Punjab

ਪਰਮਿੰਦਰ ਦੇ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਦੀਆਂ ਖ਼ਬਰਾਂ ਤੋਂ ਢੀਂਡਸਾ ਖ਼ਫ਼ਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਕਿਹਾ ਹੈ ਕਿ ਜੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦੀ ਟਿਕਟ ਉੱਤੇ ਚੋਣ ਲੜੀ, ਤਾਂ ਉਹ ਉਸ ਲਈ ਚੋਣ ਪ੍ਰਚਾਰ ਨਹੀਂ ਕਰਨਗੇ।
ਮਰਹੂਮ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਪੰਥਕ ਚਿਹਰਾ ਗੁਆ ਚੁੱਕਾ ਹੈ ਤੇ ਪਾਰਟੀ ਨੂੰ ਬਹੁਤ ਤੇਜ਼ੀ ਨਾਲ ਆਪਣੀ ਬੁਨਿਆਦੀ ਵਿਚਾਰਧਾਰਾ ’ਚ ਵਾਪਸ ਲਿਆਉਣ ਦੀ ਜ਼ਰੂਰਤ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਸੀਨੀਅਰ ਅਕਾਲੀ ਆਗੂ ਇਸ ਸਮਾਰੋਹ ਵਿੱਚ ਮੌਜੂਦ ਨਹੀਂ ਸਨ। ਉਂਝ ਉਨ੍ਹਾਂ ਦੇ ਵਿਰੋਧੀਆਂ; ਜਿਵੇਂ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਸੇਵਾ ਸਿੰਘ ਸੇਖਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਭੌਰ ਤੇ ਅਜਿਹੇ ਕੁਝ ਹੋਰ ਆਗੂਆਂ ਨੇ ਬਾਦਲਾਂ ਖਿ਼ਲਾਫ਼ ਆਪਣੀ ਭੜਾਸ ਕੱਢੀ।
ਚੇਤੇ ਰਹੇ ਕਿ ਸੀਨੀਅਰ ਢੀਂਡਸਾ ਨੇ ਪਹਿਲਾਂ ਹੀ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਸਾ ਨੂੰ ਸਲਾਹ ਦਿੱਤੀ ਸੀ ਕਿ ਉਹ ਅਕਾਲੀ ਦਲ ਦੀ ਟਿਕਟ ਉੱਤੇ ਚੋਣ ਨਾ ਲੜੇ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਹੁਣ ਆਮ ਜਨਤਾ ਵਿੱਚ ਅਕਾਲੀ ਦਲ ਪ੍ਰਤੀ ਡਾਢਾ ਰੋਹ ਪਾਇਆ ਜਾ ਰਿਹਾ ਹੈ।
ਅੱਜ ਜਦੋਂ ਵੱਡੇ ਢੀਂਡਸਾ ਹੁਰਾਂ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵੱਲੋਂ ਟਿਕਟ ਦੇਣ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ,‘ਪਰਮਿੰਦਰ ਤੋਂ ਪੁੱਛੋ, ਉਹ ਚੋਣ ਕਿਉਂ ਲੜ ਰਿਹਾ ਹੈ। ਮੈਂ ਪਹਿਲਾਂ ਹੀ ਉਸ ਨੂੰ ਇੰਝ ਨਾ ਕਰਨ ਦੀ ਸਲਾਹ ਦਿੱਤੀ ਸੀ। ਹੁਣ ਉਸ ਦੀ ਮਰਜ਼ੀ ਹੈ। ਇਕੱਲੇ ਪਰਮਿੰਦਰ ਲਈ ਹੀ ਨਹੀਂ, ਮੈਂ ਕਿਸੇ ਵੀ ਅਕਾਲੀ ਆਗੂ ਜਾਂ ਹੋਰ ਪਾਰਟੀਆਂ ਲਈ ਵੀ ਚੋਣ ਪ੍ਰਚਾਰ ਨਹੀਂ ਕਰਾਂਗਾ।’
ਸ੍ਰੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਕਾਸ਼ ਸਿੰਘ ਬਾਦਲ ਜਾਂ ਉਨ੍ਹਾਂ ਦੇ ਪੁੱਤਰ ਨਾਲ ਕੋਈ ਨਿਜੀ ਗੁੱਸਾ ਨਹੀਂ ਹੈ। ‘ਮੇਰੇ ਵਿਚਾਰਧਾਰਕ ਮੱਤਭੇਦ ਹਨ ਪਰ ਉਹ ਸਿਰਫ਼ ਤਦ ਹੀ ਦੂਰ ਹੋ ਸਕਦੇ ਹਨ ਜੇ ਪਾਰਟੀ ਆਪਣੀ ਅਸਲ ਵਿਚਾਰਧਾਰਾ ਵੱਲ ਪਰਤੇ।’

Show More

Related Articles

Leave a Reply

Your email address will not be published. Required fields are marked *

Close