Canada

ਸਰੀ ‘ਚ ਪ੍ਰਸਿੱਧ ਗ਼ਜ਼ਲਗੋ ਅਮਰੀਕਾ ਡੋਗਰਾ ਨਾਲ ਇਕ ਕਾਵਿ-ਸ਼ਾਮ

ਪੰਜਾਬੀ ਕਵਿਤਾ ਤੇ ਗ਼ਜ਼ਲ ਸਬੰਧੀ ਆਪਣਾ ਗੰਭੀਰ ਚਿੰਤਨ ਵੀ ਕੀਤਾ ਪੇਸ਼

ਪੰਜਾਬ ਤੋਂ ਆਏ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਅਮਰੀਕਾ ਡੋਗਰਾ ਦੇ ਮਾਣ ਵਿਚ ਗ਼ਜ਼ਲ ਮੰਚ ਸਰੀ ਵੱਲੋਂ ਮੰਚ ਦੇ ਸਰਗਰਮ ਮੈਂਬਰ ਗੁਰਮੀਤ ਸਿੱਧੂ ਦੇ ਨਿਵਾਸ ਸਥਾਨ ਤੇ ਕਾਵਿ-ਮਹਿਫ਼ਿਲ ਰਚਾਈ ਗਈ। ਬਹੁਤ ਹੀ ਖੂਬਸੂਰਤ ਮਾਹੌਲ ਵਿਚ ਅਮਰੀਕ ਡੋਗਰਾ ਨੇ ਆਪਣੇ ਪੱਤਰਕਾਰੀ ਦੇ ਲੰਮੇਂ ਸਫਰ ਬਾਰੇ ਵੀ ਗੱਲਬਾਤ ਕੀਤੀ ਅਤੇ ਪੰਜਾਬੀ ਕਵਿਤਾ ਤੇ ਗ਼ਜ਼ਲ ਸਬੰਧੀ ਆਪਣਾ ਗੰਭੀਰ ਚਿੰਤਨ ਵੀ ਪੇਸ਼ ਕੀਤਾ। ਉਨ੍ਹਾਂ ਆਪਣੀ ਲੰਮੀਂ ਨਜ਼ਮ ਅਤੇ ਚੋਣਵੇਂ ਸ਼ਿਅਰਾਂ ਅਤੇ ਗ਼ਜ਼ਲਾਂ ਰਾਹੀਂ ਸ਼ਾਇਰ ਮਿੱਤਰਾਂ ਨਾਲ ਸਾਂਝ ਪਾਈ। ਉਨ੍ਹਾਂ ਪੰਜਾਬੀ ਗ਼ਜ਼ਲ ਸਬੰਧੀ ਆਪਣੇ ਕਈ ਅਹਿਮ ਅਨੁਭਵ ਵੀ ਪ੍ਰਗਟ ਕੀਤੇ।

ਮਹਿਫ਼ਿਲ ਦੌਰਾਨ ਹਾਜਰ ਕਵੀ ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਸੁਰਜੀਤ ਮਾਧੋਪੁਰੀ, ਬਿੱਕਰ ਸਿੰਘ ਖੋਸਾ, ਅਮਰੀਕ ਪਲਾਹੀ, ਖੁਸ਼ਹਾਲ ਗਲੋਟੀ, ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਅਜੈਬ ਸਿੱਧੂ, ਸੁਖਵਿੰਦਰ ਚੋਹਲਾ, ਹਰਦਮ ਸਿੰਘ ਮਾਨ ਨੇ ਵੀ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸੁਖਵਿੰਦਰ ਚੋਹਲਾ ਵੱਲੋਂ ਤਰੰਨੁਮ ਵਿਚ ਪੇਸ਼ ਕੀਤਾ ਪਿੰਡ ਦੀ ਮਿੱਟੀ ਬਾਰੇ ਗੀਤ  ਮਹਿਫ਼ਿਲ ਦੀ ਵਿਸ਼ੇਸ਼ ਪ੍ਰਾਪਤੀ ਰਿਹਾ। ਇੰਦਰਜੀਤ ਧਾਮੀ ਅਤੇ ਕ੍ਰਿਸ਼ਨ ਭਨੋਟ ਦੀ ਰੁਬਾਈ ਬਾਰੇ ਚਰਚਾ ਅਤੇ ਨੋਕਝੋਂਕ ਵੀ ਮਹਿਫ਼ਿਲ ਦਾ ਦਿਲਚਸਪ ਹਿੱਸਾ ਰਹੀ।

ਅਮਰੀਕ ਡੋਗਰਾ ਨੇ ਸਰੀ ਦੇ ਪੰਜਾਬੀ ਸ਼ਾਇਰਾਂ ਵੱਲੋਂ ਦਿੱਤੇ ਇਸ ਮਾਣ ਲਈ ਗ਼ਜ਼ਲ ਮੰਚ ਅਤੇ ਵਿਸ਼ੇਸ਼ ਕਰ ਕੇ ਮੇਜ਼ਬਾਨ ਗੁਰਮੀਤ ਸਿੱਧੂ ਅਤੇ ਅਜੈਬ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਇਸ ਮਹਿਫ਼ਿਲ ਦਾ ਸੰਚਾਲਨ ਸੁਰਜੀਤ ਮਾਧੋਪਰੀ ਨੇ ਬਾਖੂਬੀ ਕੀਤਾ। ਸਿੱਧੂ ਪਰਿਵਾਰ ਵੱਲੋਂ ਮਹਿਫ਼ਿਲ ਦੌਰਾਨ ਨਿਭਾਈ ਮਹਿਮਾਨ ਨਿਵਾਜੀ ਸਭਨਾਂ ਸ਼ਾਇਰਾਂ ਦੇ ਚੇਤਿਆਂ ਵਿਚ ਦੇਰ ਤੱਕ ਆਨੰਦਮਈ ਪਲਾਂ ਦਾ ਅਹਿਸਾਸ ਕਰਵਾਉਂਦੀ ਰਹੇਗੀ।

Show More

Related Articles

Leave a Reply

Your email address will not be published. Required fields are marked *

Close