Punjab

ਚੋਣ ਜ਼ਾਬਤੇ ਦੀ ਉਲੰਘਣਾ ‘ਚ ਘਿਰੇ ਕੈਪਟਨ ਦੇ ਮੰਤਰੀ

ਆਮ ਆਦਮੀ ਪਾਰਟੀ ਦੇ ਵਫ਼ਦ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਦੇ ਚੀਫ਼ ਇਲੈਕਟੋਰਲ ਅਫ਼ਸਰ ਐਸ ਕਰੁਣਾ ਰਾਜੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਵਿਜੈ ਇੰਦਰ ਸਿੰਗਲਾ ਸੰਗਰੂਰ ਵਿਧਾਨ ਸਭਾ ਤੋਂ ਵਿਧਾਇਕ ਤੇ ਮੌਜੂਦਾ ਸਰਕਾਰ ਵਿੱਚ ਮੰਤਰੀ ਹੋਣ ਦੇ ਨਾਲ-ਨਾਲ ਸੰਗਰੂਰ ਲੋਕ ਸਭਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਵੀ ਹਨ। ਇੱਕ ਲਿਖਤੀ ਚਿੱਠੀ ਰਾਹੀਂ ਵਫ਼ਦ ਨੇ ਦੱਸਿਆ ਕਿ ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ 10 ਮਾਰਚ ਤੋਂ ਲੱਗੇ ਚੋਣ ਜ਼ਾਬਤੇ ਦੌਰਾਨ ਸਰਕਾਰ ਨਾਲ ਸਬੰਧਿਤ ਕੋਈ ਵੀ ਨਵਾਂ ਐਲਾਨ ਨਹੀਂ ਕੀਤਾ ਜਾ ਸਕਦਾ ਪਰ ਸਿੰਗਲਾ ਨੇ ਸੰਗਰੂਰ ਖੇਤਰ ਵਿੱਚ ਆਪਣੇ ਦੌਰੇ ਦੌਰਾਨ ਨਵੇਂ ਵਾਅਦੇ ਕੀਤੇ ਹਨ।
ਉਨ੍ਹਾਂ ਕਿਹਾ ਕਿ ‘ਦ ਟ੍ਰਿਬਿਊਨ’ ਦੀ 17 ਮਾਰਚ ਦੀ ਖ਼ਬਰ ਮੁਤਾਬਕ ਸਿੰਗਲਾ ਨੇ ਸੰਗਰੂਰ ਦੇ ਵੱਖ-ਵੱਖ ਖੇਤਰਾਂ ਵਿੱਚ ਫ਼ੰਡ ਵੰਡੇ ਹਨ ਤੇ ਇਸ ਖ਼ਬਰ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਦਾ ਸਾਰਾ ਤੰਤਰ ਕਾਂਗਰਸੀ ਮੰਤਰੀ ਦੀ ਸਹਾਇਤਾ ਕਰਨ ਵਿੱਚ ਲੱਗਿਆ ਹੋਇਆ ਹੈ।
ਸ ਮੌਕੇ ਬੋਲਦੇ ਚੀਮਾ ਨੇ ਕਿਹਾ ਕਿ ਸੂਬੇ ਦੀ ਸੱਤਾਧਾਰੀ ਕਾਂਗਰਸ ਸਰਕਾਰ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਹੀ ਹੈ ਤੇ ਉਨ੍ਹਾਂ ਦੇ ਮੰਤਰੀ ਵੋਟਰਾਂ ਨੂੰ ਭਰਮਾਉਣ ਲਈ ਨਵੇਂ ਵਾਅਦੇ ਕਰ ਰਹੇ ਹਨ। ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਦੌਰੇ ਦੇ ਦੌਰਾਨ ਵੱਖ-ਵੱਖ ਸਕੀਮਾਂ ਲਈ ਰਕਮਾਂ ਵੀ ਜਾਰੀ ਕੀਤੀਆਂ ਹਨ। ਇਹ ਚੋਣ ਜ਼ਾਬਤੇ ਦੀ ਸਰਾਸਰ ਉਲੰਘਣਾ ਹੈ।ਉਨ੍ਹਾਂ ਇਲਜ਼ਾਮ ਲਾਇਆ ਕਿ ਜਿਹੜੀ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਸੂਬੇ ਲਈ ਕੁਝ ਨਹੀਂ ਕੀਤਾ, ਉਹ ਚੋਣਾਂ ਦੌਰਾਨ ਇੱਕਦਮ ਜਾਗ ਉੱਠੀ ਹੈ। ਵਫ਼ਦ ਨੇ ਮੰਗ ਕੀਤੀ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਹੇਠ ਮੰਤਰੀ ਸਿੰਗਲਾ ਖ਼ਿਲਾਫ਼ ਕਾਰਵਾਈ ਕਰਕੇ ਚੋਣ ਕਮਿਸ਼ਨ ਸੂਬੇ ਵਿੱਚ ਉਦਾਹਰਨ ਪੇਸ਼ ਕਰੇ।

Show More

Related Articles

Leave a Reply

Your email address will not be published. Required fields are marked *

Close