Canada

ਕੈਨੇਡਾ ਸਰਕਾਰ ਦੀ ਰਿਪੋਰਟ ’ਚੋਂ ਸ਼ਬਦ ‘ਸਿੱਖ ਅੱਤਵਾਦ’ ਹਟਾਇਆ

–– ਵਿਸਾਖੀ ਦੇ ਜਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ੁਦ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਆਖ਼ਰ ਆਪਣੀ ਸਾਲ 2018 ਦੀ ਰਿਪੋਰਟ ਵਿੱਚੋਂ ਸ਼ਬਦ ‘ਸਿੱਖ ਅੱਤਵਾਦ’ ਹਟਾ ਦਿੱਤਾ ਹੈ। ਇਸ ਸ਼ਬਦ ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋਇਆ ਸੀ। ਇਹ ਸ਼ਬਦ ਹਟਾਏ ਜਾਣ ਦਾ ਸਰਕਾਰੀ ਐਲਾਨ ਖ਼ੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਦੌਰਾਨ ਕੀਤਾ।
ਵਿਸਾਖੀ ਮੌਕੇ ਸਰੀ ’ਚ ਵੱਡੇ ਪੱਧਰ ਉੱਤੇ ਨਗਰ ਕੀਰਤਨ ਸਜਾਇਆ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਗੋਰਿਆਂ ਨੇ ਵੀ ਇਸ ਦਾ ਆਨੰਦ ਮਾਣਿਆ। ਲੱਖਾਂ ਸ਼ਰਧਾਲੂ ਇੱਥੇ ਮੌਜੂਦ ਸਨ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਹਰਜੀਤ ਸਿੰਘ ਸਾਜਨ, ਐੱਮਪੀ ਸੁੱਖ ਧਾਲੀਵਾਲ ਤੇ ਹੋਰ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।ਵਿਸਾਖੀ ਦੇ ਜਸ਼ਨ ਸਰੀ ਸਥਿਤ ਖ਼ਾਲਸਾ ਦੀਵਾਨ ਸੁਸਾਇਟੀ ਵੱਲੋਂ ਕਰਵਾਏ ਗਏ। ਇਹ ਸੁਸਾਇਟੀ 1902 ਵਿੱਚ ਸਥਾਪਤ ਹੋਈ ਸੀ। ਉਸ ਤੋਂ ਕਈ ਵਰ੍ਹੇ ਬਾਅਦ ਉਸ ਨੇ ਗੁਰੂਘਰ ਸਥਾਪਤ ਕੀਤਾ ਸੀ।
‘ਦਿ ਵੈਨਕੂਵਰ ਸੰਨ’ ਵੱਲੋਂ ਪ੍ਰਕਾਸ਼ਿਤ ਅਲੈਕਸਾਂਦਰਾ ਸੈਗਾਨ (ਕੈਨੇਡੀਅਨ ਪ੍ਰੈੱਸ) ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਿੱਖ ਪਿਛਲੇ 120 ਸਾਲਾਂ ਤੋਂ ਕੈਨੇਡਾ ਦੀ ਤਰੱਕੀ ਵਿੱਚ ਅਗਾਂਹਵਧੂ ਯੋਗਦਾਨ ਪਾ ਰਹੇ ਹਨ। ਇੱਥੇ ਹੁਣ ਸਿੱਖ ਉੱਦਮੀ, ਸਿਆਸੀ ਆਗੂ, ਕਲਾਕਾਰ ਤੇ ਹਰ ਖੇਤਰ ਵਿੱਚ ਸੱਚੇ ਸਿੱਖ ਮੋਹਰੀ ਮੌਜੂਦ ਹਨ।
ਸ੍ਰੀ ਟਰੂਡੋ ਨੇ ਕਿਹਾ ਕਿ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਇਨਸਾਫ਼, ਸਮਾਨਤਾ ਤੇ ਸਰਬਸਾਂਝੀਵਾਲਤਾ ਦੇ ਨਾਲ–ਨਾਲ ਉੱਚ ਕਦਰਾਂ–ਕੀਮਤਾਂ ਦਾ ਸੰਦੇਸ਼ ਵੀ ਸਮੁੱਚੇ ਵਿਸ਼ਵ ਤੱਕ ਪੁੱਜਦਾ ਹੈ।
ਸਰੀ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ੍ਰੀ ਜਸਟਿਨ ਟਰੂਡੋ ਵੈਨਕੂਵਰ ਦੀ ਰੌਸ ਸਟ੍ਰੀਟ ਸਥਿਤ ਗੁਰਦੁਆਰਾ ਸਾਹਿਬ ਵੀ ਗਏ। ਇਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ੍ਰੀ ਟਰੂਡੋ ਦੀ ਅਗਵਾਈ ਹੇਠਲੀ ਕੈਨੇਡਾ ਦੀ ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਕਿ ‘ਦਹਿਸ਼ਤਗਰਦੀ ਬਾਰੇ ਰਿਪੋਰਟ’ ਵਿੱਚੋਂ ਸ਼ਬਦ ‘ਸਿੱਖ ਅੱਤਵਾਦ’ ਕੱਢ ਦਿੱਤਾ ਜਾਵੇਗਾ। ਇਹ ਫ਼ੈਸਲਾ ਕਰਨ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਵਿਸਾਖੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ।
ਦਹਿਸ਼ਤਗਰਦੀ ਬਾਰੇ ਕੈਨੇਡਾ ਦੀ ਕਿਸੇ ਰਿਪੋਰਟ ਵਿੱਚ ਪਹਿਲੀ ਵਾਰ ਸ਼ਬਦ ‘ਸਿੱਖ ਅੱਤਵਾਦ’ ਵਰਤਿਆ ਗਿਆ ਸੀ। ਜਨ–ਸੁਰੱਖਿਆ ਮੰਤਰੀ ਸ੍ਰੀ ਰਾਲਫ਼ ਗੁਡੇਲ ਨੇ ਕਿਹਾ ਕਿ ਕਿਸੇ ਵੀ ਧਰਮ ਨੂੰ ਅੱਤਵਾਦ ਨਾਲ ਨਹੀਂ ਜੋੜਿਆ ਜਾਵੇਗਾ।
ਉੱਧਰ ਗ੍ਰੇਟਰ ਟੋਰਾਂਟੋ ਏਰੀਆ, ਕੈਲਗਰੀ, ਵਿਨੀਪੈੱਗ ਜਿਹੇ ਕੈਨੇਡਾ ਦੇ ਹੋਰ ਬਹੁਤ ਸਾਰੇ ਸਥਾਨਾਂ ਤੋਂ ਵਿਸਾਖੀ ਦੇ ਜਸ਼ਨ ਬਹੁਤ ਧੂਮਧਾਮ ਨਾਲ ਮਨਾਏ ਜਾਣ ਦੀਆਂ ਖ਼ਬਰਾਂ ਪੁੱਜ ਰਹੀਆਂ ਹਨ।

Show More

Related Articles

Leave a Reply

Your email address will not be published. Required fields are marked *

Close