Sports

5ਵਾਂ ਵਨਡੇ ਕ੍ਰਿਕਟ ਮੈਚ: ਭਾਰਤੀ ਸ਼ੇਰ ਢੇਰ, ਆਸਟ੍ਰੇਲੀਆ ਨੇ ਲੜੀ 3-2 ਨਾਲ ਜਿੱਤੀ

ਨਵੀਂ ਦਿੱਲੀ: ਆਪਣੀ ਹੀ ਧਰਤੀ ‘ਤੇ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਕਰਾਰੀ ਮਾਤ ਸਹਿਣੀ ਪਈ। ਪੰਜ ਇੱਕ ਦਿਨਾ ਮੈਚਾਂ ਦੀ ਲੜੀ ਦੇ ਆਖ਼ਰੀ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 35 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਲੜੀ ‘ਤੇ 3-2 ਨਾਲ ਕਬਜ਼ਾ ਵੀ ਕਰ ਲਿਆ, ਜੋ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਲਈ ਆਖ਼ਰੀ ਕੌਮਾਂਤਰੀ ਲੜੀ ਸੀ ਅਤੇ ਖਾਸੀ ਅਹਿਮੀਅਤ ਵੀ ਰੱਖਦੀ ਸੀ। ਟੀਮ ਦੇ ਅਜਿਹੇ ਪ੍ਰਦਰਸ਼ਨ ਤੋਂ ਬਾਅਦ ਚੋਣਕਾਰਾਂ ‘ਤੇ ਸਵਾਲ ਵੀ ਉੱਠਣ ਲੱਗੇ ਹਨ।
ਪੰਜ ਇੱਕ ਦਿਨਾਂ ਮੈਚਾਂ ਦੀ ਲੜੀ ਦਾ ਆਖਰੀ ਮੈਚ ਦਿੱਲੀ ਦੇ ਫ਼ਿਰੋਜਸ਼ਾਹ ਕੋਟਲਾ ਮੈਦਾਨ ‘ਚ ਖੇਡਿਆ ਗਿਆ, ਜਿੱਥੇ ਭਾਰਤੀ ਟੀਮ ਆਸਟ੍ਰੇਲੀਆ ਵੱਲੋਂ ਨੌਂ ਵਿਕਟਾਂ ਦੇ ਨੁਕਸਾਨ ‘ਤੇ ਦਿੱਤੇ ਗਏ 273 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ ਅਸਫਲ ਰਹੀ ਅਤੇ ਮੈਚ ਦੀ ਆਖ਼ਰੀ ਗੇਂਦ ‘ਤੇ ਪੂਰੀ ਟੀਮ ਹੀ ਆਊਟ ਹੋ ਗਈ। ਅੱਜ ਦੇ ਮੈਚ ਵਿੱਚ ਗੇਂਦਬਾਜ਼ੀ ਅੰਸ਼ਕ ਅਤੇ ਬੱਲੇਬਾਜ਼ੀ ਪੂਰੀ ਤਰ੍ਹਾਂ ਫੇਲ੍ਹ ਰਹੀ।
ਭਾਰਤੀ ਗੇਂਦਬਾਜ਼ਾਂ ਵਿੱਚ ਭੁਵਨੇਸ਼ਵਰ ਕੁਮਾਰ ਨੇ 48 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ ਅਤੇ ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਨੇ ਕ੍ਰਮਵਾਰ 57 ਤੇ 45 ਦੌੜਾਂ ਦੇ ਕੇ ਦੋ-ਦੋ ਖਿਡਾਰੀਆਂ ਨੂੰ ਆਊਟ ਕੀਤਾ। ਸਭ ਤੋਂ ਮਹਿੰਗੇ ਗੇਂਦਬਾਜ਼ ਕੁਲਦੀਪ ਯਾਦਵ ਰਹੇ ਜਿਨ੍ਹਾਂ 74 ਦੌੜਾਂ ਦੇ ਕੇ ਇੱਕ ਵਿਕਟ ਹੀ ਹਾਸਲ ਕੀਤੀ।
ਢਿੱਲੀ ਗੇਂਦਬਾਜ਼ੀ ਤੋਂ ਮਗਰੋਂ ਭਾਰਤੀ ਬੱਲੇਬਾਜ਼ਾਂ ਨੇ ਕਮਜ਼ੋਰ ਖੇਡ ਦਾ ਮੁਜ਼ਾਹਰਾ ਕੀਤਾ। ਪੌਣੇ 300 ਦੌੜਾਂ ਬਣਾਉਣ ਵਿੱਚ ਪੂਰੀ ਭਾਰਤੀ ਟੀਮ ਤਾਸ਼ ਦੇ ਪੱਤਿਆਂ ਵਾਂਗ ਵਿਛ ਗਈ ਅਤੇ ਸਿਰਫ ਰੋਹਿਤ ਸ਼ਰਮਾ ਨੇ ਅਰਧ ਸੈਂਕੜਾ ਲਾਇਆ। ਸਲਾਮੀ ਅਤੇ ਅਗਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਫੇਲ੍ਹ ਹੋਣ ਮਗਰੋਂ ਮੱਧ ਕਰਮ ਦੇ ਬੱਲੇਬਾਜ਼ਾਂ ਕੇਦਾਰ ਜਾਧਵ ਅਤੇ ਭੁਵਨੇਸ਼ਵਰ ਕੁਮਾਰ ਨੇ ਟੀਮ ਨੂੰ ਸ਼ਰਮਨਾਕ ਹਾਰ ਤੋਂ ਬਚਾ ਲਿਆ। ਜਾਧਵ ਨੇ 57 ਗੇਂਦਾਂ ਵਿੱਚ 44 ਅਤੇ ਭੁਵਨੇਸ਼ਵਰ ਨੇ 54 ਗੇਂਦਾਂ ਵਿੱਚ 46 ਦੌੜਾਂ ਬਣਾਈਆਂ ਅਤੇ ਟੀਮ ਦਾ ਸਕੋਰ 200 ਤੋਂ ਪਾਰ ਪਹੁੰਚਾਇਆ।ਦੋਵਾਂ ਦੇ ਪੈਵੇਲੀਅਨ ਪਰਤਦਿਆਂ ਹੀ ਅਗਲੇ ਖਿਡਾਰੀ ਵੀ ਮਗਰੇ ਹੀ ਤੁਰ ਪਏ ਅਤੇ ਪੂਰੀ ਟੀਮ 237 ਦੌੜਾਂ ਬਣਾ ਕੇ ਆਊਟ ਹੋ ਗਈ। ਉੱਧਰ, ਆਸਟ੍ਰੇਲੀਆ ਨੇ ਚੰਗੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਮੁਜ਼ਾਹਰਾ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਆਸਟ੍ਰੇਲੀਆ ਲਈ ਲਾਹੇਵੰਦ ਰਿਹਾ ਅਤੇ ਸਲਾਮੀ ਬੱਲੇਬਾਜ਼ ਉਸਮਾਨ ਖ਼ਵਾਜ਼ਾ ਨੇ ਸ਼ਾਨਦਾਰ ਸੈਂਕੜਾ ਲਾਇਆ ਅਤੇ ਪੀਟਰ ਹੈਂਡਸਕੌਂਬ ਨੇ ਵੀ 52 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ, ਹੋਰ ਖਿਡਾਰੀ ਬਹੁਤਾ ਵੱਡਾ ਸਕੋਰ ਤਾਂ ਨਹੀਂ ਬਣਾ ਸਕੇ ਪਰ ਥੋੜ੍ਹੇ-ਥੋੜ੍ਹੋ ਯੋਗਦਾਨ ਨਾਲ ਸਕੋਰ 272 ਤਕ ਲੈ ਗਏ ਸਨ।

Show More

Related Articles

Leave a Reply

Your email address will not be published. Required fields are marked *

Close