Punjab

ਪਟਿਆਲਾ ਜੇਲ੍ਹ ’ਚ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਨ ਵਾਲੇ 2 ਅਧਿਕਾਰੀ ਕਾਬੂ

ਪਟਿਆਲਾ ਪੁਲਿਸ ਨੇ ‘ਜੇਲ੍ਹ ਵਿੱਚ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਦੋ ਜੇਲ੍ਹ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’ ਇਹ ਦੋਵੇਂ ਕਥਿਤ ਤੌਰ ਉੱਤੇ ਜੇਲ੍ਹ ’ਚ ਬੰਦ ਕੈਦੀਆਂ ਨੂੰ ਹੈਰੋਇਨ ਸਪਲਾਈ ਕਰ ਰਹੇ ਸਨ।ਪ੍ਰਾਪਤ ਵੇਰਵਿਆਂ ਮੁਤਾਬਕ ਪੁਲਿਸ ਨੇ ਪਹਿਲਾਂ ਵਿਸ਼ਵ ਅਮਨ ਸਿੰਘ ਨਿਵਾਸੀ ਪਿੰਡ ਧਰਮਹੇੜੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ’ਚ ਕੈਦੀਆਂ ਸਤਨਾਮ ਸਿੰਘ ਤੇ ਸੈਂਡੀ ਨੂੰ ਹੈਰੋਇਨ ਸਪਲਾਈ ਕਰਦਾ ਰਿਹਾ ਹੈ ਤੇ ਇਸ ਕੰਮ ਵਿੱਚ ਉਸ ਦੀ ਮਦਦ ਹੈੱਡ ਵਾਰਡਰ ਸੁਰਜੀਤ ਸਿੰਘ ਤੇ ਹਰਜਿੰਦਰ ਸਿੰਘ ਕਰਦੇ ਹਨ। ਫਿਰ ਪੁਲਿਸ ਨੇ ਹੋਰ ਡੂੰਘਾਈ ਵਿੱਚ ਜਾ ਕੇ ਤਹਿਕੀਕਾਤ ਕੀਤੀ ਤੇ ਸਬੂਤ ਇਕੱਠੇ ਕੀਤੇ। ਉਸ ਤੋਂ ਬਾਅਦ ਹੀ ਪਟਿਆਲਾ ਜੇਲ੍ਹ ਦੇ ਇਹ ਦੋਵੇਂ ਹੈੱਡ–ਕਾਂਸਟੇਬਲ ਗ੍ਰਿਫ਼ਤਾਰ ਕੀਤੇ। ਇਹ ਜਾਣਕਾਰੀ ਐੱਸਐੱਸਪੀ ਮਨਦੀਪ ਸਿੰਘ ਨੇ ਦਿੱਤੀ। ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਇੱਥੇ ਵਰਨਣਯੋਗ ਹੈ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਪਿਛਲੇ ਕੁਝ ਸਮੇਂ ਤੋਂ ਕਈ ਤਰ੍ਹਾਂ ਦੇ ਵਿਵਾਦਾਂ ਕਾਰਨ ਖ਼ਬਰਾਂ ’ਚ ਬਣੀ ਰਹੀ ਹੈ। ਇਸੇ ਵਰ੍ਹੇ ਪਹਿਲਾਂ ਜੇਲ੍ਹ ਸੁਪਰਇੰਟੈਂਡੈਂਟ ਰਾਜਨ ਕਪੂਰ ਨੂੰ ਇਸ ਲਈ ਤਬਦੀਲ ਕਰਨਾ ਪਿਆ ਸੀ ਕਿਉਂਕਿ ਉਹ ਕਥਿਤ ਤੌਰ ਉੱਤੇ ਗੈਂਗਸਟਰਾਂ ਦੀ ਮਦਦ ਨਾਲ ਫਿਰੌਤੀ ਦਾ ਕਾਰੋਬਾਰ ਚਲਾ ਰਿਹਾ ਸੀ। ਉਸ ਤੋਂ ਬਾਅਦ ਜੇਲ੍ਹ ਸੁਪਰਇੰਟੈਂਡੈਂਟ ਜਸਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਇਸ ਜੇਲ੍ਹ ਵਿੱਚ ਕੈਦ ਮੁਅੱਤਲਸ਼ੁਦਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ 70 ਜਣਿਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਕਾਲੀ ਸਨ, ਨੂੰ ਮਿਲਣ ਦੀ ਪ੍ਰਵਾਨਗੀ ਦਿੱਤੀ ਸੀ। ਪੰਜਾਬ ਵਿੱਚ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ SIT (Special Investigation Team – ਵਿਸ਼ੇਸ਼ ਜਾਂਚ ਟੀਮ) ਨੇ ਸ੍ਰੀ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close