Canada

ਕੈਨੇਡਾ: ਟਰੂਡੋ ਸਰਕਾਰ ਨੇ ਫੈਡਰਲ ਚੋਣਾਂ ਲਈ ਕੱਸੀ ਕਮਰ, ਅੱਜ ਹੋਵੇਗਾ ਫੈਡਰਲ ਬੱਜਟ ਪੇਸ਼

ਓਟਵਾ,ਟਰੂਡੋ ਸਰਕਾਰ ਨੇ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਕਮਰ ਕੱਸ ਲਈ ਹੈ। ਇਸ ਦੇ ਨਾਲ ਹੀ ਇਹ ਵੀ ਲੱਗ ਰਿਹਾ ਹੈ ਕਿ ਲਿਬਰਲ ਐਸਐਨਸੀ-ਲਾਵਾਲਿਨ ਮਾਮਲੇ ਤੋਂ ਆਪਣਾ ਖਹਿੜਾ ਛੁਡਾਉਣਾ ਚਾਹੁੰਦੇ ਹਨ ਤੇ ਆਪਣੇ ਵਿਰੋਧੀਆਂ ਦਾ ਧਿਆਨ ਇਸ ਮਾਮਲੇ ਤੋਂ ਪਾਸੇ ਕਰਨਾ ਚਾਹੁੰਦੇ ਹਨ। ਅੱਜ ਫੈਡਰਲ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ। ਇਹ ਚੋਣਾਂ ਤੋਂ ਪਹਿਲਾਂ ਲਿਬਰਲ ਸਰਕਾਰ ਦਾ ਚੌਥਾ ਤੇ ਆਖਰੀ ਬਜਟ ਹੋਵੇਗਾ। ਇਸ ਵਿੱਚ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ, ਸੀਨੀਅਰਜ਼ ਤੇ ਬਾਲਗ ਕੈਨੇਡੀਅਨਾਂ (ਜਿਹੜੇ ਸਕਿੱਲ ਟਰੇਨਿੰਗ ਲਈ ਸਕੂਲ ਪਰਤਣਾਂ ਚਾਹੁੰਦੇ ਹਨ) ਲਈ ਰਿਆਇਤ ਹੋਵੇਗੀ। ਇਹ ਵੀ ਸੰਭਾਵਨਾਂ ਹੈ ਕਿ ਸਰਕਾਰ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਵੱਲ ਪਹਿਲਾ ਕਦਮ ਵੀ ਚੁੱਕ ਸਕਦੀ ਹੈ ਤੇ ਪਹਿਲਾਂ ਤੋਂ ਹੀ ਐਲਾਨੇ ਟੈਕਸ ਕ੍ਰੈਡਿਟਸ ਤੇ ਇਨਸੈਂਟਿਵਜ਼ ਦੇ ਵੇਰਵੇ ਵੀ ਉਜਾਗਰ ਕਰ ਸਕਦੀ ਹੈ ਜੋ ਕੈਨੇਡਾ ਦੀ ਬਿਮਾਰ ਜਰਨਲਿਜ਼ਮ ਇੰਡਸਟਰੀ ਦੀ ਮਦਦ ਲਈ ਪੰਜ ਸਾਲਾਂ ਵਿੱਚ 595 ਮਿਲੀਅਨ ਡਾਲਰ ਤੱਕ ਹੋ ਸਕਦੇ ਹਨ। ਪਰ ਵਿੱਤ ਮੰਤਰੀ ਬਿੱਲ ਮੌਰਨਿਊ ਇਸ ਦੌਰਾਨ ਚੋਣਾਂ ਲਈ ਹਵਾ ਦਾ ਰੁਖ ਲਿਬਰਲਾਂ ਵੱਲ ਕਰਨ ਲਈ ਵੀ ਜ਼ੋਰ ਲਾਉਣਗੇ ਤੇ ਇਹ ਤਰਕ ਪੇਸ਼ ਕਰਨਗੇ ਕਿ ਕਈ ਸਾਲਾਂ ਤੋਂ ਕੀਤੇ ਗਏ ਘੱਟ ਖਰਚੇ ਕਾਰਨ ਹੀ ਅੱਜ ਅਰਥਚਾਰਾ ਮਜ਼ਬੂਤ ਹੋਇਆ ਹੈ। ਇਹ ਵੀ ਹੋ ਸਕਦਾ ਹੈ ਕਿ ਮੌਰਨਿਊ ਬੁਨਿਆਦੀ ਢਾਂਚੇ ਉੱਤੇ ਕੀਤੇ ਨਿਵੇਸ਼ ਤੇ ਖਰਚੇ ਸਬੰਧੀ ਅਪਣਾਏ ਗਏ ਹੋਰ ਮਾਪਦੰਡਾਂ, ਜਿਵੇਂ ਕਿ 950,000 ਨੌਕਰੀਆਂ ਪੈਦਾ ਕਰਨ ਤੇ ਪਿਛਲੇ 40 ਸਾਲਾਂ ਵਿੱਚ ਬੇਰੋਜ਼ਗਾਰੀ ਦਰ ਨੂੰ ਸੱਭ ਤੋਂ ਹੇਠਾਂ ਲਿਆਉਣ ਦਾ ਕ੍ਰੈਡਿਟ ਵੀ ਆਪ ਹੀ ਲੈਣਗੇ। ਇਸ ਤੋਂ ਇਲਾਵਾ ਦਸ ਸਾਲਾਂ ਵਿੱਚ ਸੱਭ ਤੋਂ ਘੱਟ ਗਰੀਬੀ ਦਰ ਲਿਆਉਣ ਲਈ ਚਾਈਲਡ ਬੈਨੇਫਿਟ ਦਾ ਸਿਹਰਾ ਵੀ ਆਪਣੇ ਸਿਰ ਹੀ ਬੰਨ੍ਹਣਾ ਚਾਹੁਣਗੇ। ਇਹ ਵੀ ਕਿਆਫੇ ਲਾਏ ਜਾ ਰਹੇ ਹਨ ਕਿ ਮੌਰਨਿਊ ਬਿਹਤਰ ਵਿੱਤੀ ਤਸਵੀਰ ਵਿਖਾ ਕੇ ਫੜ੍ਹ ਵੀ ਮਾਰਨੀ ਚਾਹੁਣਗੇ।

Show More

Related Articles

Leave a Reply

Your email address will not be published. Required fields are marked *

Close