Canada

ਕੈਲਗਰੀ ਦੀ ਮਹਿਲਾ ਤੇ ਉਸ ਦੀ 22 ਮਹੀਨਿਆਂ ਦੀ ਧੀ ਦੇ ਕਤਲ ਦੇ ਸਬੰਧ ਵਿੱਚ ਰੌਬਰਟ ਲੀਮਿੰਗ ਨਾਂ ਦੇ ਵਿਅਕਤੀ ਖਿਲਾਫ ਸੈਕਿੰਡ ਡਿਗਰੀ ਮਰਡਰ ਦੇ ਦੋ ਮਾਮਲੇ ਦਰਜ

ਕੈਲਗਰੀ, ਕੈਲਗਰੀ ਦੀ ਮਹਿਲਾ ਤੇ ਉਸ ਦੀ 22 ਮਹੀਨਿਆਂ ਦੀ ਧੀ ਦੇ ਕਤਲ ਦੇ ਸਬੰਧ ਵਿੱਚ ਰੌਬਰਟ ਲੀਮਿੰਗ ਨਾਂ ਦੇ ਵਿਅਕਤੀ ਖਿਲਾਫ ਸੈਕਿੰਡ ਡਿਗਰੀ ਮਰਡਰ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। 34 ਸਾਲਾ ਲੀਮਿੰਗ ਨੂੰ ਮੰਗਲਵਾਰ ਨੂੰ ਵਾਇਆ ਵੀਡੀਓ ਲਿੰਕ ਕੈਲਗਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੋਮਵਾਰ ਨੂੰ ਕੈਲਗਰੀ ਦੀ ਪੁਲਿਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ 25 ਸਾਲਾ ਜੈਸਮਿਨ ਲੋਵੇਟ ਤੇ ਉਸ ਦੀ ਧੀ ਆਲੀਆਹ ਸੈਂਡਰਸਨ ਦੀਆਂ ਲਾਸ਼ਾਂ ਕੈਲਗਰੀ ਨੇੜੇ ਸਥਿਤ ਜੰਗਲ ਵਿੱਚੋਂ ਮਿਲ ਗਈਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਮਾਂ-ਧੀ ਟਾਊਨਹਾਊਸ ਵਿੱਚ ਲੀਮਿੰਗ ਨਾਲ ਰਹਿੰਦੀਆਂ ਸਨ। ਲੀਮਿੰਗ ਉਨ੍ਹਾਂ ਦਾ ਮਕਾਨ ਮਾਲਕ ਸੀ। ਲੋਵੇਟ ਤੇ ਆਲੀਆਹ 16 ਅਪਰੈਲ ਤੋਂ ਲਾਪਤਾ ਸਨ। ਪਰ ਇੱਕ ਹਫਤੇ ਬਾਅਦ ਉਨ੍ਹਾਂ ਦੇ ਲਾਪਤਾ ਹੋਣ ਦੀ ਖਬਰ ਮਿਲੀ, ਉਹ ਵੀ ਉਦੋਂ ਜਦੋਂ ਉਹ ਪਰਿਵਾਰ ਵੱਲੋਂ ਰੱਖੇ ਡਿਨਰ ਉੱਤੇ ਨਹੀਂ ਪਹੁੰਚ ਸਕੀਆਂ। ਪੁਲਿਸ ਨੇ ਦੱਸਿਆ ਕਿ ਲੀਮਿੰਗ ਤੇ ਲੋਵੇਟ ਦਰਮਿਆਨ ਨਜ਼ਦੀਕੀ ਰਿਸ਼ਤਾ ਸੀ ਤੇ ਇਹ ਕਤਲ ਵੀ ਘਰੇਲੂ ਮਸਲਿਆਂ ਕਾਰਨ ਹੋਏ ਲੱਗਦੇ ਹਨ। ਸੋਮਵਾਰ ਨੂੰ ਇੱਕ ਬਿਆਨ ਵਿੱਚ ਲੋਵੇਟ ਪਰਿਵਾਰ ਨੇ ਜੈਸਮੀਨ ਤੇ ਆਲੀਆਹ ਦੀਆਂ ਲਾਸ਼ਾਂ ਲੱਭਣ ਵਿੱਚ ਮਦਦ ਕਰਨ ਲਈ ਕੈਲਗਰੀ ਪੁਲਿਸ ਸਰਵਿਸ ਤੇ ਜਨਤਾ ਦਾ ਸ਼ੁਕਰੀਆ ਅਦਾ ਕੀਤਾ। ਪਰਿਵਾਰ ਨੇ ਆਖਿਆ ਕਿ ਸਾਡੀਆਂ ਜਿ਼ੰਦਗੀਆਂ ਤਬਾਹ ਹੋ ਚੁੱਕੀਆਂ ਹਨ ਤੇ ਸਾਡੇ ਮਨ ਭਾਰੀ ਹਨ। ਅਸੀਂ ਅਜੇ ਇਹ ਸਮਝਣ ਦੀ ਕੋਸਿ਼ਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀ ਤ੍ਰਾਸਦੀ ਸਾਡੇ ਬੱਚਿਆਂ ਨਾਲ ਕਿਵੇਂ ਹੋ ਸਕਦੀ ਹੈ। ਲੀਮਿੰਗ ਵੈਸੇ ਬ੍ਰਿਟਿਸ਼ ਨਾਗਰਿਕ ਹੈ ਜੋ ਕਿ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਵਜੋਂ ਰਹਿ ਰਿਹਾ ਹੈ। ਉਸ ਨੂੰ ਹੁਣ 14 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close