Punjab

ਕੋਬਰਾ ਗਿਰੋਹ ਦਾ ਸਰਗਨਾ ਜਲੰਧਰ ਤੋਂ ਕਾਬੂ, ਬਰਨਾਲਾ ’ਚ ਵੀ ਗੈਂਗਸਟਰ ਫੜਿਆ

ਪੁਲਿਸ ਨੇ ਕੋਬਰਾ ਗਿਰੋਹ ਦੇ ਸਰਗਨੇ ਇਕਬਾਲ ਸਿੰਘ ਅਫ਼ਰੀਦੀ (32) ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਗ੍ਰਿਫ਼ਤਾਰੀ ਜਲੰਧਰ ਸ਼ਹਿਰ ਦੇ ਰਤਾ ਬਾਹਰਲੇ ਇਲਾਕੇ ਮਕਸੂਦਾਂ ਤੋਂ ਹੋਈ ਹੇ। ਉਸ ਕੋਲੋਂ ਹਥਿਆਰ ਤੇ ਗੋਲੀ–ਸਿੱਕਾ ਵੀ ਬਰਾਮਦ ਹੋਇਆ ਹੈ। ਉਸ ਨੇ .32 ਬੋਰ ਦਾ ਰਿਵਾਲਵਰ ਤੇ 17 ਕਾਰਤੂਸ ਟੋਯੋਟਾ ਕੋਰੌਲਾ ਕਾਰ ਦੇ ਗੀਅਰ–ਬਾੱਕਸ ਨੇੜੇ ਬਣਾਏ ਇੱਕ ਖ਼ਾਸ ਖ਼ਾਨੇ ਵਿੱਚ ਲੁਕਾਏ ਹੋਏ ਸਨ।ਉਸ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੇ ਕਾਊਂਟਰ–ਇੰਟੈਲੀਜੈਂਸ ਵਿੰਗ ਦੀ ਟੀਮ ਤੇ ਜ਼ਿਲ੍ਹਾ (ਦਿਹਾਤੀ) ਪੁਲਿਸ ਵੱਲੋਂ ਕੀਤੀ ਗਈ। ਏਆਈਜੀ (ਕਾਊਂਟਰ ਇੰਟੈਲੀਜੈਂਸ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਅਫ਼ਰੀਦੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਫ਼ਤੇਹਾਬਾਦ ਦਾ ਵਸਨੀਕ ਹੈ ਤੇ ਉਹ ਇਸ਼ਤਿਹਾਰੀ ਮੁਜਰਿਮ ਹੈ। ਉਸ ਉੱਤੇ ਕਤਲ, ਕਾਤਲਾਨਾ ਹਮਲੇ, ਗੈਂਗ ਵਾਰਜ਼, ਫਿਰੋਤੀ ਦੇ 20 ਤੋਂ ਵੀ ਵੱਧ ਮਾਮਲੇ ਦਰਜ ਹਨ। ਉਸ ਨੇ ਬਹੁਤੀਆਂ ਵਾਰਦਾਤਾਂ ਨੂੰ ਸੂਬੇ ਦੀ ਮਾਝਾ ਪੱਟੀ ਵਿੱਚ ਅੰਜਾਮ ਦਿੱਤਾ ਹੈ। ਸ੍ਰੀ ਖੱਖ ਨੇ ਦੱਸਿਆ ਕਿ ਅਫ਼ਰੀਦੀ ਮੋਹਾਲੀ ਪੁਲਿਸ ਨੂੰ ਵੀ ਲੋੜੀਂਦਾ ਹੈ ਤੇ ਉਸ ਨੇ ਕਾਲਜ ਦੀ ਪੜ੍ਹਾਈ ਅੱਧ–ਵਿਚਾਲੇ ਛੱਡ ਕੇ ਆਪਣਾ ਗੈਂਗ ਬਣਾਇਆ ਸੀ। ਉਸ ਉੱਤੇ ਤਰਨ ਤਾਰਨ ਵਿੱਚ ਇੱਕ ਔਰਤ ਦੇ ਕੱਪੜੇ ਲੁਹਾਉਣ ਦਾ ਵੀ ਦੋਸ਼ ਹੈ। ਅਗਸਤ 2018 ਦੌਰਾਨ ਅਫ਼ਰੀਦੀ ਕਥਿਤ ਤੌਰ ਉੱਤੇ ਗੋਇੰਦਵਾਲ ਸਾਹਿਬ ਵਿਖੇ ਗੈਂਗਸਟਰਜ਼ ਦੀ ਬਹੁ–ਚਰਚਿਤ ਲੜਾਈ ਵਿੱਚ ਵੀ ਸ਼ਾਮਲ ਰਿਹਾ ਹੈ। ਉਦੋਂ ਉਸ ਲੜਾਈ ਵਿੱਚ ਤਿੰਨ ਗੈਂਗਸਟਰਜ਼ ਤੇ ਇੱਕ ਰਿਕਸ਼ਾ–ਚਾਲਕ ਦੀ ਮੌਤ ਹੋ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਸੂਹ ਮਿਲੀ ਸੀ ਕਿ ਅਫ਼ਰੀਦੀ ਇੱਕ ਕਾਰ ਰਾਹੀਂ ਆਪਣੇ ਮਾਮਿਆਂ ਨੂੰ ਮਿਲਣ ਲਈ ਜਲੰਧਰ ਵੱਲ ਆ ਰਿਹਾ ਹੈ। ਉਸ ਨੇ 2007 ਦੌਰਾਨ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਣ ਦਾ ਜਤਨ ਕੀਤਾ ਸੀ; ਤਦ ਉਸ ਨੂੰ ਪੇਸ਼ੀ ਲਈ ਅਦਾਲਤ ਲਿਜਾਂਦਾ ਜਾ ਰਿਹਾ ਸੀ ਪਰ ਉਦੋਂ ਉਹ ਕਾਮਯਾਬ ਨਹੀਂ ਹੋ ਸਕਿਆ ਸੀ। ਸਾਲ 2009 ਦੌਰਾਨ ਉਹ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਫਿਰ 2016 ਦੌਰਾਨ ਮੋਹਾਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਜਨਵਰੀ 2017 ’ਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਉਸ ਤੋਂ ਬਾਅਦ ਜਦੋਂ ਉਹ ਪੈਰੋਲ ਤੋਂ ਬਾਅਦ ਪੇਸ਼ ਨਹੀਂ ਹੋਇਆ ਸੀ, ਤਦ ਉਸ ਨੂੰ ਭਗੌੜਾ ਤੇ ਇਸ਼ਤਿਹਾਰੀ ਮੁਜਰਿਮ ਐਲਾਨ ਦਿੱਤਾ ਗਿਆ ਸੀ।
ਅਫ਼ਰੀਦੀ ਬਹੁਤ ਸ਼ਾਹੀ ਕਿਸਮ ਦਾ ਜੀਵਨ ਬਤੀਤ ਕਰਦਾ ਰਿਹਾ ਹੈ। ਉਸ ਦੀ ਸ਼ਰਾਬ ਦੇ ਤਿੰਨ ਠੇਕਿਆਂ ਵਿੱਚ ਭਾਈਵਾਲੀ ਹੈ। ਇਸ ਤੋਂ ਇਲਾਵਾ ਹਰੀਕੇ ਇਲਾਕੇ ਵਿੱਚ ਉਸ ਨੇ ਮੱਛੀਆਂ ਫੜਨ ਦੇ ਠੇਕੇ ਵੀ ਲਏ ਹੋਏ ਹਨ। ਉਹ ਕ੍ਰਿਕੇਟ ਦੇ ਮੈਚਾਂ ਉੱਤੇ ਸੱਟੇ ਵੀ ਲਾਉਂਦਾ ਰਿਹਾ ਹੈ।
ਬਰਨਾਲਾ ਪੁਲਿਸ ਨੇ ਹਰਦੀਪ ਸਿੰਘ ਦੀਪਾ ਨਾਂਅ ਦੇ ਇੱਕ ਗੈਂਗਸਟਰ ਨੂੰ ਦੋ ਪਿਸਤੌਲਾਂ ਤੇ ਕੁਝ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਹ ਮਹਿਲ ਕਲਾਂ ਦਾ ਵਸਨੀਕ ਹੈ। ਬਰਨਾਲਾ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਜਗਰਾਓਂ, ਬਠਿੰਡਾ ਤੇ ਬਰਨਾਲਾ ਪੁਲਿਸ ਨੂੰ ਕਤਲਾਂ ਅਤੇ ਲੁੱਟਾਂ–ਖੋਹਾਂ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਉਸ ਦੇ ਬਹੁਤੇ ਸਾਥੀ ਜੇਲ੍ਹ ਵਿੱਚ ਹਨ। ਇੱਕ ਸਥਾਨਕ ਅਦਾਲਤ ਨੇ ਉਸ ਦਾ 20 ਮਾਰਚ ਤੱਕ ਪੁਲਿਸ ਰਿਮਾਂਡ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close