਲਲਕ ਦਿਖਾਈ ਦਿੰਦੀ ਹੈ। ਓਲਗਾ ਤੇ ਹੈਂਡਕੇ ਦੋਵਾਂ ਨੂੰ 90-90 ਲੱਖ ਸਵੀਡਿਸ਼ ਕ੍ਰੋਨਰ (ਕਰੀਬ 6.46 ਕਰੋੜ ਰੁਪਏ) ਦੀ ਰਕਮ ਬਤੌਰ ਪੁਰਸਕਾਰ ਮਿਲੇਗੀ। 1901 ਤੋਂ ਹੁਣ ਤਕ 116 ਲੋਕਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲ ਚੁੱਕਿਆ ਹੈ। ਤੋਕਾਰਜੁਨ ਇਨ੍ਹਾਂ ‘ਚੋਂ 15ਵੀਂ ਮਹਿਲਾ ਹਨ।

57 ਸਾਲਾ ਓਲਗਾ ਦੇ ਨਾਂ ਕਈ ਬੈਸਟਸੇਲਰ ਕਿਤਾਬਾਂ ਹਨ। ਓਲਗਾ ਸੱਚ ਤੇ ਰਹੱਸ ਨੂੰ ਮਿਲਾ ਕੇ ਖ਼ਾਸ ਅੰਦਾਜ਼ ‘ਚ ਲਿਖਦੀ ਹੈ। ਸ਼ਾਕਾਹਾਰੀ ਤੇ ਵਾਤਾਵਰਨ ਪ੍ਰਰੇਮੀ ਓਲਗਾ ਦੀ ਪਛਾਣ ਇਕ ਸਫ਼ਾਰਤੀ ਕਾਰਕੁੰਨ ਦੇ ਰੂਪ ‘ਚ ਵੀ ਹੈ, ਜਿਹੜੀ ਪੋਲੈਂਡ ਦੀ ਦੱਖਣਪੰਥੀ ਸਰਕਾਰ ਦੀ ਆਲੋਚਨਾ ਕਰਨ ਤੋਂ ਵੀ ਪਿੱਛੇ ਨਹੀਂ ਹੱਟਦੀ। ਤੋਕਾਰਜੁਕ ਨੇ ਇਕ ਇੰਟਰਵਿਊ ‘ਚ ਕਿਹਾ ਸੀ, ‘ਮੇਰੋ ਕੋਲ ਆਪਣੀ ਕੋਈ ਜੀਵਨ ਨਹੀਂ ਹੈ, ਜਿਸ ਨੂੰ ਯਾਦ ਕਰ ਸਕਾਂ।

ਮੈਂ ਬਹੁਤ ਵੱਖ-ਵੱਖ ਚਰਿੱਤਰਾਂ ਰਾਹੀਂ ਬਣੀ ਹਾਂ, ਜਿਹੜੇ ਮੇਰੇ ਦਿਮਾਗ਼ ‘ਚੋਂ ਨਿਕਲੇ ਹਨ ਤੇ ਜਿਨ੍ਹਾਂ ਨੂੰ ਮੈਂ ਘੜਿਆ ਹੈ। ਉਨ੍ਹਾਂ ਦੀਆਂ ਕਿਤਾਬਾਂ ‘ਤੇ ਨਾਟਕ ਤੇ ਫਿਲਮਾਂ ਬਣ ਚੁੱਕੀਆਂ ਹਨ ਤੇ ਹਿੰਦੀ, ਜਾਪਾਨੀ ਸਮੇਤ 25 ਤੋਂ ਵੱਧ ਭਾਸ਼ਾਵਾਂ ‘ਚ ਉਨ੍ਹਾਂ ਦਾ ਅਨੁਵਾਦ ਹੋਇਆ ਹੈ। 2007 ‘ਚ ਲਿਖੇ ਨਾਵਲ ‘ਫਲਾਈਟਸ’ ਲਈ ਉਨ੍ਹਾਂ ਨੂੰ ਕਿਤਾਬ ਦੀ ਅਨੁਵਾਦਕ ਜੈਨੀਪਰ ਕ੍ਰਾਫਟ ਨਾਲ ਬੁਕਰ ਇੰਟਰਨੈਸ਼ਨਲ ਪੁਰਸਕਾਰ ਮਿਲ ਚੁੱਕਿਆ ਹੈ।

ਆਸਟ੍ਰੀਆ ਦੇ ਪੀਟਰ ਹੈਂਡਕੇ ਸਾਹਿਤ ‘ਚ ਮਿਲਣ ਵਾਲੇ ਨੋਬਲ ਦੇ ਆਲੋਚਕਾਂ ‘ਚ ਰਹੇ ਹਨ। 2014 ‘ਚ ਉਨ੍ਹਾਂ ਕਿਹਾ ਸੀ ਕਿ ਇਹ ਪੁਰਸਕਾਰ ਕੁਝ ਦੇਰ ਲੋਕਾਂ ਦਾ ਧਿਆਨ ਜੇਤੂਆਂ ਵੱਲ ਖਿੱਚਦਾ ਹੈ, ਅਖ਼ਬਾਰ ਦੇ ਕੁਝ ਪੰਨੇ ਉਸ ਲਈ ਰੰਗ ਦਿੱਤੇ ਜਾਂਦੇ ਹਨ ਤੇ ਉਸ ਨੂੰ ਨਕਲੀ ਸੰਤ ਵਰਗੀ ਉਪਾਧੀ ਮਿਲ ਜਾਂਦੀ ਹੈ।

ਹੈਂਡਕੇ 1929 ਦੇ ਨੋਬਲ ਜੇਤੂ ਤੇ ਜਰਮਨ ਸਾਹਿਤਕਾਰ ਥਾਮਸ ਮੈਨ ਨੂੰ ਕਾਫ਼ੀ ਘਟੀਆ ਲੇਖਕ ਮੰਨਦੇ ਹਨ। 1942 ‘ਚ ਪੈਦਾ ਹੋਏ ਹੈਂਡਕੇ 1966 ‘ਚ ਆਪਣੇ ਨਾਵਲ ‘ਦਿ ਹਾਰਨੈਟਸ’ ਰਾਹਾਂ ਲੋਕਾਂ ਦੀ ਨਜ਼ਰ ‘ਚ ਆਏ ਸਨ। ਉਨ੍ਹਾਂ ਦੀ ਕਿਤਾਬ ‘ਅ ਸਾਰੋ ਬਿਆਂਡ ਡ੍ਰੀਮਸ’ ਨੂੰ ਵੀ ਕਾਫੀ ਮਸ਼ਹੂਰੀ ਮਿਲੀ। 1971 ‘ਚ ਮਾਂ ਦੀ ਖ਼ੁਦਕੁਸ਼ੀ ਤੋਂ ਬਾਅਦ ਉਨ੍ਹਾਂ ਨੇ ਇਹ ਕਿਤਾਬ ਲਿਖੀ ਸੀ। ਉਹ ਕਈ ਫਿਲਮਾਂ ਦੇ ਸਕ੍ਰੀਨ ਲੇਖਕ ਵੀ ਰਹੇ ਹਨ।

ਇਸ ਸਾਲ ਨੋਬਲ ਜੇਤੂ ਦੇ ਨਾਂ ਦੇ ਐਲਾਨ ਦੀ ਸ਼ੁਰੂਆਤ ਸੋਮਵਾਰ ਨੂੰ ਡਾਕਟਰੀ ਦੇ ਜੇਤੂਆਂ ਨਾਲ ਹੋਈ ਸੀ। ਮੰਗਲਵਾਰ ਨੂੰ ਭੌਤਿਕੀ ਤੇ ਬੁੱਧਵਾਰ ਨੂੰ ਰਸਾਇਣ ਦੇ ਖੇਤਰ ‘ਚ ਨੋਬਲ ਜੇਤੂਆਂ ਦਾ ਨਾਂ ਸਾਹਮਣੇ ਆਇਆ। ਇਸ ਲੜੀ ‘ਚ ਸ਼ੁੱਕਰਵਾਰ ਨੂੰ ਸ਼ਾਂਤੀ ਦੇ ਨੋਬਲ ਜੇਤੂ ਦਾ ਨਾਂ ਦੱਸਿਆ ਜਾਵੇਗਾ।

ਅਗਲੇ ਸੋਮਵਾਰ ਨੂੰ ਅਰਥਸ਼ਾਸਤਰ ਲਈ ਨੋਬਲ ਜੇਤੂ ਦੇ ਐਲਾਨ ਦੇ ਨਾਲ ਹੀ ਇਸ ਸਾਲ ਦੇ ਜੇਤੂਆਂ ਦੇ ਐਲਾਨ ਦਾ ਕਾਰਜ ਪੂਰਾ ਹੋ ਜਾਵੇਗਾ। 10 ਦਸੰਬਰ ਨੂੰ ਅਲਪਰਡ ਨੋਬਲ ਦੀ ਬਰਸੀ ‘ਤੇ ਸਟਾਕਹੋਮ ‘ਚ ਡਾਕਟਰੀ, ਭੌਤਿਕੀ, ਰਸਾਇਣ, ਸਾਹਿਤ ਤੇ ਅਰਥਸ਼ਾਸਤਰ ਦਾ ਨੋਬਲ ਤੇ ਓਸਲੋ ‘ਚ ਸ਼ਾਂਤੀ ਦਾ ਨੋਬਲ ਦਿੱਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close