Punjab

ਸਮਝੌਤਾ ਐਕਸਪ੍ਰੈੱਸ ਮੁੜ ਸ਼ੁਰੂ, ਲਾਹੌਰ ਤੋਂ ਅਟਾਰੀ ਪੁੱਜੀ

ਭਾਰਤ ਤੇ ਪਾਕਿਸਤਾਨ ਵਿਚਾਲੇ ਪੁਲ਼ ਸਮਝੀ ਜਾਣ ਵਾਲੀ ‘ਸਮਝੌਤਾ ਐਕਸਪ੍ਰੈੱਸ’ ਦੋਬਾਰਾ ਸ਼ੁਰੂ ਹੋ ਗਈ ਹੈ। ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਤੇ ਫਿਰ ਪਾਕਿਸਤਾਨ ਸਥਿਤ ਅੱਤਵਾਦੀ ਕੈਂਪਾਂ ਉੱਤੇ ਭਾਰਤੀ ਹਵਾਈ ਫ਼ੌਜ ਦੇ ਹਮਲਿਆਂ ਤੋਂ ਬਾਅਦ ਇਹ ਰੇਲ–ਗੱਡੀ ਬੰਦ ਕਰ ਦਿੱਤੀ ਗਈ ਸੀ ਪਰ ਅੱਜ ਇਹ ਰੇਲ ਲਾਹੌਰ ਤੋਂ ਅਟਾਰੀ ਤੱਕ ਸਵਾਰੀਆਂ ਲੈ ਕੇ ਆਈ। ਇਹ ਰੇਲ–ਗੱਡੀ ਬੀਤੀ 28 ਫ਼ਰਵਰੀ ਨੂੰ ਮੁਲਤਵੀ ਕਰ ਦਿੱਤੀ ਗਈ ਸੀ ਕਿਉਂਕਿ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ ਸੀ। ਇਹ ਰੇਲ ਲਾਹੌਰ ਤੋਂ ਅਟਾਰੀ ਤੱਕ ਸੋਮਵਾਰ ਤੇ ਵੀਰਵਾਰ ਨੂੰ ਚੱਲਦੀ ਹੈ। ਅਟਾਰੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਅਰਵਿੰਦ ਕੁਮਾਰ ਗੁਪਤਾ ਨੇ ਦੱਸਿਆ ਕਿ ਅੱਜ ਪਾਕਿਸਤਾਨ ਦੇ ਸ਼ਹਿਰ ਲਾਹੌਰ ਤੋਂ 174 ਯਾਤਰੀ ਵਾਹਗਾ ਬਾਰਡਰ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਸਟੇਸ਼ਨ ਉੱਤੇ ਇਮੀਗ੍ਰੇਸ਼ਨ ਦੀਆਂ ਰਸਮੀ ਕਾਰਵਾਈਆਂ ਤੋਂ ਬਾਅਦ ਉਹ ਅਟਾਰੀ–ਦਿੱਲੀ ਐਕਸਪ੍ਰੈੱਸ ਰਾਹੀਂ ਰਾਤੀਂ 8 ਵਜੇ ਦਿੱਲੀ ਰਵਾਨਾ ਹੋਣਗੇ। ਸਟੇਸ਼ਨ ਮਾਸਟਰ ਨੇ ਅੱਗੇ ਦੱਸਿਆ ਕਿ ਇਮੀਗ੍ਰੇਸ਼ਨ ਕਾਰਵਾਈਆਂ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਯਾਤਰੀਆਂ ਵਿੱਚੋਂ ਕਿੰਨੇ ਭਾਰਤੀ ਨਾਗਰਿਕ ਹਨ ਤੇ ਕਿੰਨੇ ਪਾਕਿਸਤਾਨੀ। ਇਸ ਤੋਂ ਪਹਿਲਾਂ ਦਿੱਲੀ ਤੋਂ ਐਕਸਪ੍ਰੈੱਸ ਰੇਲ–ਗੱਡੀ ਵੀ ਅਟਾਰੀ ਪੁੱਜ ਚੁੱਕੀ ਹੈ ਤੇ ਉਸ ਵਿੱਚ ਸਿਰਫ਼ 12 ਯਾਤਰੀ ਸਨ। ਉਹ ਬਾਅਦ ਦੁਪਹਿਰ 2:30 ਵਜੇ ਸਮਝੌਤਾ ਐਕਸਪ੍ਰੈੱਸ ਰਾਹੀਂ ਲਾਹੌਰ ਰਵਾਨਾ ਹੋ ਗਏ ਹਨ।

Show More

Related Articles

Leave a Reply

Your email address will not be published. Required fields are marked *

Close