International

ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਡੈਰਕ ਚੌਵਿਨ ਨੂੰ ਸਾਢੇ 22 ਸਾਲ ਕੈਦ

ਸੈਕਰਾਮੈਂਟੋ -ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰਕ ਚੌਵਿਨ ਨੂੰ ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਅਦਾਲਤ ਨੇ ਸਾਢੇ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 45 ਸਾਲਾ ਚੌਵਿਨ ਨੂੰ ਤਕਰੀਬਨ 15 ਸਾਲ ਜੇਲ ਦੀਆਂ ਸਲਾਖਾਂ ਪਿਛੇ ਕਟਣੇ ਪੈਣਗੇ। ਹੈਨੇਪਿਨ ਕਾਊਂਟੀ ਅਦਾਲਤ ਦੇ ਜੱਜ ਪੀਟਰ ਕਾਹਿਲ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ‘ ਮੇਰਾ ਨਿਰਨਾ ਜਜ਼ਬਾਤਾਂ ਜਾਂ ਹਮਦਰਦੀ ਉਪਰ ਅਧਾਰਤ ਨਹੀਂ ਹੈ ਫਿਰ ਵੀ ਮੈ ਮਾਮਲੇ ਨਾਲ ਜੁੜੇ ਸਾਰੇ ਪਰਿਵਾਰਾਂ ਖਾਸ ਤੌਰ ‘ਤੇ ਫਲਾਇਡ ਪਰਿਵਾਰ ਨੂੰ ਪਹੁੰਚੇ ਗਹਿਰੇ ਸਦਮੇ ਨੂੰ ਪ੍ਰਵਾਨ ਕਰਦਾ ਹਾਂ।’ ਜੱਜ ਨੇ ਹੋਰ ਕਿਹਾ ਚੌਵਿਨ ਨੇ ਭਰੋਸਾ ਤੋੜਿਆ ਹੈ ਤੇ ਉਹ ਫਲਾਇਡ ਨਾਲ ਬਹੁਤ ਹੀ ਕਰੂਰਤਾ ਨਾਲ ਪੇਸ਼ ਆਇਆ। ਚੌਵਿਨ ਨੂੰ ਇਸ ਸਾਲ ਅਪਰੈਲ ਵਿਚ ਅਦਾਲਤ ਨੇ 46 ਸਾਲਾ ਫਲਾਇਡ ਦੀ ਸੈਕੰਡ ਤੇ ਥਰਡ ਡਿਗਰੀ ਹੱਤਿਆ ਲਈ ਦੋਸ਼ੀ ਕਰਾਰ ਦਿੱਤਾ ਸੀ ਤੇ ਉਸ ਨੂੰ ਜਿਨਾਂ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ, ਉਨਾਂ ਤਹਿਤ 30 ਸਾਲ ਤੱਕ ਸਜ਼ਾ ਹੋ ਸਕਦੀ ਸੀ। ਫਲਾਇਡ ਪਰਿਵਾਰ ਦੇ ਮੈਂਬਰਾਂ, ਵਕੀਲਾਂ ਤੇ ਸਮਾਜਿਕ ਕਾਰਕੁੰਨਾਂ ਨੇ ਚੌਵਿਨ ਪ੍ਰਤੀ ਵਰਤੀ ਨਰਮੀ ਲਈ ਅਦਾਲਤ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਦਿੱਤੀ ਗਈ ਸਜ਼ਾ ਨਾਲ ਸੰਤੁਸ਼ਟ ਨਹੀਂ ਹਨ। ਜਾਰਜ ਫਲਾਇਡ ਦੇ ਭਤੀਜੇ ਬਰੈਨਡਨ ਵਿਲਿਅਮਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਢੇ 22 ਸਾਲ ਸਜ਼ਾ ਕਾਫੀ ਨਹੀਂ ਹੈ। ਉਨਾਂ ਕਿਹਾ ਕਿ ਘੱਟ ਸਜ਼ਾ ਦੇ ਕੇ ਅਸੀਂ ਦੇਸ਼ ਨੂੰ ਕਿਸ ਤਰਾਂ ਦਾ ਸੰਦੇਸ਼ ਦੇਣਾ ਚਹੁੰਦੇ ਹਾਂ? ਦੂਸਰੇ ਪਾਸੇ ਮਿਨੀਏਸੋਟਾ ਦੇ ਅਟਾਰਨੀ ਜਨਰਲ ਕੀਥ ਐਲੀਸਨ ਨੇ ਸਜ਼ਾ ਨੂੰ ” ਦੇਸ਼ ਲਈ ਅਹਿਮ ਪਲ’ ਕਿਹਾ ਹੈ। ਉਨਾਂ ਕਿਹਾ ਕਿ ਮਾਮਲੇ ਦਾ ਨਤੀਜ਼ਾ ਵਿਸ਼ੇਸ਼ ਮਹੱਤਵ ਰੱਖਦਾ ਹੈ ਪਰੰਤੂ ਇਹ ਆਪਣੇ ਆਪ ਵਿਚ ਕਾਫੀ ਨਹੀਂ ਹੈ। ਸਮਾਜ ਨੂੰ ਬਦਲਣ ਲਈ ਸਾਨੂੰ ਬਹੁਤ ਕੁਝ ਕਰਨਾ ਪਵੇਗਾ। ਇਸ ਨਿਰਨੇ ਨੇ ਇਕ ਰਾਹ ਵਿਖਾਇਆ ਹੈ ਜੋ ਰਾਹ ਨਿਆਂ ਵਲ ਜਾਂਦਾ ਹੈ।” ਨਿਰਨੇ ਤੋਂ ਪਹਿਲਾਂ ਅਦਾਲਤ ਵਿਚ ਚੌਵਿਨ ਨੇ ਫਲਾਇਡ ਦੇ ਪਰਿਵਾਰ ਪ੍ਰਤੀ ਹਮਦਰਦੀ ਜਰੂਰ ਪ੍ਰਗਟਾਈ ਪਰੰਤੂ ਆਪਣੇ ਗੁਨਾਹ ਲਈ ਮੁਆਫੀ ਨਹੀਂ ਮੰਗੀ।

Show More

Related Articles

Leave a Reply

Your email address will not be published. Required fields are marked *

Close