Canada

ਕੈਨੇਡਾ: ਓਨਟਾਰੀਓ ਸਕੂਲ ਬੋਰਡ ਨੂੰ ਹੋਵੇਗਾ 28.7 ਮਿਲੀਅਨ ਡਾਲਰ ਦਾ ਨੁਕਸਾਨ

ਟੋਰਾਂਟੋ, ਓਨਟਾਰੀਓ ਦੇ ਸੱਭ ਤੋਂ ਵੱਡੇ ਸਕੂਲ ਬੋਰਡ ਦਾ ਕਹਿਣਾ ਹੈ ਕਿ ਪ੍ਰੋਵਿੰਸ ਵੱਲੋਂ ਫੰਡਿੰਗ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਕਾਰਨ ਅਗਲੇ ਸਾਲ ਬੋਰਡ ਨੂੰ 28.7 ਮਿਲੀਅਨ ਡਾਲਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਖੁਲਾਸਾ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਬਜਟ ਕਮੇਟੀ ਵੱਲੋਂ ਪੇਸ ਕੀਤੇ ਗਏ ਦਸਤਾਵੇਜ ਵਿੱਚ ਆਖਿਆ ਗਿਆ।
ਜਿਕਰਯੋਗ ਹੈ ਕਿ ਪਿਛਲੇ ਮਹੀਨੇ ਪ੍ਰੋਗਰੈਸਿਵ ਕੰਜਰਵੇਟਿਵ ਸਰਕਾਰ ਨੇ ਸਿੱਖਿਆ ਲਈ ਰਾਖਵੇਂ ਫੰਡਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸਰਕਾਰ ਨੇ ਚੌਥੀ ਕਲਾਸ ਤੋਂ ਅੱਠਵੀਂ ਕਲਾਸ ਦੇ ਆਕਾਰ ਵਿੱਚ 23.84 ਤੋਂ 24.5 ਤੱਕ ਦਾ ਵਾਧਾ ਕਰਨ ਦਾ ਐਲਾਨ ਵੀ ਕੀਤਾ ਸੀ। ਬੋਰਡ ਦਾ ਕਹਿਣਾ ਹੈ ਕਿ ਇਸ ਨਾਲ ਸਾਨੂੰ ਅਗਲੇ ਸਾਲ 10 ਮਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ।
ਟੀਡੀਐਸਬੀ ਦੀ ਚੇਅਰਵੁਮਨ ਰੌਬਿਨ ਪਿਲਕੇ ਦਾ ਕਹਿਣਾ ਹੈ ਕਿ ਇਨ੍ਹਾਂ ਕਟੌਤੀਆਂ ਦਾ ਕਿਹੋ ਜਿਹਾ ਅਸਰ ਰਹਿੰਦਾ ਹੈ ਇਸ ਬਾਰੇ ਅਜੇ ਵੀ ਬੋਰਡ ਨੇ ਹੋਰ ਪਤਾ ਲਾਉਣਾ ਹੈ। ਉਨ੍ਹਾਂ ਆਖਿਆ ਕਿ ਸਾਡੇ ਕੋਲ ਫਾਈਨਲ ਅੰਕੜੇ ਨਹੀਂ ਹਨ। ਅਸੀਂ ਇਨ੍ਹਾਂ ਦਾ ਹੀ ਪਤਾ ਲਾਉਣਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਸ ਹੈ ਕਿ ਇਹ ਹੋਰ ਬਦਤਰ ਨਹੀਂ ਹੋਵੇਗੀ ਪਰ ਸਾਨੂੰ ਕੁੱਝ ਵੱਡੇ ਫੈਸਲੇ ਲੈਣੇ ਪੈਣਗੇ। ਬੋਰਡ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ ਉਹ ਇਹੋ ਜਿਹੀਆਂ ਕੀ ਕਟੌਤੀਆਂ ਕਰੇ ਕਿ ਉਨ੍ਹਾਂ ਦਾ ਬਜਟ ਸੰਤੁਲਿਤ ਹੋ ਜਾਵੇ। ਪਿਲਕੇ ਨੇ ਆਖਿਆ ਕਿ ਭਾਵੇਂ ਉਹ ਇਸ ਸਬੰਧ ਵਿੱਚ ਜੋ ਵੀ ਫੈਸਲਾ ਲੈਣ, ਇਸ ਦਾ ਸੇਕ ਵਿਦਿਆਰਥੀਆਂ ਨੂੰ ਜਰੂਰ ਸਹਿਣਾ ਪਵੇਗਾ।
ਇਨ੍ਹਾਂ ਤਬਦੀਲੀਆਂ ਕਾਰਨ ਬਹੁਤ ਸਾਰੇ ਅਧਿਆਪਕਾਂ ਦੀ ਛੁੱਟੀ ਹੋਵੇਗੀ ਤੇ ਔਸਤਨ ਹਾਈ ਸਕੂਲ ਦੀਆਂ ਕਲਾਸਾਂ ਦੇ ਆਕਾਰ ਵਿੱਚ ਵੀ ਵਾਧਾ ਹੋਵੇਗਾ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿੱਖਿਆ ਮੰਤਰੀ ਲੀਜਾ ਥੌਂਪਸਨ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਆਪਕ ਦੀ ਮਰਜੀ ਤੋਂ ਬਿਨਾਂ ਉਸ ਨੂੰ ਨਹੀਂ ਕੱਢਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close