Punjab

ਕੀ ਐਤਕੀਂ ਜੱਲ੍ਹਿਆਂਵਾਲਾ ਬਾਗ਼ ਸਾਕੇ ਲਈ ਮਾਫ਼ੀ ਮੰਗਣਗੇ UK ਤੇ ਮਹਾਰਾਣੀ?

ਇੰਗਲੈਂਡ (UK) ਦੀ ਮਹਾਰਾਣੀ ਐਲਿਜ਼ਾਬੈਥ – ਦੂਜੇ ਆਪਣੀ ਜ਼ਿੰਦਗੀ ਵਿੱਚ ਤਿੰਨ ਵਾਰ ਭਾਰਤ ਆ ਚੁੱਕੇ ਹਨ ਤੇ ਹਰ ਵਾਰ ਉਨ੍ਹਾਂ ਦੀ ਆਮਦ ਨਾਲ ਕੋਈ ਨਾ ਕੋਈ ਵਿਵਾਦ ਜ਼ਰੂਰ ਜੁੜ ਜਾਂਦਾ ਹੈ।ਆਜ਼ਾਦ ਭਾਰਤ ’ਚ ਪਹਿਲੀ ਵਾਰ ਮਹਾਰਾਣੀ ਐਲਿਜ਼ਾਬੈਥ – ਦੂਜੇ 1961 ਦੌਰਾਨ ਆਏ ਸਨ, ਤਦ ਹਜ਼ਾਰਾਂ ਲੋਕ ਉਸ ਦੇਸ਼ ਦੀ ਮਹਾਰਾਣੀ ਨੂੰ ਵੇਖਣ ਲਈ ਇਕੱਠੇ ਹੋ ਗਏ ਸਨ, ਜਿਸ ਨੇ ਉਨ੍ਹਾਂ ਦੇ ਪੁਰਖਿਆਂ ਉੱਤੇ 200 ਸਾਲ ਰਾਜ ਕੀਤਾ ਸੀ। ਤਦ ਮਹਾਰਾਣੀ ਸਾਹਿਬਾ ਬੰਗਲੌਰ ਦੇ ਲਾਲ ਬਾਗ਼ ਗਏ ਸਨ ਤੇ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ।
ਉਸ ਤੋਂ ਬਾਅਦ ਮਹਾਰਾਣੀ ਚੀਤੇ ਦਾ ਸ਼ਿਕਾਰ ਕਰਨ ਲਈ ਵੀ ਗਏ ਸਨ। ਉਨ੍ਹਾਂ ਨੂੰ ਭਾਰਤ ਦੀਆਂ ਕਦਰਾਂ–ਕੀਮਤਾਂ ਤੇ ਰਵਾਇਤਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ; ਇਸੇ ਲਈ ਉਨ੍ਹਾਂ ਨੇ ਚੀਤੇ ਨੂੰ ਭਰਮਾਉਣ ਲਈ ‘ਚੋਗੇ’ ਵਜੋਂ ਇੱਕ ਵੱਛਾ ਮੰਗਿਆ ਪਰ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਬਹੁਤ ਨਿਮਰਤਾ ਨਾਲ ਇਸ ਲਈ ਮਨ੍ਹਾ ਕਰ ਦਿੱਤਾ।
ਤਦ ਮਹਾਰਾਣੀ ਨੇ ਪੰਜਾਬ ’ਚ ਨਹੀਂ ਆਉਣਾ ਸੀ। ਉਦੋਂ ਇੱਕ ਖ਼ਬਰ ਛਪੀ ਸੀ ਕਿ ਲੋਕ ਮਹਾਰਾਣੀ ਦੇ ਫੁੱਲਾਂ ਦੇ ਹਾਰ ਨਾ ਪਾਉਣ ਕਿਉਂਕਿ ਉਨ੍ਹਾਂ ਦਾ ਭਾਰ ਕਈ ਵਾਰ ਜ਼ਿਆਦਾ ਹੋ ਜਾਂਦਾ ਹੈ। ਤਦ ਪੰਜਾਬੀ ਦੇ ਇੱਕ ਲੇਖਕ ਨੇ ਇੱਕ ਵਿਅੰਗਾਤਮਕ ਕਹਾਣੀ ਲਿਖੀ ਸੀ, ਜਿਸ ਦੀ ਕਿਰਦਾਰ ਇੱਕ ਔਰਤ ਫੁੱਲਾਂ ਦਾ ਵਜ਼ਨ ਨਹੀਂ ਝੱਲ ਸਕਦੀ। ਉਹ ਲੇਖਕ ਹੋਰ ਕੋਈ ਨਹੀਂ, ਚੰਡੀਗੜ੍ਹ ’ਚ ਰਹਿੰਦੇ ਮੋਹਨ ਭੰਡਾਰੀ ਸਨ; ਜਿਨ੍ਹਾਂ ਉਸ ਕਹਾਣੀ ਵਿੱਚ ਪਹਿਲਾਂ ਪਿੰਡ ਦੀ ਇੱਕ ਮਹਿਲਾ ਮਜ਼ਦੂਰ ਦਾ ਜ਼ਿਕਰ ਕੀਤਾ ਹੈ, ਜੋ ਦਿਨ ਭਰ ਬਹੁਤ ਜ਼ਿਆਦਾ ਵਜ਼ਨ ਚੁੱਕਦੀ ਹੈ ਤੇ ਉਨ੍ਹਾਂ ਹੈਰਾਨੀ ਪ੍ਰਗਟਾਈ ਸੀ ਕਿ ਇਹ ਕਿਹੋ ਜਿਹੀ ਔਰਤ ਹੈ, ਜੋ ਫੁੱਲਾਂ ਦਾ ਵਜ਼ਨ ਵੀ ਨਹੀਂ ਝੱਲ ਸਕਦੀ। ਉਹ ਕਹਾਣੀ ਅੱਜ ਵੀ ਬਹੁਤ ਪ੍ਰਸਿੱਧ ਹੈ।ਫਿਰ 1983 ’ਚ ਸ਼ਾਹੀ ਜੋੜਾ ਦੂਜੀ ਵਾਰ ਆਇਆ ਸੀ, ਜਦੋਂ ਦੇਸ਼ ਵਿੱਚ ਨਹਿਰੂ ਨਹੀਂ, ਸਗੋਂ ਇੰਦਰਾ ਗਾਂਧੀ ਦਾ ਰਾਜ ਸੀ। ਤਦ ਉਹ ਰਾਸ਼ਟਰਪਤੀ ਭਵਨ ਵਿੱਚ ਠਹਿਰੇ ਸਨ। ਉਦੋਂ ‘ਦਿ ਨਿਊ ਯਾਰਕ ਟਾਈਮਜ਼’ ਨੇ ਲਿਖਿਆ ਸੀ ਕਿ – ‘ਮਹਾਰਾਣੀ ਦੀ ਫੇਰੀ ਲਈ ਭਾਰਤ ਨੇ ਝਾੜੀ ਧੂੜ।’ਦਰਅਸਲ, ਮਹਾਰਾਣੀ ਦੀ ਆਮਦ ਤੋਂ ਪਹਿਲਾਂ ਭਾਰਤ ਸਰਕਾਰ ਨੇ ਪੁਰਾਣੇ ਬਸਤੀਵਾਦੀ ਜੁੱਗ ਦੀ ਧੂੜ ਝਾੜ ਕੇ ਉਸ ਨੂੰ ਪਾਲਿਸ਼ ਵਗ਼ੈਰਾ ਕਰਵਾਇਆ ਸੀ ਤੇ ਉਸ ਨੂੰ ਸੋਹਣਾ ਬਣਾਇਆ ਸੀ। ਤੀਜੀ ਵਾਰ ਮਹਾਰਾਣੀ ਸਾਹਿਬਾ 1997 ’ਚ ਆਏ ਸਨ। ਤਦ ਉਨ੍ਹਾਂ ਲਈ ਕੁਝ ਮੁਸ਼ਕਿਲ ਵੀ ਆਈ ਸੀ ਕਿਉਂਕਿ ਉਨ੍ਹਾਂ ਤਦ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵੀ ਜਾਣਾ ਸੀ। ਉਦੋਂ ਉਹ ਦੌਰ ਸੀ, ਜਦੋਂ ਪਹਿਲਾਂ ਦੀਆਂ ਗ਼ਲਤੀਆਂ ਲਈ ਮੁਆਫ਼ੀਆਂ ਮੰਗੀਆਂ ਜਾ ਰਹੀਆਂ ਸਨ। ਤਦ ਲੁਧਿਆਣਾ ’ਚ ਰਹਿੰਦੇ ਸ਼ਹੀਦ–ਏ–ਆਜ਼ਮ ਭਗਤ ਸਿੰਘ ਦੇ ਭਤੀਜੇ ਜਗਮੋਹਨ ਸਿੰਘ ਨੇ ਮੰਗ ਰੱਖੀ ਸੀ ਕਿ 1919 ਵਿੱਚ ਵਾਪਰੇ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਲਈ ਮਹਾਰਾਣੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।ਜੱਲ੍ਹਿਆਂਵਾਲਾ ਬਾਗ਼ ਦਾ ਉਹ ਕਤਲੇਆਮ ਸੱਚਮੁਚ ਬਹੁਤ ਦਰਦਨਾਕ ਤੇ ਹੌਲਨਾਕ ਸੀ। ਉਦੋਂ ਹੀ ਨੋਬਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨੇ ਆਪਣਾ ‘ਨਾਈਟਹੁੱਡ’ ਦਾ ਖਿ਼ਤਾਬ ਵਾਪਸ ਕਰ ਦਿੱਤਾ ਸੀ। ਉਸ ਤੋਂ ਬਾਅਦ ਆਜ਼ਾਦੀ ਦੇ ਅੰਦੋਲਨਾਂ ਵਿੱਚ ਇੱਕ ਨਵੀਂ ਰੂਹ ਫੂਕੀ ਗਈ ਸੀ।ਮੁਆਫ਼ੀ ਦੀ ਮੰਗ ਕਰਦਿਆਂ ਜਗਮੋਹਨ ਹੁਰਾਂ ਨੇ ਨਾਲ ਹੀ ਬ੍ਰਿਟਿਸ਼ ਪੁਲਿਸ ਅਧਿਕਾਰੀ ਸਾਂਡਰਸ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਅਫ਼ੋਸ ਵੀ ਪ੍ਰਗਟਾਇਆ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜਦੋਂ ਭਗਤ ਸਿੰਘ ਨੇ ਜੌਨ ਸਾਂਡਰਸ ਦੇ ਕਤਲ ਤੋਂ ਬਾਅਦ ਪੈਂਫਲੈਟਸ ਵੰਡੇ ਸਨ, ਤਦ ਉਨ੍ਹਾਂ ਇਹ ਲਿਖਿਆ ਸੀ ਕਿ – ‘ਮੈਨੂੰ ਅਫ਼ਸੋਸ ਹੈ ਕਿ ਇੱਕ ਸਾਥੀ ਇਨਸਾਨ ਦਾ ਲਹੂ ਅਜਾਈਂ ਵਹਿ ਗਿਆ ਹੈ।’ ਇੱਕ ਰਾਸ਼ਟਰੀ ਅਖ਼ਬਾਰ ਨੇ ਉਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਤੇ ਫਿਰ ਉਹ ਖ਼ਬਰ ਕੌਮਾਂਤਰੀ ਪ੍ਰੈੱਸ ਨੇ ਵੀ ਚੁੱਕ ਲਈ ਸੀ।
ਜਨੂੰਨੀ ਪੰਜਾਬੀ ਇੰਦਰ ਕੁਮਾਰ ਗੁਜਰਾਲ, ਜੋ ਤਦ ਭਾਰਤ ਦੇ ਪ੍ਰਧਾਨ ਮੰਤਰੀ ਸਨ, ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਮੁਆਫ਼ੀ ਦੀ ਉਸ ਮੰਗ ਦੀ ਤਾਈਦ ਕੀਤੀ ਸੀ। ਉੱਘੇ ਪੱਤਰਕਾਰ ਕੁਲਦੀਪ ਨਈਅਰ ਵੀ ਉਸ ਮਾਮਲੇ ਵਿੱਚ ਕੁੱਦ ਪਏ ਸਨ ਤੇ ਉਨ੍ਹਾਂ ਤਦ ਹੋਰ ਅੱਗੇ ਵਧਦਿਆਂ ਇੱਕ ਹੋਰ ਮੰਗ ਵੀ ਰੱਖ ਦਿੱਤੀ ਸੀ ਕਿ ਕੋਹਿਨੂਰ ਹੀਰਾ ਵੀ ਜ਼ਰੂਰ ਭਾਰਤ ਨੂੰ ਮੋੜ ਦਿੱਤਾ ਜਾਣਾ ਚਾਹੀਦਾ ਹੈ।
ਉਦੋਂ ਹੋਰ ਵੀ ਹੰਗਾਮਾ ਖੜ੍ਹਾ ਹੋ ਗਿਆ ਸੀ, ਜਦੋਂ ਇੰਗਲੈਂਡ ਦੀ ਸਰਕਾਰ ਦੇ ਇੱਕ ਬੁਲਾਰੇ ਨੇ ਆਖ ਦਿੱਤਾ ਸੀ ਕਿ ‘ਮਹਾਰਾਣੀ ਕੋਈ ਮੁਆਫ਼ੀਆਂ ਮੰਗਣ ਲਈ ਥੋੜ੍ਹਾ ਭਾਰਤ ਗਏ ਹਨ।‘
ਮਹਾਰਾਣੀ ਐਲਿਜ਼ਾਬੈਥ–ਦੂਜੇ ਜਦੋਂ ਜੱਲ੍ਹਿਆਂਵਾਲਾ ਬਾਗ਼ ਪੁੱਜੇ ਸਨ, ਤਦ ਉਹ ਆਪਣੀ ਆਮ ਵਾਲੀ ਪੁਸ਼ਾਕ ਵਿੱਚ ਸਨ ਤੇ ਉਨ੍ਹਾਂ ਬਾਗ਼ ਵਿੱਚ ਬਣੀ ਯਾਦਗਾਰ ਉੱਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਸੀ ਕਿ – ‘ਹੁਣ ਇਹ ਕੋਈ ਭੇਤ ਨਹੀਂ ਰਿਹਾ ਕਿ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਜਿਹੇ ਕੁਝ ਮੁਸ਼ਕਿਲ ਸਮਿਆਂ ਵਿੱਚੋਂ ਲੰਘਣਾ ਪਿਆ ਹੈ, ਮੈਂ ਭਲਕੇ ਉੱਥੇ ਜਾਣਾ ਹੈ। ਪਰ ਇਤਿਹਾਸ ਨੂੰ ਦੋਬਾਰਾ ਨਹੀਂ ਲਿਖਿਆ ਜਾ ਸਕਦਾ, ਸਾਡੀ ਆਪਣੀ ਖ਼ਾਹਿਸ਼ ਭਾਵੇਂ ਕੋਈ ਵੀ ਹੋਵੇ। ਇਹ ਉਦਾਸੀ–ਭਰਪੂਰ ਛਿਣ ਹਨ ਤੇ ਖ਼ੁਸ਼ੀਆਂ ਨਾਲ ਭਰਪੂਰ ਵੀ। ਸਾਨੂੰ ਉਦਾਸੀ ਤੋਂ ਜ਼ਰੂਰ ਕੁਝ ਸਿੱਖਣਾ ਹੋਵੇਗਾ ਤੇ ਖ਼ੁਸ਼ੀ ਉੱਤੇ ਨਵੀਂ ਇਮਾਰਤ ਉਸਾਰਨੀ ਹੋਵੇਗੀ।’ਪਰ ਤਦ ਉੱਥੇ ਮਹਾਰਾਣੀ ਦੇ ਪਤੀ ਸ਼ਹਿਜ਼ਾਦਾ ਫ਼ਿਲਿਪ ਇੱਕ ਬੇਲੋੜੀ ਜਿਹੀ ਟਿੱਪਣੀ ਕਰ ਗਏ ਸਨ ਕਿ ‘ਉੱਥੇ ਜਿੰਨੇ ਸ਼ਹੀਦਾਂ ਦੇ ਨਾਂਅ ਤੇ ਗਿਣਤੀ ਦਰਸਾਈ ਹੈ, ਉਹ ਬਹੁਤ ਘੱਟ ਹੈ।’ ਤਦ ਇੱਕ ਭਾਰਤੀ ਅਖ਼ਬਾਰ ਨੇ ਮਹਾਰਾਣੀ ਦੇ ਪੀਚ ਕੱਪੜਿਆਂ ਉੱਤੇ ਇਤਰਾਜ਼ ਕੀਤਾ ਸੀ ਤੇ ਬੀਬੀਸੀ (BBC) ਨੇ ਵੀ ਆਪਣੀ ਇੱਕ ਰਿਪੋਰਟ ਵਿੱਚ ਉਸ ਖ਼ਬਰ ਦਾ ਹਵਾਲਾ ਦਿੱਤਾ ਸੀ।ਹੁਣ ਜਦੋਂ ਅਸੀਂ ਜੱਲ੍ਹਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ, ਇੰਗਲੈਂਡ ਤੋਂ ਮੁਆਫ਼ੀ ਦੀ ਮੰਗ ਇੱਕ ਵਾਰ ਫਿਰ ਉੱਠ ਖਲੋਈ ਹੈ ਤੇ ਇਸ ਵਾਰ ਬ੍ਰਿਟਿਸ਼ ਸਰਕਾਰ ਇਸ ਮਾਮਲੇ ਉੱਤੇ ਗੰਭੀਰਤਾ ਨਾਲ ਵਿਚਾਰ ਵੀ ਕਰ ਰਹੀ ਦੱਸੀ ਜਾਂਦੀ ਹੈ। ਇਸੇ ਲਈ ਜਗਮੋਹਨ ਹੁਰਾਂ ਨੂੰ ਇਹ ਜਾਣ ਕੇ ਤਸੱਲੀ ਹੋ ਗਈ ਹੋਣੀ ਹੈ ਕਿ ਜਿਹੜੀ ਆਵਾਜ਼ ਉਨ੍ਹਾਂ 22 ਵਰ੍ਹੇ ਪਹਿਲਾਂ ਉਠਾਈ ਸੀ, ਉਹੀ ਮੰਗ ਹੁਣ ਹੋਰ ਵੀ ਬਹੁਤ ਜਣੇ ਕਰ ਰਹੇ ਹਨ। ਹਜ਼ਾਰਾਂ ਮੀਲਾਂ ਦਾ ਸਫ਼ਰ ਵੀ ਸ਼ੁਰੂ ਤਾਂ ਇੱਕ ਕਦਮ ਨਾਲ ਹੀ ਹੁੰਦਾ ਹੈ।

Show More

Related Articles

Leave a Reply

Your email address will not be published. Required fields are marked *

Close