Canada

ਕੈਨੇਡਾ : ਫੈਡਰਲ ਸਰਕਾਰ ਵੱਲੋਂ ਬੱਜਟ ਪੇਸ਼, ਵਿਖਾਇਆ 19.8 ਬਿਲੀਅਨ ਦਾ ਘਾਟਾ

ਅੱਜ ਐਲਾਨ ਕੀਤੇ ਗਏ ਬੱਜਟ ਵਿੱਚ ਇਹ ਘਾਟਾ 19.8 ਬਿਲੀਅਨ ਦਾ ਵਿਖਾਇਆ ਗਿਆ ਹੈ। ਲਿਬਰਲ ਪਾਰਟੀ ਨੇ 2015 ਵਿੱਚ ਸੱਤਾ ਵਿੱਚ ਆਉਣ ਦਾ ਖੁਆਬ ਵੇਖਣ ਵੇਲੇ ਪਤਾ ਨਹੀਂ ਇਹੋ ਜਿਹੀ ਕਿਹੜੀ ਕਿਤਾਬ ਪੜ ਲਈ ਜਿਸ ਵਿੱਚ ‘ਬੱਜਟ ਨੂੰ ਸਾਵਾਂ ਕਰਨ, ਔਖੇ ਵੇਲੇ ਲਈ ਫੰਡ ਰੀਜ਼ਰਵ ਰੱਖਣ, ਕਰਜ਼ ਦੀ ਦਰ ਘੱਟ ਕਰਨ ਆਦਿ ਵਰਗੇ ਚੈਪਟਰ ਮੂਲੋਂ ਹੀ ਗਾਇਬ ਸਨ। ਬਿੱਲ ਮੂਰਨੋ ਹੋਰਾਂ ਨੇ ਪਿਛਲੇ ਸਾਲਾਂ ਵਾਗੂੰ ਆਪਣੇ ਰਿਕਾਰਡ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ ਕੈਨੇਡੀਅਨਾਂ ਨਾਲ ਹਿੱਕ ਥਾਪੜ ਕੇ ਵਾਅਦਾ ਕਰ ਲਿਆ ਹੈ ਕਿ 2024 ਵਿੱਚ ਬੱਜਟ ਵਿੱਚ ਘਾਟਾ 2024 ਵਿੱਚ ਸਿਰਫ਼ 10 ਬਿਲੀਅਨ ਰਹਿ ਜਾਵੇਗਾ।ਪਰ ਉਹਨਾਂ ਇਹ ਨਹੀਂ ਦੱਸਿਆ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇ ਕੈਨੇਡਾ ਦੀ ਅਰਥ ਵਿਵਸਥਾ 1.8% ਦੀ ਦਰ ਉੱਤੇ ਵਿਕਾਸ ਕਰਦੀ ਰਹੇ, ਇਸ ਵਿਕਾਸ ਵਿੱਚ ਸਿੱਕੇ ਦੇ ਪਸਾਰ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਇੱਕ ਵੀ ਡਾਲਰ ਫਾਲਤੂ ਖਰਚ ਨਾ ਕਰੇ। ਇਹ ਵੱਖਰੀ ਗੱਲ ਹੈ ਕਿ ਇਸ ਸਾਲ ਅਰਥ ਵਿਵਸਥਾ ਦੇ ਬਹੁਤ ਅੱਛਾ ਹੋਣ ਦੇ ਬਾਵਜੂਦ ਬਿੱਲ ਮੌਰਨੂ ਹੋਰਾਂ ਨੇ 22.8 ਬਿਲੀਅਨ ਡਾਲਰ ਦੇ ਬਰਾਬਰ ਨਵੇਂ ਖਰਚੇ ਕਰਨ ਦਾ ਤਹਈਆ ਕੀਤਾ ਹੈ। ਇਹ ਮੰਨਣਾ ਕੈਨੇਡੀਅਨਾਂ ਦਾ ਆਪਣਾ ਕੰਮ ਹੈ ਕਿ ਖਰਚੇ ਕਰਨ ਨੂੰ ਆਪਣਾ ਅਧਿਕਾਰ ਸਮਝਣ ਵਾਲੀ ਲਿਬਰਲ ਸਰਕਾਰ ਕੀ ਸੱਚਮੁੱਚ ਅਗਲੇ 3-4 ਸਾਲ ਕੋਈ ਫਾਲਤੂ ਖਰਚ ਨਹੀਂ ਕਰੇਗੀ? ਜੇ ਹਾਂ, ਤਾਂ 2024 ਵਿੱਚ ਘਾਟਾ 10 ਬਿਲੀਅਨ ਤੱਕ ਲਿਆਂਦਾ ਜਾ ਸਕੇਗਾ। ਕਿਸੇ ਪੰਜਾਬੀ ਬੰਦੇ ਦਾ ਕੀਤਾ ਮਜਾਕ ਕਿੰਨਾ ਸੱਚ ਹੈ ਕਿ ਜਦੋਂ ਅੱਕਾਂ ਨੂੰ ਖਜੂਰਾਂ ਲੱਗ ਪੈਣਗੀਆਂ ਅਤੇ ਨਿੰਮਾਂ ਉੱਤੇ ਅੰਬ ਪੱਕਿਆ ਕਰਨਗੇ, ਉਹਨਾਂ ਸਮਿਆਂ ਵਿੱਚ ਲਿਬਰਲ ਸਰਕਾਰ ਵੀ ਆਪਣੇ ਖਰਚੇ ਘੱਟ ਕਰਨ ਲਈ ਜਾਣੀ ਜਾਇਆ ਕਰੇਗੀ। ਖੈਰ ਅੱਕਾਂ ਉੱਤੇ ਖਜੂਰਾਂ ਲੱਗਣ ਦੀ ਉਡੀਕ ਕਰਨ ਤੱਕ ਕੈਨੇਡੀਅਨ ਇਸ ਕੌੜੀ ਸੱਚਾਈ ਨਾਲ ਦੋ ਹੱਥ ਚਾਰ ਜਰੂਰ ਕਰਨ ਕਿ ਇਸ ਸਾਲ ਬੱਜਟ ਵਿੱਚ ਘਾਟੇ ਦੀ ਰਾਸ਼ੀ 19.8 ਬਿਲੀਅਨ ਡਾਲਰ, ਅਤੇ ਕੈਨੇਡਾ ਸਿਰ ਚੜਿਆ ਕਰਜ਼ਾ ਹੋ ਜਾਵੇਗਾ। ਅਕਤੂਬਰ 2019 ਵਿੱਚ ਚੋਣਾਂ ਆ ਰਹੀਆਂ ਹਨ ਤਾਂ ਟਰੂਡੋ ਸਰਕਾਰ ਨੂੰ ਰਿਫਿਊਜੀਆਂ ਦੇ ਗੈਰਕਾਨੂੰਨੀ ਰੂਪ ਵਿੱਚ ਕੈਨੇਡਾ ਦਾਖ਼ਲ ਹੋਣ ਦੀ ਸਮੱਸਿਆ ਦਾ ਚੇਤਾ ਵੀ ਆ ਗਿਆ ਹੈ ਜਿਸ ਵਾਸਤੇ ਅਗਲੇ ਪੰਜ ਸਾਲਾਂ ਲਈ ਵਿਸ਼ੇਸ 1.8 ਬਿਲੀਅਨ ਡਾਲਰ ਰੱਖੇ ਗਏ ਹਨ। ਪਿਛਲੇ ਸਾਲ ਅਮਰੀਕਾ-ਕੈਨੇਡਾ ਬਾਰਡਰ ਰਾਹੀਂ 40 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਰਿਫਿਊਜੀਆਂ ਨੇ ਆ ਕੇ ਕਲੇਮ ਕੀਤੇ ਸਨ। ਵਰਨਣਯੋਗ ਹੈ ਕਿ ਕਿਸੇ ਹੋਰ ਇੰਮੀਗਰੇਸ਼ਨ ਵਰਗ ਦੇ ਇੰਮੀਗਰਾਂਟਾਂ (ਫੈਮਲੀ ਕਲਾਸ, ਇਕਾਨਮਿਕ ਕਲਾਸ ਆਦਿ) ਲਈ ਕਿਸੇ ਕਿਸੇ ਕਿਸਮ ਦੀਆਂ ਵਿਸ਼ੇਸ਼ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਕਾਨੂੰਨੀ ਰੂਪ ਵਿੱਚ ਆਏ ਪਰਵਾਸੀ ਅਰਥ ਵਿਵਸਥਾ ਵਿੱਚ ਬਹੁਤ ਜਲਦੀ ਯੋਗਦਾਨ ਪਾਉਣਾ ਆਰੰਭ ਕਰ ਦੇਂਦੇ ਹਨ।

Show More

Related Articles

Leave a Reply

Your email address will not be published. Required fields are marked *

Close