National

ਪਤੰਜਲੀ ਨੂੰ ਸੁਪਰੀਮ ਕੋਰਟ ਦੀ ਚਿਤਾਵਨੀ , ਝੂਠੇ ਦਾਅਵੇ ‘ਤੇ ਹਰ ਪ੍ਰੋਡਕਟ ਉੱਤੇ ਲੱਗੂ 1 ਕਰੋੜ ਦਾ ਜੁਰਮਾਨਾ’

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹਰਬਲ ਉਤਪਾਦ ਕੰਪਨੀ ਪਤੰਜਲੀ ਆਯੁਰਵੇਦ ਨੂੰ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਬਾਰੇ ਇਸ਼ਤਿਹਾਰਾਂ ਵਿੱਚ ‘ਝੂਠੇ’ ਅਤੇ ‘ਗੁੰਮਰਾਹਕੁੰਨ’ ਦਾਅਵੇ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ। ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜ਼ੁਬਾਨੀ ਟਿੱਪਣੀ ਕਰਦਿਆਂ ਕਿਹਾ, ‘ਪਤੰਜਲੀ ਆਯੁਰਵੇਦ ਦੇ ਅਜਿਹੇ ਸਾਰੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਅਜਿਹੀ ਕਿਸੇ ਵੀ ਉਲੰਘਣਾ ਨੂੰ ਗੰਭੀਰਤਾ ਨਾਲ ਲਵੇਗੀ…’

ਸਿਖਰਲੀ ਅਦਾਲਤ ਨੇ ਯੋਗ ਗੁਰੂ ਰਾਮਦੇਵ ‘ਤੇ ਟੀਕਾਕਰਨ ਮੁਹਿੰਮ ਅਤੇ ਆਧੁਨਿਕ ਦਵਾਈਆਂ ਵਿਰੁੱਧ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਆਈਐਮਏ ਦੀ ਪਟੀਸ਼ਨ ‘ਤੇ ਕੇਂਦਰੀ ਸਿਹਤ ਮੰਤਰਾਲੇ ਅਤੇ ਆਯੂਸ਼ ਮੰਤਰਾਲੇ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤਾ ਸੀ। ਸੰਖੇਪ ਸੁਣਵਾਈ ਦੌਰਾਨ ਬੈਂਚ ਨੇ ਪਤੰਜਲੀ ਆਯੁਰਵੇਦ ਨੂੰ ਦਵਾਈਆਂ ਦੇ ਆਧੁਨਿਕ ਤਰੀਕਿਆਂ ਵਿਰੁੱਧ ਗੁੰਮਰਾਹਕੁੰਨ ਦਾਅਵਿਆਂ ਅਤੇ ਇਸ਼ਤਿਹਾਰ ਪ੍ਰਕਾਸ਼ਿਤ ਨਾ ਕਰਨ ਲਈ ਕਿਹਾ।

ਅਦਾਲਤ ਨੇ ਕਿਹਾ ਕਿ ਬੈਂਚ ਹਰੇਕ ਉਤਪਾਦ ‘ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ‘ਤੇ ਵੀ ਵਿਚਾਰ ਕਰ ਸਕਦੀ ਹੈ ਜੇ ਇਹ ਝੂਠਾ ਦਾਅਵਾ ਕੀਤਾ ਜਾਂਦਾ ਹੈ ਕਿ ਕਿਸੇ ਖਾਸ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। ਸਿਖਰਲੀ ਅਦਾਲਤ ਨੇ ਕੇਂਦਰ ਵੱਲੋਂ ਪੇਸ਼ ਹੋਏ ਵਕੀਲ ਨੂੰ ਗੁੰਮਰਾਹਕੁੰਨ ਮੈਡੀਕਲ ਇਸ਼ਤਿਹਾਰਾਂ ਦੇ ਮੁੱਦੇ ਦਾ ਹੱਲ ਲੱਭਣ ਲਈ ਕਿਹਾ, ਜਿੱਥੇ ਕੁਝ ਬਿਮਾਰੀਆਂ ਦਾ ਸਹੀ ਇਲਾਜ ਕਰਨ ਵਾਲੀਆਂ ਦਵਾਈਆਂ ਬਾਰੇ ਦਾਅਵੇ ਕੀਤੇ ਜਾ ਰਹੇ ਹਨ।

ਬੈਂਚ ਹੁਣ ਅਗਲੇ ਸਾਲ 5 ਫਰਵਰੀ ਨੂੰ ਆਈਐਮਏ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਪਟੀਸ਼ਨ ‘ਤੇ ਨੋਟਿਸ ਜਾਰੀ ਕਰਦਿਆਂ ਸਿਖਰਲੀ ਅਦਾਲਤ ਨੇ ਐਲੋਪੈਥੀ ਅਤੇ ਐਲੋਪੈਥਿਕ ਪ੍ਰੈਕਟੀਸ਼ਨਰਾਂ ਦੀ ਅਲੋਚਨਾ ਕਰਨ ਲਈ ਰਾਮਦੇਵ ਦੀ ਸਖ਼ਤ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਡਾਕਟਰਾਂ ਅਤੇ ਇਲਾਜ ਦੀਆਂ ਹੋਰ ਪ੍ਰਣਾਲੀਆਂ ਨੂੰ ਬਦਨਾਮ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ।

ਦੱਸ ਦੇਈਏ ਕਿ ਤਤਕਾਲੀ ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਸੀ, ‘ਗੁਰੂ ਸਵਾਮੀ ਰਾਮਦੇਵ ਬਾਬਾ ਨੂੰ ਕੀ ਹੋ ਗਿਆ ਹੈ?… ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਯੋਗਾ ਨੂੰ ਪ੍ਰਸਿੱਧ ਕੀਤਾ ਸੀ। ਅਸੀਂ ਸਾਰੇ ਇਸ ਨੂੰ ਕਰਦੇ ਹਾਂ, ਪਰ, ਉਨ੍ਹਾਂ ਨੂੰ ਦੂਜੇ ਢੰਗ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ।

ਬੈਂਚ ਨੇ ਕਿਹਾ ਸੀ, “ਇਸ ਗੱਲ ਦੀ ਕੀ ਗਰੰਟੀ ਹੈ ਕਿ ਆਯੁਰਵੇਦ, ਜੋ ਵੀ ਪ੍ਰਣਾਲੀ ਅਪਣਾ ਰਹੇ ਹਨ, ਉਹ ਕੰਮ ਕਰੇਗਾ? ਤੁਸੀਂ ਇਸ਼ਤਿਹਾਰ ਦੇਖਦੇ ਹੋ ਜਿਸ ਵਿੱਚ ਸਾਰੇ ਡਾਕਟਰਾਂ ਨੂੰ ਇਉਂ ਦੋਸ਼ੀ ਠਹਿਰਾਇਆ ਜਾਂਦਾ ਹੈ ਜਿਵੇਂ ਉਹ ਕਾਤਲ ਹਨ। ‘ਵੱਡੇ ਇਸ਼ਤਿਹਾਰ ਦਿੱਤੇ ਗਏ ਹਨ’ ਆਈਐਮਏ ਨੇ ਕਈ ਇਸ਼ਤਿਹਾਰਾਂ ਦਾ ਹਵਾਲਾ ਦਿੱਤਾ ਸੀ ਜਿਸ ਵਿੱਚ ਐਲੋਪੈਥ ਅਤੇ ਡਾਕਟਰਾਂ ਨੂੰ ਕਥਿਤ ਤੌਰ ‘ਤੇ ਗਲਤ ਤਰੀਕੇ ਨਾਲ ਦਿਖਾਇਆ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close