Punjab

6 ਜੂਨ ਤੱਕ ਅੰਮ੍ਰਿਤਸਰ ਬਣਿਆ ਰਹੇਗਾ ਨੀਮ ਫ਼ੌਜੀ ਤੇ ਪੁਲਿਸ ਬਲਾਂ ਦੀ ਛਾਉਣੀ

ਕੁਝ ਵੱਖਵਾਦੀ ਕਿਸਮ ਦੀਆਂ ਜੱਥੇਬੰਦੀਆਂ ਸਮੇਤ ਬਹੁਤ ਸਾਰੇ ਸਿੱਖ ਸੰਗਠਨਾਂ ਨੇ ਆਉਂਦੀ 6 ਜੂਨ ਨੂੰ ਆਪਰੇਸ਼ਨ ਬਲੂ–ਸਟਾਰ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ 35ਵੀਂ ਬਰਸੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਸਰਕਾਰ ਨੇ ਅਹਿਤਿਆਤ ਵਜੋਂ ਅੰਮ੍ਰਿਤਸਰ ਨੂੰ ਨੀਮ ਫ਼ੌਜੀ ਤੇ ਪੁਲਿਸ ਬਲਾਂ ਦੀ ਛਾਉਣੀ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਸ਼ਹਿਰ ਦੇ ਕਾਨੂੰਨ ਤੇ ਵਿਵਸਥਾ ਦੀ ਹਾਲਤ ਨੂੰ ਕਾਇਮ ਰੱਖਣ ਲਈ ਨੀਮ–ਫ਼ੌਜੀ ਬਲਾਂ ਦੀਆਂ ਛੇ ਕੰਪਨੀਆਂ ਸੱਦੀਆਂ ਹਨ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਨਾਲ–ਨਾਲ ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਵੀ 5,000 ਤੋਂ ਵੱਧ ਪੁਲਿਸ ਅਧਿਕਾਰੀ ਤੇ ਹੋਰ ਮੁਲਾਜ਼ਮ ਵੀ ਸ਼ਹਿਰ ’ਚ ਮੌਜੂਦ ਰਹਿਣਗੇ।
ਸ੍ਰੀ ਹਰਿਮੰਦਰ ਸਾਹਿਬ ਦੇ ਆਲੇ–ਦੁਆਲੇ ਅਤੇ ਉਸ ਪਾਸੇ ਦੇ ਸਾਰੇ ਬਾਜ਼ਾਰਾਂ ਵਿੱਚ ਪੁਲਿਸ ਨੇ ਗਸ਼ਤ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਪੁਲਿਸ ਦੇ ਏਡੀਸੀਪੀ (ADCP – ਸਿਟੀ 1) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰੈਪਿਡ ਐਕਸ਼ਨ ਫ਼ੋਰਸ ਦੀਆਂ ਤਿੰਨ ਤੇ ਤਿੰਨ ਹੀ ਇੰਡੋ–ਤਿੱਬਤਨ ਬਾਰਡਰ ਪੁਲਿਸ (ITBP) ਦੀਆਂ ਕੰਪਨੀਆਂ ਸ਼ਹਿਰ ਦੀ ਸੁਰੱਖਿਆ ਲਈ ਸੱਦੀਆਂ ਗਈਆਂ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੰਗਾ ਜਾਂ ਕਿਸੇ ਵੀ ਕਿਸਮ ਦੀ ਗੜਬੜ ਰੋਕਣ ਵਾਲੀਆਂ ਪੁਲਿਸ ਦੀਆਂ ਛੇ ਕੰਪਨੀਆਂ, ਹਥਿਆਰਬੰਦ ਸਪੈਸ਼ਲ ਪੁਲਿਸ ਦੀਆਂ ਛੇ ਕੰਪਨੀਆਂ ਤੇ ਪੰਜਾਬ ਕਮਾਂਡੋਜ਼ ਪੁਲਿਸ ਦੀਆਂ ਚਾਰ ਕੰਪਨੀਆਂ ਵੱਖਰੇ ਤੋਰ ਉੱਤੇ ਸੱਦੀਆਂ ਗਈਆਂ ਹਨ। ਇਨ੍ਹਾਂ ਦੇ ਨਾਲ ਪੰਜਾਬ ਕਮਾਂਡੋਜ਼ ਪੁਲਿਸ ਦੀਆਂ ਚਾਰ ਕੰਪਨੀਆਂ ਨੇ ਵੀ ਪਹਿਲਾਂ ਹੀ ਸ਼ਹਿਰ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ ਹੈ।
ਬਲੂ–ਸਟਾਰ ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫ਼ੋਰਸ ਤੇ ਕੁਝ ਕੱਟੜ ਸਿੱਖ ਕਾਰਕੁੰਨਾਂ ਵਿਚਾਲੇ ਤਕਰਾਰਬਾਜ਼ੀ, ਝਗੜਾ ਤੇ ਕੁਝ ਹਿੰਸਕ ਵਾਪਰਨ ਦੀ ਸੰਭਾਵਨਾ ਹਰ ਵਾਰ ਬਣੀ ਰਹਿੰਦੀ ਹੈ। ਪਹਿਲਾਂ ਬਹੁਤ ਵਾਰ ਕਈ ਲੋਕ ਸੰਘਰਸ਼ਾਂ ਦੌਰਾਨ ਜ਼ਖ਼਼ਮੀ ਹੋ ਚੁੱਕੇ ਹਨ।
ਇਨ੍ਹਾਂ ਦਿਨਾਂ ਦੌਰਾਨ ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਹੇ ਖ਼ਾਲਿਸਤਾਨ–ਪੱਖੀ ਸਮੂਹ ਸਮੁੱਚੇ ਸ਼ਹਿਰ ਅੰਮ੍ਰਿਤਸਰ ’ਚ ਕਈ ਜਗ੍ਹਾ ਉੱਤੇ ਮਾਰਚ ਵੀ ਕਰਦੇ ਹਨ। ਦਲ ਖ਼ਾਲਸਾ ਨੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਹੈ।\
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਂਦੀ 4 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਵੇਗਾ ਅਤੇ ਭੋਗ 6 ਜੂਨ ਨੂੰ ਪਵੇਗਾ।

Show More

Related Articles

Leave a Reply

Your email address will not be published. Required fields are marked *

Close