International

ਸਿਨਸਿਨੈਟੀ ਸ਼ਹਿਰ ਦੇ 21ਵਾਂ ਸਲਾਨਾ ਤਿੰਨ ਰੋਜ਼ਾ ਕੀਰਤਨ ਸਮਾਗਮ ਵਿੱਚ ਅਮਰੀਕਾ ਅਤੇ ਕੈਨੇਡਾ ਦੀ ਸਿੱਖ ਸੰਗਤ ਨੇ ਕੀਤੀ ਸ਼ਮੂਲੀਅਤ

ਨਿਊਯਾਰਕ (ਰਾਜ ਗੋਗਨਾ)-ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ 21ਵਾਂ ਸਲਾਨਾ ਤਿੰਨ ਰੋਜਾ ਕੀਰਤਨ ਸਮਾਗਮ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਹਰ ਸਾਲ ਵਾਂਗ, ਇਸ ਵਾਰ ਵੀ ਅਮਰੀਕਾ ਅਤੇ ਕੈਨੇਡਾ ਤੋਂ ਗੁਰਸਿੱਖ ਪਰਿਵਾਰ ਅਨੰਦਮਈ ਕੀਰਤਨ ਅਤੇ ਸੰਗਤ ਲਈ ਕਈ ਘੰਟਿਆਂ ਦੀ ਯਾਤਰਾ ਕਰਕੇ ਇੱਥੇ  ਪਹੁੰਚੇ।ਹਰ ਸਾਲ ਦੀ ਤਰ੍ਹਾਂ ਸਿਨਸਿਨੈਟੀ ਅਤੇ ਲਾਗਲੇ ਸ਼ਹਿਰਾਂ ਡੇਟਨ ਆਦਿ ਦੀ ਸੰਗਤ ਇਸ ਸਾਲਾਨਾ ਸਮਾਗਮ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀ ਹੈ। ਅਤੇ ਗੁਰੂ ਸਾਹਿਬ ਤੇ ਗੁਰੂ ਜੀ ਦੇ ਪਿਆਰੇ ਸਿੱਖਾਂ ਦੀ ਸੰਗਤ ਵਿੱਚ ਤਿੰਨ ਦਿਨ ਬਿਤਾਉਣ ਲਈ ਉਤਸੁਕ ਰਹਿੰਦੀ ਹੈ।ਇਸ ਸਮਾਗਮ ਵਿੱਚ ਭਾਗ ਲੈਣ ਲਈ ਟੋਰਾਂਟੋ, ਬਰੈਂਪਟਨ ਸੈਨ ਫਰੈਂਸਿਸਕੋ ਅਤੇ ਹੋਰ ਦੂਰ-ਦੁਰਾਡੇ ਤੋਂ ਸੰਗਤ ਪੁੱਜੀ ਸੀ।ਅਤੇ ਜਿੰਨਾਂ ਨੇ ਰਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਤਿੰਨ ਦਿਨ ਕੀਰਤਨੀਆਂ ਵੱਲੋਂ, ਕੁੱਲ 18 ਘੰਟੇ, ਜਿਸ ਵਿੱਚ ਬੱਚੇ ਅਤੇ ਨੋਜਵਾਨ ਵੀ ਸ਼ਾਮਲ ਸਨ ਗੁਰਬਾਣੀ ਦਾ ਮਨੋਹਰ ਕੀਰਤਨ ਗਾਇਨ ਕੀਤਾ। ਸਵੇਰੇ ਰੋਜਾਨਾ ਨਿਤਨੇਮ ਤੋਂ ਬਾਦ ਆਸਾ ਦੀ ਵਾਰ ਦਾ ਕੀਰਤਨ ਗਾਇਨ ਵੀ ਕੀਤਾ ਗਿਆ। ਕੀਰਤਨ ਦੌਰਾਨ ਕੋਈ ਘੋਸ਼ਣਾ ਨਹੀਂ ਕੀਤੀ ਗਈ ਅਤੇ ਸਾਰੇ ਕੀਰਤਨ ਕਰਨ ਵਾਲੇ ਸੇਵਾਦਾਰਾਂ ਨੂੰ ਪਹਿਲਾਂ ਹੀ ਵਾਰੀ ਅਤੇ ਸਮਾਂ ਦਿੱਤਾ ਗਿਆ ਸੀ। ਕਿਸੇ ਹੋਰ ਨੇ ਕੀਰਤਨ ਕਰਨ ਲਈ ਵਾਰੀ ਮੰਗਣ ਬਾਰੇ ਸੋਚਿਆ ਵੀ ਨਹੀਂ ਕਿਉਂਕਿ ਸਾਰੇ ਕੀਰਤਨ ਦੋਰਾਨ ਨਾਮ ਦੇ ਪ੍ਰੇਮ ਵਿੱਚ ਰੰਗੇ ਹੋਏ ਸਨ। ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਸੰਗਤ ਵਿੱਚ ਬੈਠੇ ਕਿਸੇ ਨੂੰ ਘਰ ਜਾਣ ਜਾਂ ਸੌਣ ਦੀ ਕੋਈ ਇੱਛਾ ਨਹੀਂ ਸੀ।  ਲੰਗਰ ਵਿੱਚ ਸੇਵਾ ਨਿਰੰਤਰ ਚੱਲਦੀ ਰਹੀ ਅਤੇ ਨਾਮ ਦੀ ਗੂੰਜ ਮਹਿਸੂਸ ਹੁੰਦੀ ਰਹੀ।ਦੱਸਣਯੋਗ ਹੈ ਕਿ ਸਿਨਸਿਨੈਟੀ ਵਿਖੇ ਸਾਲ 2003 ਵਿੱਚ ਸੰਗਤਾਂ ਦੇ ਸਹਿਯੋਗ ਨਾਲ ਇਸ ਸਲਾਨਾ ਕੀਰਤਨ ਸਮਾਗਮ ਨੂੰ ਸ਼ੁਰੂ ਕਰਨ ਵਾਲੇ ਨੋਜਵਾਨ ਭਾਈ ਜੈਪਾਲ ਸਿੰਘ, ਜੋ ਬੀਤੇ ਸਾਲ ਮਈ ਮਹੀਨੇ ਵਿੱਚ 41 ਸਾਲ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਕਾਰਨ ਸੰਗਤਾਂ ਨੂੰ ਵਿਛੋੜਾ ਦੇ ਗਏ ਸਨ। ਹੁਣ ਉਹਨਾਂ ਦੇ ਦੁਨੀਆ ਤੋ ਜਾਣ ਤੋਂ ਬਾਦ ਵੀ ਸਾਰੀ ਸੰਗਤ ਨੇ ਇਸ ਨੂੰ ਜਾਰੀ ਰੱਖਦੇ ਹੋਏ ਇਸ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਹੜਾ ਉੱਦਮ ਅਤੇ ਸਿੱਖੀ ਦਾ ਬੂਟਾ ਜੈਪਾਲ ਸਿੰਘ ਨੇ ਬੀਜਿਆ ਸੀ, ਉਸ ਸਮੇਂ ਜਿਹੜੇ ਬੱਚੇ 6-7 ਸਾਲ ਦੀ ਉਮਰ ਦੇ ਸਨ, ਹੁਣ ਉਹਨਾਂ ਸਭਨਾਂ ਨੋਜਵਾਨਾਂ ਵਲੋਂ ਇਹਨਾਂ ਸਮਾਗਮਾਂ ਵਿੱਚ ਕੀਰਤਨ ਦੀ ਸੇਵਾ ਹਾਲੇ ਵੀ ਜਾਰੀ ਹੈ।ਸੰਗਤਾਂ ਨੇ ਇਹ ਅਰਦਾਸ ਕੀਤੀ ਕਿ ਇਸ ਸਲਾਨਾ ਸਮਾਗਮ ਦਾ ਆਯੋਜਨ ਸਤੰਬਰ ਜਾਂ ਅਕਤੂਬਰ ਮਹੀਨੇ ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਨੇੜੇ ਹੁੰਦਾ ਰਹੇ।ਅਤੇ ਇਸੇ ਤਰਾਂ ਹਰ ਸਾਲ ਦੂਰ ਦੁਰਾਂਡੇ ਤੋਂ ਆਕੇ ਸੰਗਤ ਗੁਰਬਾਣੀ ਕੀਰਤਨ ਦਾ ਅਨੰਦ ਮਾਨਣ ਲਈ ਇੱਥੇ ਜੁੜਦੀ ਰਹੇ।

Show More

Related Articles

Leave a Reply

Your email address will not be published. Required fields are marked *

Close