Punjab

ਕੀ ਪਾਕਿਸਤਾਨ ਦੇ ਰਿਹੈ ਖ਼ਾਲਿਸਤਾਨੀਆਂ ਨੂੰ ਹਮਾਇਤ, ਜਾਣੋ ਕੀ ਕਿਹਾ ਕੈਪਟਨ ਨੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਚੜ੍ਹਦੇ ਭਾਵ ਭਾਰਤੀ ਪੰਜਾਬ ਵਿੱਚ ਗੜਬੜੀ ਫੈਲਾਉਣ ਦੇ ਬਹਾਨੇ ਲੱਭਦੀ ਰਹਿੰਦੀ ਹੈ। ਮੁੱਖ ਮੰਤਰੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਆਈਐੱਸਆਈ ਤਾਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀ ਉਸ ‘ਰਾਇਸ਼ੁਮਾਰੀ – 2020’ ਲਈ ਵਰਤਣਾ ਚਾਹੁੰਦੀ ਹੈ, ਜਿਸ ਦੀ ਪੈਰਵਾਈ ਅਮਰੀਕਾ ਸਥਿਤ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਵੱਲੋਂ ਕੀਤੀ ਜਾ ਰਹੀ ਹੈ।ਸੱਚਮੁਚ ਪਾਕਿਸਤਾਨ ਖ਼ਾਲਿਸਤਾਨੀ ਸਮਰਥਕਾਂ ਨੂੰ ਭਾਰਤ ਵਿਰੁੱਧ ਵਰਤਣਾ ਚਾਹੁੰਦਾ ਹੈ। ਭਾਰਤ ਵਿੱਚ ਖ਼ਾਲਿਸਤਾਨ ਦੇ ਸਮਰਥਕ ਵੀ ਫੜੇ ਜਾਂਦੇ ਰਹੇ ਹਨ। ਹਾਲੇ ਕੱਲ੍ਹ ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀ ‘ਖ਼ਾਲਿਸਤਾਨ ਕਮਾਂਡੋ ਫ਼ੋਰਸ’ ਦੇ ਮੈਂਬਰ ਗੁਰਸੇਵਕ ਸਿੰਘ (53) ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰਸੇਵਕ ਸਿੰਘ ਨੂੰ ਦਿੱਲੀ ਦੇ ਕੌਮਾਂਤਰੀ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਬੀਤੀ 12 ਮਾਰਚ ਨੂੰ ਆਪਣੇ ਕਿਸੇ ਜਾਣਕਾਰ ਨੂੰ ਮਿਲਣ ਲਈ ਭਾਰਤ ਆਇਆ ਸੀ।
ਐਡੀਸ਼ਨਲ ਪੁਲਿਸ ਕਮਿਸ਼ਨਰ (ਕ੍ਰਾਈਮ) ਅਜੀਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਗੁਰਸੇਵਕ 50 ਤੋਂ ਵੱਧ ਅੱਤਵਾਦੀ ਗਤੀਵਿਧੀਆਂ, ਪੁਲਿਸ ਅਧਿਕਾਰੀਆਂ ਤੇ ਮੁਖ਼ਬਰਾਂ ਦੇ ਕਤਲਾਂ, ਬੈਂਕਾਂ ਤੇ ਪੁਲਿਸ ਥਾਣੇ ਵਿੱਚ ਡਕੈਤੀ ਤੇ ਹੋਰ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਪੁਲਿਸ ਮੁਤਾਬਕ ਗੁਰਸੇਵਕ ਸਿੰਘ ਕਈ ਮਾਮਲਿਆਂ ਵਿੱਚ 26 ਤੋਂ ਵੀ ਵੱਧ ਸਾਲਾਂ ਤੱਕ ਜੇਲ੍ਹ ਵਿੱਚ ਰਿਹਾ ਹੈ ਤੇ ਨਿਯਮਤ ਤੌਰ ਉੱਤੇ ਪਾਕਿਸਤਾਨ ਦੀਆਂ ਕੁਝ ਅੱਤਵਾਦੀ ਜੱਥੇਬੰਦੀਆਂ ਦੇ ਸੰਪਰਕ ਵਿੱਚ ਸੀ।
ਅਜਿਹੀਆਂ ਖ਼ਬਰਾਂ ਰਾਹੀਂ ਕੈਪਟਨ ਦੇ ਬਿਆਨ ਦੀ ਪ੍ਰੋੜ੍ਹਤਾ ਤੇ ਪੁਸ਼ਟੀ ਆਪਣੇ–ਆਪ ਹੁੰਦੀ ਵਿਖਾਈ ਦਿੰਦੀ ਹੈ ਜਾਂ ਨਹੀਂ, ਇਹ ਪਾਠਕ ਖ਼ੁਦ ਫ਼ੈਸਲਾ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close