Punjab

‘ਆਪ’ ਨੇ ਗਠਜੋੜ ਲਾਂਭੇ ਕਰ ਤੈਅ ਕੀਤੇ ਪੰਜਾਬ ਦੇ 13 ਉਮੀਦਵਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਕਿਸੇ ਵੀ ਸਿਆਸੀ ਪਾਰਟੀ ਨਾਲ ਰਲ ਕੇ ਚੋਣ ਨਹੀਂ ਲੜੇਗੀ। ‘ਆਪ’ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉੁਮੀਦਵਾਰ ਅੰਤਮ ਕਰ ਲਏ ਹਨ। ਪਾਰਟੀ ਨੇ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ ਅਤੇ ਅਗਲੇ ਹਫ਼ਤੇ ਉਮੀਦਵਾਰਾਂ ਦਾ ਐਲਾਨ ਸੰਭਵ ਹੈ।
‘ਆਪ’ ਦੀ ਕੋਰ ਕਮੇਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ, ਜਿਸ ‘ਤੇ ਪਾਰਟੀ ਦੀ ਕੌਮੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਹੀ ਮੁਹਰ ਲਾਉਣੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਵਾਰ ਪਾਰਟੀ ਬਾਹਰੀ ਸਿਆਸੀ ਨੇਤਾਵਾਂ ਦੀ ਥਾਂ ਪਾਰਟੀ ਦੇ ਆਗੂਆਂ ਨੂੰ ਹੀ ਟਿਕਟਾਂ ਦੇ ਰਹੀ ਹੈ।
ਸੂਤਰਾਂ ਅਨੁਸਾਰ ਕੋਰ ਕਮੇਟੀ ਵੱਲੋਂ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਤਿਆਰ ਕੀਤੀ ਸੂਚੀ ਵਿੱਚ ਲੋਕ ਸਭਾ ਹਲਕਾ ਪਟਿਆਲਾ ਤੋਂ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ ਫ਼ੌਜੀ ਵਿੰਗ ਦੇ ਸਾਬਕਾ ਪ੍ਰਧਾਨ ਕਰਨਲ ਭਲਿੰਦਰ ਸਿੰਘ, ਮੁਲਾਜ਼ਮ ਆਗੂ ਹਰੀ ਸਿੰਘ ਟੌਹੜਾ, ਟਰੇਡਰ ਸੈੱਲ ਦੀ ਪ੍ਰਧਾਨ ਨੀਨਾ ਮਿੱਤਲ ਅਤੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੌੜੇਮਾਜਰਾ ਵਿੱਚੋਂ ਕਿਸੇ ਇਕ ਨੂੰ ਉਮੀਦਵਾਰ ਬਣਾਉਣ ਦੀ ਸੰਭਾਵਨਾ ਹੈ। ਪਟਿਆਲਾ ਹਲਕੇ ਤੋਂ ਪਾਰਟੀ ’ਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਚੋਣ ਲੜ ਰਹੇ ਹਨ।
ਇਸੇ ਤਰ੍ਹਾਂ ਰਾਖਵੇਂ ਹਲਕਾ ਫ਼ਤਹਿਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੂੰ ‘ਆਪ’ ’ਚੋਂ ਮੁਅੱਤਲ ਕੀਤੇ ਹੋਣ ਕਰਕੇ ਨਵਾਂ ਚਿਹਰਾ ਲੋੜੀਂਦਾ ਸੀ। ਇਸ ਲਈ ਇੱਥੋਂ ਪਾਰਟੀ ਦੇ ਆਗੂ ਬਲਜਿੰਦਰ ਸਿੰਘ ਚੌਂਦਾ ਤੇ ਮਹਿਲਾ ਵਿੰਗ ਦੀ ਆਗੂ ਸੁਖਵਿੰਦਰ ਕੌਰ ਵਿੱਚੋਂ ਕਿਸੇ ਇੱਕ ਦੇ ਉਮੀਦਵਾਰ ਬਣਨ ਦੇ ਆਸਾਰ ਹਨ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭੁਪਿੰਦਰ ਸਿੰਘ ਬਿੱਟੂ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਅਤੇ ਬੁੱਧੀਜੀਵੀ ਸੈੱਲ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ ਵਿੱਚੋਂ ਕਿਸੇ ਜਣੇ ਨੂੰ ਟਿਕਟ ਮਿਲ ਸਕਦੀ ਹੈ। ਜਲੰਧਰ ਰਾਖਵੇਂ ਹਲਕੇ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਡਾ. ਸ਼ਿਵਦਿਆਲ ਸਿੰਘ ਮਾਲੀ ’ਚੋਂ ਕਿਸੇ ਇੱਕ ਨੂੰ ਟਿਕਟ ਦਿੱਤੀ ਜਾ ਸਕਦੀ ਹੈ।ਸੂਤਰਾਂ ਅਨੁਸਾਰ ਹਲਕਾ ਲੁਧਿਆਣਾ ਤੋਂ ਪਾਰਟੀ ਦੇ ਸੂਬਾਈ ਆਗੂ ਸੀਏ ਸੁਰੇਸ਼ ਗੋਇਲ ਨੂੰ ਟਿਕਟ ਦੇਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਹਲਕਾ ਫਿਰੋਜ਼ਪੁਰ ਤੋਂ ਮਾਲਵਾ ਖੇਤਰ ਦੇ ਯੂਥ ਵਿੰਗ ਦੇ ਪ੍ਰਧਾਨ ਸੁਖਰਾਜ ਗੋਰਾ, ਭੁਪਿੰਦਰ ਕੌਰ, ਕਾਕਾ ਬਰਾੜ ਅਤੇ ਜਸਪਿੰਦਰ ਜਾਖੜ ਵਿੱਚੋਂ ਕਿਸੇ ਇੱਕ ਨੂੰ ਟਿਕਟ ਦੇਣ ’ਤੇ ਵਿਚਾਰ ਕੀਤਾ ਗਿਆ ਹੈ।ਹਲਕਾ ਬਠਿੰਡਾ ਤੋਂ ਅੰਮ੍ਰਿਤ ਅਗਰਵਾਲ, ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ, ਪ੍ਰਿੰਸੀਪਲ ਇੰਦਰਜੀਤ ਸਿੰਘ ਭਗਤਾ, ਭੁਪਿੰਦਰ ਬਾਂਸਲ ਤੇ ਯੂਥ ਆਗੂ ਰਾਜਨ ਦੇ ਨਾਂਵਾਂ ਉੱਪਰ ਵਿਚਾਰ ਚੱਲ ਰਹੀ ਹੈ। ਪਹਿਲਾਂ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਨੰਦਪੁਰ ਸਾਹਿਬ ਤੋਂ ਖੜ੍ਹੇ ਉਮੀਦਵਾਰ ਬੀਰਦਵਿੰਦਰ ਸਿੰਘ ਨੂੰ ਇਹ ਸੀਟ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਇਸੇ ਤਰ੍ਹਾਂ ਪਾਰਟੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੀਟਰ ਚੀਦਾ, ਡਾ. ਕੇਜੀ ਸਿੰਘ ਆਦਿ ਵਿਚੋਂ ਕਿਸੇ ਇਕ ਨੂੰ ਟਿਕਟ ਦੇ ਸਕਦੀ ਹੈ।
ਆਮ ਆਦਮੀ ਪਾਰਟੀ ਪਹਿਲਾਂ 5 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੜ ਸੰਗਰੂਰ, ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਮੁੜ ਫ਼ਰੀਦਕੋਟ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ ਨੂੰ ਅੰਮ੍ਰਿਤਸਰ, ਨਰਿੰਦਰ ਸ਼ੇਰਗਿੱਲ ਨੂੰ ਆਨੰਦਪੁਰ ਸਾਹਿਬ ਅਤੇ ਡਾ. ਰਵਜੋਤ ਸਿੰਘ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਹੈ।

Show More

Related Articles

Leave a Reply

Your email address will not be published. Required fields are marked *

Close