Canada

ਨੌਰਮਨ ਮਾਮਲੇ ਵਿੱਚ ਵਿਰੋਧੀ ਧਿਰ ਦੇ ਐਮਪੀਜ਼ ਹਾਊਸ ਆਫ ਕਾਮਨਜ਼ ਦੀ ਨੈਸ਼ਨਲ ਡਿਫੈਂਸ ਬਾਰੇ ਸਟੈਂਡਿੰਗ ਕਮੇਟੀ ਦੀ ਐਮਰਜੰਸੀ ਮੀਟਿੰਗ ਦੀ ਕਰ ਰਹੇ ਹਨ ਮੰਗ

ਓਟਵਾ, ਸਾਬਕਾ ਵਾਈਸ ਐਡਮਿਰਲ ਮਾਰਕ ਨੌਰਮਨ ਦੇ ਮਾਮਲੇ ਦੀ ਜਾਂਚ ਤੇ ਅਭੀਯੋਗ ਬਾਰੇ ਸਰਕਾਰ ਦੀ ਕਾਰਗੁਜ਼ਾਰੀ ਦੇ ਸਬੰਧ ਵਿੱਚ ਵਿਰੋਧੀ ਧਿਰ ਦੇ ਐਮਪੀਜ਼ ਹਾਊਸ ਆਫ ਕਾਮਨਜ਼ ਦੀ ਨੈਸ਼ਨਲ ਡਿਫੈਂਸ ਬਾਰੇ ਸਟੈਂਡਿੰਗ ਕਮੇਟੀ ਦੀ ਐਮਰਜੰਸੀ ਮੀਟਿੰਗ ਸੱਦਣ ਦੀ ਮੰਗ ਕਰ ਰਹੇ ਹਨ।
ਜਿ਼ਕਰਯੋਗ ਹੈ ਕਿ ਫੈਡਰਲ ਪ੍ਰੌਸੀਕਿਊਟਰਜ਼ ਵੱਲੋਂ ਪਿਛਲੇ ਹਫਤੇ ਫੌਜ ਦੇ ਸਾਬਕਾ ਸੈਕਿੰਡ ਇਨ ਕਮਾਂਡ ਖਿਲਾਫ ਚੱਲ ਰਹੇ ਵਿਸ਼ਵਾਸ ਤੋੜਨ ਦੇ ਚਾਰਜਿਜ਼ ਖਿਲਾਫ ਰੋਕ ਲਾਈ ਗਈ ਸੀ। ਇਸ ਸਾਲ ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਤੋਂ ਠੀਕ ਪਹਿਲਾਂ ਇਹ ਮੁੱਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਵੱਡੀ ਸਿਆਸੀ ਸਿਰਦਰਦੀ ਖੜ੍ਹੀ ਕਰ ਸਕਦਾ ਸੀ।
12 ਮਈ ਨੂੰ ਹਾਊਸ ਆਫ ਕਾਮਨਜ਼ ਦੀ ਨੈਸ਼ਨਲ ਡਿਫੈਂਸ ਬਾਰੇ ਸਟੈਂਡਿੰਗ ਕਮੇਟੀ ਦੇ ਕਲਰਕ ਜੀਨ-ਮੈਰੀ ਡੇਵਿਡ ਨੂੰ ਲਿਖੇ ਗਏ ਇੱਕ ਪੱਤਰ ਵਿੱਚ ਐਮਪੀਜ਼ ਨੇ ਟਰੂਡੋ ਉੱਤੇ ਇਸ ਮਾਮਲੇ ਵਿੱਚ ਪੱਖਪਾਤ ਕਰਨ ਦਾ ਦੋਸ਼ ਲਾਇਆ। ਇਸ ਵਿੱਚ ਆਖਿਆ ਗਿਆ ਕਿ ਟਰੂਡੋ ਤੇ ਉਨ੍ਹਾਂ ਦੀ ਕੈਬਨਿਟ ਕੋਲ ਇੱਕ ਆਜ਼ਾਦਾਨਾ ਮੁਜਰਮਾਨਾ ਮਾਮਲੇ ਦੀ ਕਾਰਵਾਈ ਸਬੰਧੀ ਜਾਣਕਾਰੀ ਤੱਕ ਅਢੁਕਵੀਂ ਪਹੁੰਚ ਸੀ। ਇਸ ਤੋਂ ਇਲਾਵਾ ਇਸ ਪੱਤਰ ਵਿੱਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਸਿ਼ੱਪਬਿਲਡਿੰਗ ਕਾਂਟਰੈਕਟ ਦੇ ਮਾਮਲੇ ਵਿੱਚ ਸਰਕਾਰ ਨੇ ਸਿਆਸੀ ਦਖਲ ਦਿੱਤਾ। ਪੱਤਰ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਸ ਨਾਲ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਹੌਸਲੇ ਉੱਤੇ ਹਾਨੀਕਾਰਕ ਅਸਰ ਪਿਆ।
ਜੇ ਕਮੇਟੀ ਇਸ ਮਾਮਲੇ ਦਾ ਅਧਿਐਨ ਕਰਨ ਦੀ ਮੰਗ ਸਵੀਕਾਰ ਕਰ ਲੈਂਦੀ ਹੈ ਤਾਂ ਫਿਰ ਇੱਕ ਮਤਾ ਲਿਆ ਕੇ ਨੌਰਮਨ, ਟਰੂਡੋ ਤੇ ਦਰਜਨ ਭਰ ਤੋਂ ਵੀ ਵੱਧ ਮੌਜੂਦਾ ਤੇ ਸਾਬਕਾ ਸਰਕਾਰੀ ਅਧਿਕਾਰੀਆਂ, ਜਿਨ੍ਹਾਂ ਵਿੱਚ ਰੱਖਿਆ ਮੰਤਰੀ ਹਰਜੀਤ ਸੱਜਣ, ਨਿਆਂ ਮੰਤਰੀ ਡੇਵਿਡ ਲਮੇਟੀ ਤੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਸ਼ਾਮਲ ਹਨ, ਨੂੰ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਸੁਣਵਾਈ ਦੌਰਾਨ ਗਵਾਹੀ ਦੇਣ ਲਈ ਆਖਿਆ ਜਾਵੇਗਾ। ਇਸ ਪੱਤਰ ਉੱਤੇ ਕੰਜ਼ਰਵੇਟਿਵ ਐਮਪੀਜ਼ ਜੇਮਜ਼ ਬੇਜਨ, ਚੈਰਿਲ ਗੈਲੈਂਟ ਤੇ ਰਿਚਰਡ ਮਾਰਟਲ ਦੇ ਨਾਲ ਨਾਲ ਐਨਡੀਪੀ ਐਮਪੀ ਰੈਂਡਲ ਗੈਰੀਸਨ ਵੱਲੋਂ ਵੀ ਦਸਤਖ਼ਤ ਕੀਤੇ ਗਏ ਹਨ। ਉਨ੍ਹਾਂ ਕਮੇਟੀ ਨੂੰ ਪੰਜ ਦਿਨ ਦੇ ਅੰਦਰ ਅੰਦਰ ਐਮਰਜੰਸੀ ਮੀਟਿੰਗ ਕਰਨ ਦੀ ਬੇਨਤੀ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Close