Canada

ਕੈਨੇਡਾ : ਨਿਊਫਾਊਂਡਲੈਂਡ ਦੇ ਪ੍ਰੀਮੀਅਰ ਨੇ 16 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਕੀਤਾ ਐਲਾਨ

ਸੇਂਟ ਜੌਹਨਸ, ਨਿਊਫਾਊਂਡਲੈਂਡ ਐਂਡ ਲੈਬਰਾਡੌਰ, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਨੇ ਇੱਥੇ 16 ਮਈ ਨੂੰ ਚੋਣਾਂ ਕਰਵਾਏ ਜਾਣ ਦਾ ਐਲਾਨ ਕੀਤਾ ਹੈ। ਸੱਤਾਧਾਰੀ ਲਿਬਰਲਾਂ ਤੇ ਵਿਰੋਧੀ ਟੋਰੀਜ਼ ਦਰਮਿਆਨ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਸਕਦੀ ਹੈ।
ਲੈਫਟੀਨੈਂਟ ਗਵਰਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੇਂਟ ਜੌਹਨਜ਼ ਵਿੱਚ ਕਨਫੈਡਰੇਸ਼ਨ ਬਿਲਡਿੰਗ ਦੀ ਲਾਬੀ ਵਿੱਚ ਇਹ ਐਲਾਨ ਬਾਲ ਵੱਲੋਂ ਬੁੱਧਵਾਰ ਸ਼ਾਮ ਨੂੰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰੋਵਿੰਸ ਬਿਹਤਰ ਭਵਿੱਖ ਵੱਲ ਕਦਮ ਵਧਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਾਡੀ ਟੀਮ ਸਾਡੀ ਸਫਲਤਾ ਉੱਤੇ ਨਵੇਂ ਨਿਰਮਾਣ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਇਸ ਵਾਰੀ ਚੋਣਾਂ ਵਿੱਚ ਨਿਊਫਾਊਂਡਲੈਂਡਰਜ਼ ਐਂਡ ਲੈਬਰਾਡੌਰੀਅਨਜ਼ ਨੂੰ ਸਖ਼ਤ ਫੈਸਲਾ ਕਰਨਾ ਹੋਵੇਗਾ ਕਿ ਉਨ੍ਹਾਂ ਅੱਗੇ ਵੱਧਣਾ ਹੈ ਜਾਂ ਪਿੱਛੇ ਜਾਣਾ ਹੈ। ਜਿ਼ਕਰਯੋਗ ਹੈ ਕਿ ਬਾਲ ਦੀ ਸਰਕਾਰ ਨੇ ਮੰਗਲਵਾਰ ਨੂੰ ਸਕਾਰਾਤਮਕ ਬਜਟ ਪੇਸ਼ ਕੀਤਾ ਸੀ, ਜਿਸ ਵਿੱਚ ਨਾਮਾਤਰ ਘਾਟਾ, ਇਨਫਰਾਸਟ੍ਰਕਚਰ ਉੱਤੇ 600 ਮਿਲੀਅਨ ਡਾਲਰ ਖਰਚਣਾ ਤੇ ਟੈਕਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਤਾਜ਼ਾ ਸਰਵੇਖਣਾ ਤੋਂ ਸਾਹਮਣੇ ਆਇਆ ਹੈ ਕਿ ਇਸ ਵਾਰੀ ਲਿਬਰਲਾਂ ਦਾ ਸਿੱਧਾ ਤੇ ਜ਼ਬਰਦਸਤ ਮੁਕਾਬਲਾ ਟੋਰੀਜ਼ ਨਾਲ ਹੋ ਸਕਦਾ ਹੈ। ਲਿਬਰਲਾਂ ਨੇ 2015 ਵਿੱਚ ਲੰਮੇਂ ਸਮੇਂ ਤੋਂ ਇੱਥੇ ਰਾਜ ਕਰਨ ਵਾਲੇ ਟੋਰੀਜ਼ ਨੂੰ ਹਰਾ ਕੇ ਸੱਤਾ ਸਾਂਭੀ ਸੀ ਪਰ ਬਾਲ ਸਰਕਾਰ ਨੂੰ ਮਾੜੀ ਵਿੱਤੀ ਸਥਿਤੀ ਕਾਰਨ ਲੋਹੇ ਦੇ ਚਨੇ ਚਬਾਉਣੇ ਪਏ। ਸਰਕਾਰ ਨੂੰ ਵਿੱਤੀ ਸਥਿਤੀ ਨੂੰ ਲੀਹ ਉੱਤੇ ਲਿਆਉਣ, ਹੈਲਥ ਕੇਅਰ ਉੱਤੇ ਹੋਣ ਵਾਲੇ ਖਰਚ ਨਾਲ ਨਜਿੱਠਣ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਛੱਡ ਕੇ ਹੋਰਨਾਂ ਥਾਂਵਾਂ ਉੱਤੇ ਜਾ ਕੇ ਵੱਸ ਰਹੇ ਲੋਕਾਂ ਦੇ ਨਾਲ ਨਾਲ ਤੇਜ਼ੀ ਨਾਲ ਉਮਰਦਰਾਜ਼ ਹੋ ਰਹੀ ਆਪਣੀ ਆਬਾਦੀ ਵਰਗੀਆਂ ਸਮੱਸਿਆਵਾਂ ਨਾਲ ਦੋ ਦੋ ਹੱਥ ਕਰਨੇ ਪਏ। ਪ੍ਰੋਵਿੰਸ਼ੀਅਲ ਚੋਣਾਂ ਵੈਸੇ ਤਾਂ ਅਕਤੂਬਰ ਵਿੱਚ ਕਰਵਾਈਆਂ ਜਾਣੀਆਂ ਸਨ ਪਰ ਪ੍ਰੀਮੀਅਰ ਨੇ ਇਹ ਚੋਣਾਂ ਹੁਣ ਜਲਦ ਕਰਵਾਉਣ ਦਾ ਮਨ ਬਣਾਇਆ ਹੈ। ਵਿਧਾਨ ਸਭਾ ਭੰਗ ਕੀਤੇ ਜਾਣ ਸਮੇਂ ਤੱਕ ਇੱਥੇ 27 ਲਿਬਰਲ, ਅੱਠ ਟੋਰੀਜ਼, ਦੋ ਐਨਡੀਪੀ ਐਮਪੀਪੀ ਤੇ ਤਿੰਨ ਆਜ਼ਾਦ ਮੈਂਬਰ ਹਨ।

Show More

Related Articles

Leave a Reply

Your email address will not be published. Required fields are marked *

Close