National

ਭਾਰਤੀ ਫ਼ੌਜ ’ਚ 26 ਮਾਰਚ ਨੂੰ ਸ਼ਾਮਲ ਹੋ ਜਾਣਗੀਆਂ ਇਹ ਤਾਕਤਵਰ ਤੋਪਾਂ

ਭਾਰਤੀ ਫ਼ੌਜ ’ਚ ਛੇਤੀ ਹੀ ਸਵਦੇਸ਼ੀ 6 ਧਨੁਸ਼ ਤੋਪਾਂ ਸ਼ਾਮਲ ਹੋਣ ਵਾਲੀਆਂ ਹਨ। ਇਨ੍ਹਾਂ ਸਾਰੀਆਂ ਤੋਪਾਂ ਦਾ ਸਫ਼ਲ ਪ੍ਰੀਖਣ ਹੋ ਗਿਆ ਹੈ ਜਿਸ ਤੋਂ ਬਾਅਦ ਹੁਣ ਆ ਰਹੀ 26 ਮਾਰਚ 2019 ਨੂੰ ਇਹ 6 ਧਨੁਸ਼ ਤੋਪਾਂ ਭਾਰਤੀ ਫ਼ੌਜ ਚ ਸ਼ਾਮਲ ਹੋ ਕੇ ਦੇਸ਼ ਦੀ ਤਾਕਤ ਨੂੰ ਕਈ ਗੁਣਾ ਵਧਾ ਦੇਵੇਗੀ।

ਭਾਰਤੀ ਫ਼ੌਜ ਨੂੰ ਪਹਿਲਾਂ 6 ਧਨੁਸ਼ ਤੋਪਾਂ ਮਿਲਣਗੀਆਂ ਜਦਕਿ ਬਾਅਦ ਚ ਲਗਭਗ 18 ਹੋਰ ਧਨੁਸ਼ ਤੋਪਾਂ ਇਸੇ ਸਾਲ ਦਸੰਬਰ ਤਕ ਮਿਲ ਜਾਣ ਦੀ ਉਮੀਦ ਹੈ। ਖ਼ਾਸ ਗੱਲ ਇਹ ਹੈ ਕਿ ਭਾਰਤ ਫ਼ੌਜ ਦੇ ਵਿਹੜੇ ਚ ਸ਼ਾਮਲ ਹੋਣ ਵਾਲੀਆਂ ਇਨ੍ਹਾਂ ਧਨੁਸ਼ ਤੋਪਾਂ ਦੀ ਮਾਰਕ ਯੋਗਤਾ ਪੁਰਾਣੀਆਂ ਹੋ ਚੁੱਕੀਆਂ ਬੋਫ਼ੋਰਸ ਤੋਪਾਂ ਤੋਂ ਵੀ ਜ਼ਿਆਦਾ ਹੈ।
ਮਿਲੀ ਜਾਣਕਾਰੀ ਮੁਤਾਬਕ 45 ਕੈਲੀਬਰ ਦੀ 155 ਮਿਲੀਮੀਟਰ ਅਤੇ ਆਟੋਮੈਟਿਕ ਧਨੁਸ਼ ਤੋਪ ਦੀ ਤਕਨੀਕ ਬੋਫ਼ੋਰਸ ਦੀ ਤਕਨੀਕ ਤੇ ਹੀ ਆਧਾਰਿਤ ਹੈ। ਧਨੁਸ਼ ਤੋਪ ਵੱਡੀ ਦੂਰੀ ਤਕ ਨਿਸ਼ਾਨਾ ਮਾਰ ਸਕਦੀ ਹੈ ਤੇ ਮੁਸ਼ਕਲਾਂ ਭਰੇ ਰਸਤਿਆਂ ਤੇ ਵੀ ਆਸਾਨੀ ਨਾਲ ਤੁਰ ਸਕਦੀ ਹੈ। ਹੋਰ ਤਾਂ ਹੋਰ ਇਹ ਦਿਨ ਵੇਲੇ ਹੀ ਨਹੀਂ ਬਲਕਿ ਰਾਤ ਸਮੇਂ ਵੀ ਪੱਕਾ ਨਿਸ਼ਾਨਾ ਲਗਾ ਸਕਦੀ ਹੈ।
ਅਗਲੇ ਹਫ਼ਤੇ ਆਰਡੀਨੈਂਸ ਫ਼ੈਕਟਰੀ ਬੋਰਡ (ਓਐਫ਼ਬੀ) ਦੀ ਜਬਲਪੁਰ ਦੀ ਗਨ ਫ਼ੈਕਟਰੀ 6 ਧਨੁਸ਼ ਤੋਪਾਂ ਭਾਰਤੀ ਫ਼ੌਜ ਨੂੰ ਸੌਂਪੇਗੀ। ਇਸ ਤੋਂ ਇਲਾਵਾ ਇਹ ਗਨ ਫ਼ੈਕਟਰੀ ਭਾਰਤੀ ਫ਼ੌਜ ਲਈ ਕੁੱਲ 114 ਧਨੁਸ਼ ਤੋਪਾਂ ਬਣਾਵੇਗੀ। ਸਾਲ 2022 ਤਕ ਸਾਰੀਆਂ 114 ਧਨੁਸ਼ ਤੋਪਾਂ ਤਿਆਰ ਕਰਨ ਦਾ ਟੀਚਾ ਰਖਿਆ ਗਿਆ ਹੈ। ਇਕ ਧਨੁਸ਼ ਤੋਪ ਦਾ ਭਾਰ 13 ਟਨ ਹੈ ਜਦਕਿ ਕੀਮਤ ਲਗਭਗ 13 ਕਰੋੜ ਰੁਪਏ ਹੈ।
ਧਨੁ਼ਸ਼ ਤੋਪ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਇਸ ਨੂੰ ਪ੍ਰੀਖਣ ਦੌਰਾਨ ਵੱਖੋ ਵੱਖ ਹਾਲਾਤ ਅਤੇ ਮੌਸਮ ਚ ਫ਼ਾਇਰਿੰਗ ਕਰਕੇ ਟੈਸਟ ਕੀਤਾ ਗਿਆ ਹੈ। ਧਨੁਸ਼ ਤੋਪ ਸਾਰਿਆਂ ਪ੍ਰੀਖਣਾਂ ਚ ਸਫ਼ਲ ਰਹੀ। ਸਿਆਚੀਨ ਵਰਗੇ ਠੰਡੇ ਇਲਾਕਿਆਂ ਤੋਂ ਲੈ ਕੇ ਰਾਜਸਥਾਨ ਦੇ ਗਰਮ ਇਲਾਕਿਆਂ ਚ ਇਸਦਾ ਪ੍ਰੀਖਣ ਸਫਲ ਰਿਹਾ।
ਸਾਲ 2017 ਚ ਸੀਬੀਆਈ ਨੇ ਇਸ ਤੋਪ ਦੀ ਬਣਾਈ ਚ ਘੱਟ ਗੁਣਵੱਤਾ ਵਾਲੇ ਚੀਨ ਤੋਂ ਲਿਆਂਦੇ ਗਏ ਪੁਰਜਿਆਂ ਦੀ ਵਰਤੋਂ ਕੀਤੇ ਜਾਣ ਦੇ ਦੋਸ਼ਾਂ ਦੀ ਜਾਂਚ ਵੀ ਸ਼ੁਰੂ ਕੀਤੀ ਸੀ। ਹਾਲਾਂਕਿ, ਸਰਕਾਰ ਵਲੋਂ ਸੰਸਦ ਚ ਦਸਿਆ ਗਿਆ ਕਿ ਇਸ ਨਾਲ ਇਸਦੀ ਗੁਣਵੱਤਾ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਈ ਹੈ।
ਬੋਫ਼ੋਰਸ ਤੋਂ ਬੇਹਤਰ ਤੋਪ ਹੈ ਧਨੁਸ਼
ਧਨੁਸ਼ ਤੋਪ ਨੂੰ ਦੇਸੀ ਬੋਫ਼ੋਰਸ ਵੀ ਕਿਹਾ ਜਾਂਦਾ ਹੈ। ਹਾਲਾਂਕਿ ਧਨੁਸ਼ ਤੋਪ ਦੀ ਨਿਸ਼ਾਨਾ ਮਾਰਨ ਦੀ ਯੋਗਤਾ ਸਮੇਤ ਕਈ ਮਾਮਲਿਆਂ ਚ ਬੋਫ਼ੋਰਸ ਤੋਪ ਨਾਲੋਂ ਚੰਗੀ ਤੇ ਬੇਹਤਰ ਹੈ। ਬੋਫ਼ੋਰਸ ਤੋਪ ਦੀ ਨਿਸ਼ਾਨਾ ਮਾਰਨ ਦੀ ਦੂਰੀ 29 ਕਿਲੋਮੀਟਰ ਹੈ ਜਦਕਿ ਧਨੁਸ਼ ਦੀ ਨਿਸ਼ਾਨਾ ਮਾਰਨ ਦੀ ਦੂਰੀ 38 ਕਿਲੋਮੀਟਰ ਹੈ। ਬੋਫ਼ੋਰਸ ਚ ਆਪ੍ਰੇਸ਼ਨ ਆਟੋਮੈਟਿਕ ਨਹੀਂ ਹੈ, ਜਦਕਿ ਧਨੁ਼ਸ਼ ਤੋਪ ਚ ਇਕ ਕੰਪਿਊਟਰ ਹੈ ਅਤੇ ਇਹ ਖੁੱਦ ਹੀ ਕੰਮ ਕਰਦਾ ਹੈ। ਮਤਲਬ ਇਹ ਆਟੋਮੈਟਿਕ ਸਿਸਟਮ ਨਾਲ ਖੁੱਦ ਹੀ ਗੋਲਾ ਭਰ ਕੇ ਉਸਨੂੰ ਨਿਸ਼ਾਨੇ ਤੇ ਦਾਗ ਸਕਦਾ ਹੈ।
ਜੰਗ ਦੇ ਮੈਦਾਨ ਚ ਡਟੇ ਰਹਿਣ ਮੁਤਾਬਕ ਵੀ ਧਨੁਸ਼ ਕਈ ਖੂਬੀਆਂ ਨਾਲ ਭਰੀ ਹੈ। ਲਗਾਤਾਰ ਕਈ ਘੰਟਿਆਂ ਤਕ ਫ਼ਾਇਰਿੰਗ ਮਗਰੋਂ ਵੀ ਧਨੁਸ਼ ਦੀ ਨਲੀ (ਬੈਰਲ) ਗਰਮ ਨਹੀਂ ਹੁੰਦੀ। ਬੋਫ਼ੋਰਸ ਤੋਂ ਸਿਰਫ ਪੁਰਾਣੇ ਗੋਲਾ–ਬਾਰੂਦ ਹੀ ਦਾਗੇ ਜਾ ਸਕਦੇ ਹਨ ਜਦਕਿ ਧਨੁਸ਼ ਨਾਲ ਜਿੱਥੇ ਪੁਰਾਣਾ ਗੋਲਾ–ਬਾਰੂਦ ਦਾਗਿਆ ਜਾ ਸਕਦਾ ਹੈ ਉੱਥੇ ਹੀ ਨਵੀਂ ਪੀੜ੍ਹੀ ਦੇ ਗੋਲਾ–ਬਾਰੂਦ ਚਲਾਉਣ ਚ ਵੀ ਇਹ ਤੋਪ ਕਾਬਿਲ ਹੈ।

Show More

Related Articles

Leave a Reply

Your email address will not be published. Required fields are marked *

Close