Canada

43ਵੀਂ ਫੈਡਰਲ ਚੋਣਾਂ ‘ਚ 50 ਦਿਨ ਬਾਕੀ…

ਟੋਰਾਂਟੋ : ਕੈਨੇਡਾ ਦੀ (43ਵੀਂ) ਫੈਡਰਲ ਚੋਣਾਂ ‘ਚ 50 ਦਿਨ ਬਾਕੀ ਰਹਿੰਦੇ ਹਨ | ਇਸ ਦੌਰਾਨ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਤਿਆਰੀਆਂ ਤੇਜ਼ੀ ਨਾਲ ਕਰ ਦਿੱਤੀਆਂ ਗਈਆਂ ਹਨ ਅਤੇ ਚੋਣਾਂ ਵਾਸਤੇ ਲੋੜੀਂਦੀ ਸਮਗਰੀ ਛਪਾ ਕੇ ਸਾਰੇ 338 ਹਲਕਿਆਂ ‘ਚ ਭੇਜੀ ਜਾ ਰਹੀ ਹੈ | ਮੁੱਖ ਰਾਜਨੀਤਕ ਪਾਰਟੀਆਂ ਦੇ ਆਗੂ ਹਰੇਕ ਹਲਕੇ ‘ਚ ਆਪਣੇ ਉਮੀਦਵਾਰ ਉਤਾਰਨ, ਚੋਣ ਪ੍ਰਚਾਰ ਅਤੇ ਅਕਤੂਬਰ ਵਿਚ ਸ਼ੁਰੂ ਹੋਣ ਵਾਲੀ ਸਿਲਸਿਲੇਵਾਰ ਬਹਿਸ ਦੀਆਂ ਤਿਆਰੀਆਂ ਵਿਚ ਜੁਟੇ ਹਨ | ਪਤਾ ਲੱਗਾ ਹੈ ਕਿ ਸਤੰਬਰ ਦੇ ਦੂਸਰੇ ਹਫ਼ਤੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਗਵਰਨਰ ਜਨਰਲ ਜੂਲੀ ਪੇਅਟ ਨੂੰ ਮਿਲ ਕੇ ਸੰਸਦ ਭੰਗ ਕਰਨ ਤੋਂ ਬਾਅਦ ਪਾਰਲੀਮਾਨੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ | ਹਾਲ ਦੀ ਘੜੀ ਉਮੀਦਵਾਰ ਐਲਾਨਣ ਵਿਚ ਕੰਜ਼ਰਵੇਟਿਵ ਪਾਰਟੀ ਮੋਹਰੀ ਹੈ ਜਿਸ ਨੇ 332 ਹਲਕਿਆਂ ਵਿਚ ਉਮੀਦਵਾਰ ਉਤਾਰ ਦਿੱਤੇ ਹਨ | ਸੱਤਾਧਾਰੀ ਲਿਬਰਲ ਪਾਰਟੀ ਦੇ ਟਰੂਡੋ ਸਮੇਤ 273 ਉਮੀਦਵਾਰ ਐਲਾਨੇ ਜਾ ਚੁੱਕੇ ਹਨ | ਕੈਨੇਡਾ ‘ਚ ਤੀਸਰੇ ਨੰਬਰ ਦੀ ਵੱਡੀ ਪਾਰਟੀ, ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਹੈ ਪਰ ਉਮੀਦਵਾਰਾਂ ਦੀ ਗਿਣਤੀ ਵਿਚ ਐਨ.ਡੀ.ਪੀ. ਅਜੇ ਗਰੀਨ ਪਾਰਟੀ ਤੋਂ ਅਤੇ ਸਤੰਬਰ 2018 ‘ਚ ਨਵੀਂ ਹੋਂਦ ਵਿਚ ਆਈ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਤੋਂ ਪਛੜੀ ਹੋਈ ਹੈ | ਪੀ.ਪੀ.ਸੀ. 314 ਅਤੇ ਗਰੀਨ ਪਾਰਟੀ ਦੇ ਆਗੂ 274 ਉਮੀਦਵਾਰ ਪੇਸ਼ ਕਰ ਚੁੱਕੇ ਹਨ ਜਦ ਕਿ ਐਨ.ਡੀ.ਪੀ. ਕੋਲ ਅਜੇ 148 ਉਮੀਦਵਾਰ ਹਨ | ਜਾਣਕਾਰੀ ਅਨੁਸਾਰ ਸਰਵੇਖਣਾਂ ‘ਚ ਪਛੜੇ ਹੋਣ ਕਾਰਨ ਇਸ ਵਾਰ ਐਨ.ਡੀ.ਪੀ. ਨੂੰ ਦੇਸ਼ ਦੇ ਪੇਂਡੂ ਖੇਤਰਾਂ (ਜਿੱਥੇ ਆਮ ਤੌਰ ‘ਤੇ ਕੰਜ਼ਰਵੇਟਿਵ ਪਾਰਟੀ ਦਾ ਜ਼ੋਰ ਹੁੰਦਾ ਹੈ) ‘ਚ ਉਮੀਦਵਾਰ ਮੁਸ਼ਕਿਲ ਨਾਲ ਮਿਲ ਰਹੇ ਹਨ | ਦੂਸਰੇ ਪਾਸੇ ਪ੍ਰਵਾਸੀ ਭਾਈਚਾਰਿਆਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ (ਵਿਸ਼ੇਸ਼ ਤੌਰ ‘ਤੇ ਸ਼ਹਿਰਾਂ) ‘ਚ ਉਮੀਦਵਾਰ ਉਤਾਰਨੇ ਹਰੇਕ ਪਾਰਟੀ ਲਈ ਵੱਧ ਆਸਾਨ ਹੋ ਰਿਹਾ ਹੈ | ਐਨ.ਡੀ.ਪੀ. ਨੂੰ ਸਭ ਤੋਂ ਵੱਧ ਹੁੰਗਾਰਾ ਬਿ੍ਟਿਸ਼ ਕੋਲੰਬੀਆ ਤੋਂ ਮਿਲਦਾ ਜਾਪਦਾ ਹੈ ਜਿੱਥੋਂ ਕੁੱਲ 42 ਸੀਟਾਂ ‘ਚੋਂ 30 ਉਮੀਦਵਾਰ ਐਲਾਨੇ ਜਾ ਚੁੱਕੇ ਹਨ | ਅਲਬਰਟਾ ਵਿਚ ਕੰਜ਼ਰਵੇਟਿਵ ਪਾਰਟੀ ਦੀ ਹੂੰਝਾ ਫੇਰ ਜਿੱਤ ਦੇ ਆਸਾਰ ਦੱਸੇ ਜਾ ਰਹੇ ਹਨ ਜਿੱਥੇ ਐਨ.ਡੀ.ਪੀ ਨੂੰ ਅਜੇ 5 ਉਮੀਦਵਾਰ ਮਿਲੇ ਹਨ | ਇਸ ਦੇ ਉਲਟ ਨਵੀਂ ਪੀ.ਪੀ.ਸੀ. ਸਾਰੀਆਂ 34 ਸੀਟਾਂ ‘ਤੇ ਉਮੀਦਵਾਰ ਦੇ ਚੁੱਕੀ ਹੈ | ਗਰੀਨ ਪਾਰਟੀ ਕੋਲ 20 ਅਤੇ ਲਿਬਰਲ ਕੋਲ ਅਲਬਰਟਾ ‘ਚ 13 ਉਮੀਦਵਾਰ ਹਨ | ਉਂਟਾਰੀਓ ‘ਚ 121 ਸੀਟਾਂ ਤੋਂ ਕੰਜ਼ਰਵੇਟਿਵ ਮੋਹਰੀ ਹਨ ਅਤੇ ਉਨ੍ਹਾਂ ਵਲੋਂ ਸਾਰੀਆਂ ਸੀਟਾਂ ਦੇ ਉਮੀਦਵਾਰ ਪੇਸ਼ ਕੀਤੇ ਜਾ ਚੁੱਕੇ ਹਨ | ਲਿਬਰਲ ਪਾਰਟੀ ਨੇ ਹੁਣ ਤੱਕ 108 ਅਤੇ ਐਨ.ਡੀ.ਪੀ. ਨੇ 71 ਉਮੀਦਵਾਰ ਸਾਹਮਣੇ ਲਿਆਂਦੇ ਹਨ | ਪੀ.ਪੀ.ਸੀ ਕੋਲ ਹੁਣ ਤੱਕ 116 ਹਲਕਿਆਂ ਵਿਚ ਉਮੀਦਵਾਰ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਸਰਵੇਖਣਾਂ ‘ਚ ਸਾਲ ਕੁ ਪਹਿਲਾਂ ਨਵੀਂ ਬਣੀ ਪੀ.ਪੀ.ਸੀ. ਦੀ ਹਰਮਨ ਪਿਆਰਤਾ ਮਾਮੂਲੀ (2 ਕੁ ਫ਼ੀਸਦੀ ਤੱਕ) ਦੱਸੀ ਜਾ ਰਹੀ ਹੈ ਜਦ ਕਿ ਉਸ ਪਾਰਟੀ ਕੋਲ ਉਮੀਦਵਾਰਾਂ ਦੀ ਕਮੀ ਨਹੀਂ ਹੈ | ਕਿਊਬਕ ਵਿਚ ਕੁੱਲ 78 ਸੀਟਾਂ ਹਨ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਉਮੀਦਵਾਰ ਪੂਰੇ ਕਰਨ ਦੇ ਨੇੜੇ ਹਨ ਪਰ ਐਨ.ਡੀ.ਪੀ. ਪਛੜੀ ਹੋਈ ਹੈ ਅਤੇ ਮਸਾਂ 22 ਉਮੀਦਵਾਰ ਐਲਾਨੇ ਜਾ ਸਕੇ ਹਨ |

Show More

Related Articles

Leave a Reply

Your email address will not be published. Required fields are marked *

Close