Sports

ਕੀ 9 ਸਾਲਾਂ ਪਿੱਛੋਂ ਐਤਕੀਂ ਅਜ਼ਲਾਨ ਸ਼ਾਹ ਹਾਕੀ ਕੱਪ ਜਿੱਤ ਸਕੇਗਾ ਭਾਰਤ?

ਮਲੇਸ਼ੀਆ ਦੇ ਇਪੋਹ ’ਚ ਜਾਰੀ 28ਵੇਂ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਫ਼ਾਈਨਲ ਵਿੱਚ ਆਪਣਾ ਸਥਾਨ ਪੱਕਾ ਕਰਨ ਤੋਂ ਬਾਅਦ ਮਰਦਾਂ ਦੀ ਭਾਰਤੀ ਹਾਕੀ ਟੀਮ ਦੀਆਂ ਨਜ਼ਰਾਂ ਹੁਣ ਟੂਰਨਾਮੈਂਟ ਵਿੱਚ 9 ਸਾਲਾਂ ਦੇ ਆਪਣਾ ਖਿ਼ਤਾਬੀ ਸੋਕਾ ਖ਼ਤਮ ਕਰਨ ਵਿੱਚ ਲੱਗੀਆਂ ਹੋਈਆਂ ਹਨ।

ਭਾਰਤ ਨੇ ਇਹ ਵੱਕਾਰੀ ਹਾਕੀ ਟੂਰਨਾਮੈਂਅ ਵਿੱਚ ਆਪਣਾ ਪਿਛਲਾ ਖਿ਼ਤਾਬ ਸਾਲ 2010 ਵਿੱਚ ਜਿੱਤਿਆ ਸੀ। ਭਾਰਤੀ ਟੀਮ ਨੂੰ ਭਾਵੇਂ ਪੋਲੈਂਡ ਨਾਲ ਸ਼ੁੱਕਰਵਾਰ ਨੂੰ ਗਰੁੱਪ ਗੇੜ ਦਾ ਆਪਣਾ ਆਖ਼ਰੀ ਮੈਚ ਖੇਡਣਾ ਹੈ। ਭਾਰਤੀ ਟੀਮ ਦੇ ਕਪਤਾਨ ਮਨਦੀਪ ਸਿੰਘ ਨੇ ਟੂਰਨਾਮੈਂਟ ਤੋਂ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਟੀਮ ਹੁਣ ਸਾਲ 2010 ਤੋਂ ਬਾਅਦ ਪਹਿਲੀ ਵਾਰ ਅਜ਼ਲਾਨ ਸ਼ਾਹ ਹਾਕੀ ਖਿ਼ਤਾਬ ਜਿੱਤਣ ਵਾਸਤੇ ਆਪਣਾ ਵਧੀਆ ਪ੍ਰਦਰਸ਼ਨ ਵਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਮਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਅਸੀਂ ਫ਼ਾਈਨਲ ਲਈ ਕੁਆਲੀਫ਼ਾਈ ਕਰ ਲਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪੋਲੈਂਡ ਵਿਰੁੱਧ ਹੋਣ ਵਾਲੇ ਮੁਕਾਬਲੇ ਨੂੰ ਐਂਵੇਂ ਹੀ ਸਮਝ ਰਹੇ ਹਾਂ। ਅਸੀਂ ਆਪਣੀਆਂ ਸਮਰੱਥਾਵਾਂ ਮੁਤਾਬਕ ਆਪਣਾ ਵਧੀਆ ਪ੍ਰਦਰਸ਼ਨ ਕਰਨ ਤੇ ਬਾਕੀ ਬਚੇ ਦੋ ਮੈਚ ਜਿੱਤਣ ਲਈ ਦ੍ਰਿੜ੍ਹ–ਸੰਕਲਪ ਹਾਂ।

ਭਾਰਤ ਨੂੰ ਫ਼ਾਈਨਲ ’ਚ ਹੋ ਸਕਦਾ ਹੈ ਕਿ ਕੋਰੀਆ ਨਾਲ ਭਿੜਨਾ ਪਵੇ। ਦੋਵੇਂ ਟੀਮਾਂ ਨੇ ਟੂਰਨਾਮੈਂਟ ਦੇ ਇਸੇ ਸੀਜ਼ਨ ਦੇ ਗਰੁੱਪ ਗੇੜ ਵਿੱਚ 1–1 ਦਾ ਡ੍ਰਾੱਅ ਖੇਡਿਆ ਸੀ। ਕਪਤਾਨ ਨੇ ਕੋਰੀਆਈ ਟੀਮ ਨੂੰ ਲੈ ਕੇ ਕਿਹਾ,‘ਅਸੀਂ ਜਾਣਦੇ ਹਾਂ ਕਿ ਕੋਰੀਆ ਇੱਕ ਮਜ਼ਬੂਤ ਟੀਮ ਹੈ ਪਰ ਅਸੀਂ ਆਪਣੀਆਂ ਗ਼ਲਤੀਆਂ ਵਿੱਚ ਸੁਧਾਰ ਕਰਨ ਲਈ ਹਰ ਸੰਭਵ ਜਤਨ ਕਰ ਰਹੇ ਹਾਂ।’

ਉਨ੍ਹਾਂ ਕਿਹਾ ਕਿ ਇਸ ਸਾਲ ਦਾ ਇਹ ਸਾਡਾ ਪਹਿਲਾ ਫ਼ਾਈਨਲ ਹੋਵੇਗਾ ਤੇ ਇਸ ਦਾ ਸਾਹਮਣਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਕੋਰੀਆ ਵਿਰੁੱਧ ਪੂਲ ਗੇੜ ਵਿੱਚ 1–1 ਨਾਲ ਡ੍ਰਾੱਅ ਹੋਏ ਮੁਕਾਬਲੇ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਲੱਗਦਾ ਹੈ ਕਿ ਪੋਲੈਂਡ ਵਿਰੁੱਧ ਹੋਣ ਵਾਲਾ ਕੱਲ੍ਹ ਦਾ ਮੈਚ ਵੀ ਸਾਨੂੰ ਵਧੀਆ ਤਿਆਰੀ ਕਰਨ ਵਿੱਚ ਮਦਦ ਕਰੇਗਾ।

ਇਹ ਪੁੱਛੇ ਜਾਣ ’ਤੇ ਕਿ ਟੀਮ ਨੇ ਕਿਹੜੇ ਖੇਤਰਾਂ ਵੱਲ ਆਪਣਾ ਧਿਆਨ ਦਿੱਤਾ ਹੈ; ਤਾਂ ਮਨਦੀਪ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਹੁਣ ਤੱਕ ਵਧੀਆ ਟੂਰਨਾਮੈਂਟ ਰਿਹਾ ਹੈ ਕਿਉਂਕਿ ਅਸੀਂ ਚਾਰ ਮੈਚਾਂ ਤੋਂ 10 ਅੰਕ ਹਾਸਲ ਕੀਤੇ ਹਨ ਪਰ ਅਸੀਂ ਸਾਰੇ 12 ਅੰਕ ਆਪਣੇ ਨਾਂਅ ਕਰਨਾ ਚਾਹਾਂਗੇ। ਮੈਨੂੰ ਭਰੋਸਾ ਕਿ ਅਸੀਂ ਸੋਨ–ਤਮਗ਼ਾ (ਗੋਲਡ ਮੈਡਲ – Gold Medal) ਨਾਲ ਟੂਰਨਾਮੈਂਟ ਦੀ ਸਮਾਪਤੀ ਕਰ ਸਕਦੇ ਹਾਂ।

Show More

Related Articles

Leave a Reply

Your email address will not be published. Required fields are marked *

Close