International

ਅਮਰੀਕਾ ਦੇ ਸ਼ਹਿਰ ਸ਼ਾਰਲਟ ਵਿਖੇ ਕਰਵਾਇਆ ਗਿਆ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ

ਨਿਊਯਾਰਕ (ਰਾਜ ਗੋਗਨਾ)-ਬੀਤੇ ਦਿਨ  ਸਿੱਖ ਯੂਥ ਅਲਾਇੰਸ ਆਫ਼ ਨੌਰਥ ਅਮਰੀਕਾ (ਸਿਆਨਾ) ਵਲੋਂ ਕਰਵਾਏ ਜਾਂਦੇ ਸਲਾਨਾ ਤਿੰਨ ਰੋਜ਼ਾ ਸਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ- 2023 ਸੰਬੰਧੀ ਮੁਕਾਬਲੇ ਅਮਰੀਕਾ ਦੇ ਸੂਬੇ ਨੌਰਥ ਕੈਰੋਲਾਈਨਾ ਦੇ ਸ਼ਹਿਰ ਸ਼ਾਰਲਟ ਵਿਖੇ ਆਯੋਜਿਤ ਕੀਤੇ ਗਏ।ਗੁਰਦੁਆਰਾ ਸਾਹਿਬ ਸ਼ਾਰਲਟ ਵਿਖੇ ਹੋਏ ਪ੍ਰੋਗਰਾਮਾਂ ਵਿਚ ਅਮਰੀਕਾ ਅਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 60 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ।ਸਿਮਪੋਜ਼ੀਅਮ ਅਤੇ ਸੰਸਥਾ ਦੇ ਰਾਸ਼ਟਰੀ ਕਨਵੀਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਿਆਨਾ ਸੰਸਥਾ ਵਲੋਂ ਇਹ ਸਮਾਗਮ ਸਾਲ 2000 ਤੋਂ ਹਰ ਸਾਲ ਮਾਰਚ-ਅਪਰੈਲ ਦੇ ਮਹੀਨੇ ਵਿੱਚ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਿਰ ਰਾਜ ਪੱਧਰੀ, ਦੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ।ਜਿਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਅਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿੱਚ ਜਾਂਦੇ ਹਨ।ਉਹਨਾਂ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੇ ਉਸ ਦੇ ਵਿਚੋਂ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਵਿੱਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਬੇਸਿਕ ਨੋਲੇਜ ਆਫ ਸਿੱਖਇਜ਼ਮ”, ਦੂਜੇ ਨੂੰ “ਸਿੱਖ ਸਾਖੀਜ਼ ਫਾਰ ਯੂਥ”, ਤੀਜੇ ਨੂੰ “ਦੀ ਟਰਬਨ”, ਅਤੇ ਚੌਥੇ ਨੂੰ “ਗੁਰੂ ਗ੍ਰੰਥ  ਸਾਹਿਬ – ਸੁਪਰੀਮ ਟਰੇਜ਼ਰ” ਕਿਤਾਬ ਦਿੱਤੀ ਗਈ। ਜਿਸ ਵਿੱਚੋਂ ਉਹਨਾਂ ਨੂੰ ਦਿੱਤੇ ਗਏ ਸਵਾਲਾਂ ਦੇ ਜਵਾਬ ਵਿੱਚ ਭਾਸਨ ਦਿੱਤੇ। ਗਰੁਪ 5 ਨੂੰ “ਸਿੱਖ ਜੀਵਨ ਜਾਚ / ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ” ਦਾ ਵਿਸ਼ਾ ਦਿੱਤਾ ਗਿਆ ਸੀ।ਪਹਿਲੇ ਦਿਨ ਗਰੁੱਪ ਇੱਕ ਤੋਂ ਤਿੰਨ ਤੱਕ ਦੇ ਫਾਈਨਲ ਵਿਚ ਪਹੁੰਚੇ ਬੱਚਿਆਂ ਦੇ ਭਾਸ਼ਨ ਹੋਏ। ਦੂਜੇ ਦਿਨ ਚੋਥੇ ਗਰੁੱਪ ਦੇ ਭਾਸ਼ਣ ਉਪਰੰਤ ਪੰਜਵੇਂ ਗਰੁੱਪ ਵਿਚ ਭਾਗ ਲੈਣ ਵਾਲੇ 16 ਤੋਂ 22 ਸਾਲਾਂ ਦੇ 9 ਨੌਜਵਾਨ ਮੁੱਡੇ ਅਤੇ ਕੁੜੀਆਂ ਨੇ “ਸਿੱਖ ਜੀਵਨ ਜਾਂਚ / ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ” ਸੰਬੰਧੀ ਡਿਬੇਟ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਹ ਡਿਬੇਟ ਲਗਭਗ ਤਿੰਨ ਘੰਟੇ ਤੱਕ ਚੱਲੀ ਅਤੇ ਇਸ ਵਿੱਚ ਸ਼ੁਰੂਆਤੀ ਬਿਆਨ, ਪੁੱਛੇ ਗਏ ਪ੍ਰਸ਼ਨਾਂ ਅਤੇ ਜਵਾਬ ਦੇ ਨਾਲ ਸੰਬੰਧਤ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਅਤੇ ਸਮਾਪਤੀ ਦਾ ਬਿਆਨ ਸ਼ਾਮਲ ਸਨ। ਡਿਬੇਟ ਦੇ ਸੰਚਾਲਕ ਨਿਉਯਾਰਕ ਤੋਂ ਡਾ. ਸਤਪਾਲ ਸਿੰਘ ਸਨ, ਜਿਨ੍ਹਾਂ ਨੇ ਵਿਚਾਰ ਵਟਾਂਦਰੇ ਨੂੰ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ।ਇਹਨਾਂ ਸਲਾਨਾ ਫਾਈਨਲ ਮੁਕਾਬਲਿਆਂ ਦਾ ਇਕ ਹੋਰ ਮੁੱਖ ਆਕਰਸ਼ਨ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸ਼ਾਮ ਦਾ ਇਕ ਵਿਸ਼ੇਸ਼ ਪ੍ਰੋਗਰਾਮ ਹੈ ਜਿਸ ਵਿਚ ਸਾਰੇ ਬੁਲਾਰਿਆਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਾਲ ਇਹ ਵਿਸ਼ੇਸ਼ ਪ੍ਰੋਗਰਾਮ ਸ਼ਾਰਲਟ ਡਾਉਨਟਾਊਨ ਵਿੱਚ ਸਥਿੱਤ ਡਿਸਕਵਰੀ ਸਾਇੰਸ ਮਿਉਜ਼ੀਅਮ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ ਜਿੱਥੇ ਬੱਚਿਆਂ ਨੇ ਪਰਿਵਾਰਾਂ ਸਮੇਤ ਮਿਉਜ਼ੀਅਮ ਵਿੱਚ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਖੇਡਾਂ ਦਾ ਵੀ ਆਨੰਦ ਮਾਨਿਆ। ਗੁਰਮੀਤ ਕੌਰ ਦੁਆਰਾ ਲਿਖੀਆਂ ਕਹਾਣੀਆਂ ਦੀਆਂ ਪੁਸਤਕਾਂ ਵਿੱਚੋਂ “ਚਿੜੀ ਤੇ ਪਿੱਪਲ” ਕਹਾਣੀ ‘ਤੇ ਆਧਾਰਿਤ ਸ਼ਾਰਲਟ ਦੇ ਬੱਚਿਆਂ ਵੱਲੋਂ ਖੇਡੇ ਗਏ ਨਾਟਕ ਦਾ ਵੀ ਸਭਨਾਂ ਨੇ ਆਨੰਦ ਮਾਣਿਆ।ਸਿਮਪੋਜ਼ੀਅਮ ਦੇ ਅਖੀਰਲੇ ਦਿਨ ਗੁਰਦੂਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਗਿਆ। ਭਾਸ਼ਨ ਪ੍ਰਤੀਯੋਗਤਾ ਵਿੱਚ ਪਹਿਲੇ ਗਰੁੱਪ ਵਿਚ ਮਿਸੀਸਾਗਾ ਕੈਨੇਡਾ ਤੋਂ ਕੇਸਰ ਸਿੰਘ, ਦੂਜੇ ਵਿੱਚ ਨਿਊਜਰਸੀ ਤੋਂ ਪਾਹੁਲ ਕੌਰ, ਤੀਜੇ ਵਿਚ ਟੈਕਸਾਸ ਤੋਂ ਤੇਜਸ ਸਿੰਘ, ਚੌਥੇ ਵਿੱਚ ਸਾਂਝਾ ਪਹਿਲਾ ਸਥਾਨ ਸਿਆਟਲ ਤੋਂ ਅਮਾਨਤ ਕੌਰ ਤੇ ਮਿਸੀਸਾਗਾ ਤੋਂ ਜਸਲੀਨ ਕੌਰ ਅਤੇ ਪੰਜਵੇਂ ਗਰੁੱਪ ਵਿਚ ਹੈਮਿਲਟਨ ਤੋਂ ਸਹਿਜ ਸਿੰਘ ਪਹਿਲੇ ਸਥਾਨ ‘ਤੇ ਰਹੇ। ਭਾਸ਼ਨ ਪ੍ਰਤੀਯੋਗਤਾ ਵਿੱਚ ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਪੁਰਸਕਾਰ “ਡਿਸਟਿਗਯੂਟਿਸ਼ਡ ਸਪੀਕਰ ਅਵਾਰਡ” ਦਿੱਤਾ ਗਿਆ।ਸਿਆਨਾ ਸੰਸਥਾ ਦੇ ਕਨਵੀਨਰ ਸ: ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆ ਨੂੰ ਜਿੱਥੇ ਸਿੱਖ ਇਤਿਹਾਸ, ਗੁਰਬਾਣੀ, ਧਰਮ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵਲੋਂ ਵਧੀਆ ਤੋਂ ਵਧੀਆ ਭਾਸ਼ਣ ਤਿਆਰ ਕੀਤੇ ਅਤੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ। ਹਰ ਉਮਰ ਦੇ ਸੇਵਾਦਾਰਾਂ ਦੁਆਰਾ ਤਨ, ਮਨ ਤੇ ਧਨ ਨਾਲ ਲੰਗਰ ਤੇ ਹੋਰ ਸੇਵਾਵਾਂ ਕੀਤੀਆਂ ਗਈਆਂ। ਉਹਨਾਂ ਸਮਾਗਮ ਨੂੰ ਸਫਲਤਾਪੂਰਵਕ ਆਯੋਜਤ ਕਰਨ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ।

Show More

Related Articles

Leave a Reply

Your email address will not be published. Required fields are marked *

Close