Punjab

CLU ਘੁਟਾਲੇ ’ਚ ਆਸ਼ੂ ਵਿਰੁੱਧ ਕਾਰਵਾਈ ਹੋਵੇ, ਸਿੱਧੂ ਸ਼ਲਾਘਾਯੋਗ: ਖਹਿਰਾ

ਪੰਜਾਬ ਏਕਤਾ ਪਾਰਟੀ (PEP) ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕੈਬਿਨੇਟ ਵਿੱਚੋਂ ਬਰਤਰਫ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਕਥਿਤ CLU (Change of Land Use – ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ) ਘੁਟਾਲੇ ਵਿੱਚ ਮੰਤਰੀ ਦੀ ਭੂਮਿਕਾ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣੀ ਚਾਹੀਦੀ ਹੈ ਤੇ ਜਾਂ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (CBI – ਸੀਬੀਆਈ) ਹਵਾਲੇ ਕਰ ਦੇਣਾ ਚਾਹੀਦਾ ਹੈ। ਇੱਥੇ ਵਰਨਣਯੋਗ ਹੈ ਕਿ ਇਹ ਮਾਮਲਾ ਗ੍ਰੈਂਡ ਮੈਨਰ ਹੋਮਜ਼ ਨਾਂਅ ਦੇ ਸ਼ਾਹੀ ਕਿਸਮ ਦੇ ਬਹੁ–ਕਰੋੜੀ ਅਪਾਰਟਮੈਂਟ ਪ੍ਰੋਜੈਕਟ ਵਿੱਚ ਕਥਿਤ ਤੌਰ ’ਤੇ ਪ੍ਰਾਈਵੇਟ ਡਿਵੈਲਪਰਜ਼ ਨੂੰ ਲਾਭ ਪਹੁੰਚਾਉਣ ਲਈ ਇਹ ਸਭ ਕੀਤਾ ਗਿਆ ਦੱਸਿਆ ਜਾਂਦਾ ਹੈ।
ਸ੍ਰੀ ਖਹਿਰਾ ਨੇ ਲੁਧਿਆਣਾ ਦੇ ਏਡੀਸੀ ਇਕਬਾਲ ਸਿੰਘ ਸੰਧੂ ਤੇ ਡੀਐੱਸਪੀ ਰੈਂਕ ਦੇ ਅਧਿਕਾਰੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਇਸ CLU ਘੁਟਾਲੇ ਦੀ ਕੀਤੀ ਜਾਂਚ ਦੀਆਂ ਕਾਪੀਆਂ ਵੀ ਮੀਡੀਆ ਨੂੰ ਵਿਖਾਈਆਂ; ਜਿਨ੍ਹਾਂ ਵਿੱਚ ਇਹ ਸਿਫ਼ਾਰਸ਼ ਕੀਤੀ ਗਈ ਹੈ ਕਿ ਗ਼ੈਰ–ਕਾਨੂੰਨੀ ਉਸਾਰੀਆਂ ਤੇ ਭ੍ਰਿਸ਼ਟਾਚਾਰ, ਜਾਅਲੀ ਦਸਤਾਵੇਜ਼ ਤਿਆਰ ਕੀਤੇ ਜਾਣ ਜਿਹੇ ਮਾਮਲਿਆਂ ਵਿੱਚ ਅਪਰਾਧਕ ਕਾਨੂੰਨ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਸ੍ਰੀ ਖਹਿਰਾ ਨੇ ਦੱਸਿਆ ਕਿ ਜਾਂਚ ਅਧਿਕਾਰੀ DSP ਬਲਵਿੰਦਰ ਸਿੰਘ ਸੇਖੋਂ ਨੇ ਆਪਣੀ ਰਿਪੋਰਟ ਵਿੱਚ ਬਹੁਤ ਸਪੱਸ਼ਟ ਤਰੀਕੇ ਵਰਣਨ ਕੀਤਾ ਸੀ ਕਿ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਕਾਂਗਰਸੀ ਆਗੂ ਕੰਵਲਜੀਤ ਸਿੰਘ ਕਰਵਾਲ ਨੇ ਜਾਂਚ ਉੱਤੇ ਆਪਣਾ ਦਬਾਅ ਵਰਤਣ ਦਾ ਜਤਨ ਕੀਤਾ ਤੇ ‘ਡੀਐੱਸਪੀ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਇਸ ਮਾਮਲੇ ਦੀ ਜਾਂਚ ਜਾਰੀ ਨਾ ਰੱਖਣ ਲਈ ਵੀ ਆਖਿਆ ਗਿਆ ਸੀ।’
ਸ੍ਰੀ ਖਹਿਰਾ ਨੇ ਸੁਆਲ ਕੀਤਾ ਕਿ ਪੰਜਾਬ ਦੇ ਇੱਕ ਮੰਤਰੀ ਨੇ ਇੱਕ DSP ਨੂੰ ਇੰਨੀ ਅਹਿਮ ਜਾਂਚ ਤੋਂ ਲਾਂਭੇ ਰਹਿਣ ਲਈ ਕਿਉਂ ਆਖਿਆ; ਇਸ ਤੋਂ ਸਪੱਸ਼ਟ ਹੈ ਕਿ ਆਸ਼ੂ ਦਾ ਇਸ ਪ੍ਰੋਜੈਕਟ ਵਿੱਚ ਹਿੱਸਾ ਸੀ। ਉਨ੍ਹਾਂ ਕਿਹਾ ਕਿ CLU ਨਾਲ ਸਬੰਧਤ ਪਿਛਲੇ 10 ਸਾਲਾਂ ਦੇ ਮਾਮਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਰਕਾਰੀ ਖਜ਼਼ਾਨੇ ਨੂੰ ਕਈ ਕਰੋੜਾਂ ਦਾ ਨੁਕਸਾਨ ਝੱਲਣਾ ਪਿਆ ਹੈ।
ਸ੍ਰੀ ਖਹਿਰਾ ਨੇ ਕਿਹਾ ਕਿ ਅਧਿਕਾਰੀਆਂ ਨੇ ਸਬੰਧਤ ਅਧਿਕਾਰੀਆਂ ਨੇ ਆਪੋ–ਆਪਣੀਆਂ ਰਿਪੋਰਟਾਂ ਫ਼ਰਵਰੀ 2019 ਦੌਰਾਨ ਪੰਜਾਬ ਸਰਕਾਰ ਨੂੰ ਸੌਂਪ ਦਿੱਤੀਆਂ ਸਨ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।ਸ੍ਰੀ ਖਹਿਰਾ ਨੇ ਕਿਹਾ ਕਿ ਇਹ ਮਾਮਲਾ ਭਾਵੇਂ ਪੰਜਾਬ ਵਿਧਾਨ ਸਭਾ ਵਿੱਚ ਵੀ ਉੱਠਿਆ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਨਿਆਂਪੂਰਨ ਜਾਂਚ ਕਰਵਾਉਣ ਲਈ ਵੀ ਕਿਹਾ ਸੀ ਕਿਰ ਵਿਵਾਦਗ੍ਰਸਤ ਜ਼ਮੀਨ ਉੱਤੇ ਉਸਾਰੀ ਦਾ ਕੰਮ ਹਾਲੇ ਵੀ ਚੱਲ ਰਿਹਾ ਹੈ; ਜਿਸ ਤੋਂ ਸਪੱਸ਼ਟ ਹੈ ਕਿ ਬਿਲਡਰਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ ਤੇ ਇਹ ਬਿਲਡਰ ਮਕਾਨ ਖ਼ਰੀਦਣ ਲਈ ਜਨਤਕ ਇਸ਼ਤਿਹਾਰ ਵੀ ਜਾਰੀ ਕਰ ਰਹੇ ਹਨ।
ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਕੋਲ ਵੀ ਇਹੋ ਸਾਰੇ ਦਸਤਾਵੇਜ਼ ਮੌਜੂਦ ਸਨ ਪਰ ‘ਉਨ੍ਹਾਂ ਦੀ ਕਿਉਂਕਿ ਕਾਂਗਰਸ ਨਾਲ ਮਿਲੀਭੁਗਤ ਹੈ, ਇਸੇ ਲਈ ਉਹ ਆਸ਼ੂ ਨੂੰ ਬਚਾਉਣ ਲਈ ਚੁੱਪ ਸਨ।’ ਸ੍ਰੀ ਖਹਿਰਾ ਨੇ ਕਿਹਾ ਕਿ ਜੇ ਸਰਕਾਰ ਇੱਕ ਹਫ਼ਤੇ ਦੇ ਅੰਦਰ–ਅੰਦਰ ਕੋਈ ਕਾਰਵਾਈ ਨਹੀਂ ਕਰਦੀ, ਤਾਂ ਉਹ ਇਹ ਮਾਮਲਾ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਜਾਣਗੇ ਤੇ ਨਾਲ ਹੀ ਮੰਤਰੀ ਆਸ਼ੂ ਵਿਰੁੱਧ ਰੋਸ ਮੁਜ਼ਾਹਰੇ ਵੀ ਕੀਤੇ ਜਾਣਗੇ।
ਸ੍ਰੀ ਖਹਿਰਾ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਹੀ ਕੈਬਿਨੇਟ ਵਿੱਚ ਸਹਿਯੋਗੀ ਮੰਤਰੀ ਵਿਰੁੱਧ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਹਾਲੇ ਇਸ ਮੁੱਦੇ ਉੱਤੇ ਆਪਣਾ ਦ੍ਰਿਸ਼ਟੀਕੋਣ ਨਹੀਂ ਰੱਖਿਆ ਪਰ ਉਨ੍ਹਾਂ ਆਪਣੇ ਪੱਧਰ ਉੱਤੇ ਭ੍ਰਿਸ਼ਟਾਚਾਰ ਰੋਕਣ ਦਾ ਹਰ ਸੰਭਵ ਜਤਨ ਕੀਤਾ।

Show More

Related Articles

Leave a Reply

Your email address will not be published. Required fields are marked *

Close