Sports

ਨਾਗਪੁਰ ‘ਚ ਆਸਟਰੇਲੀਆ ‘ਤੇ ਜਿੱਤ ਦਾ ਚੌਕਾ ਲਾਉਣ ਉਤਰੇਗਾ ਭਾਰਤ

ਨਾਗਪੁਰ- ਭਾਰਤੀ ਕ੍ਰਿਕਟ ਟੀਮ ਵਨ ਡੇ ਵਿਚ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਆਸਟਰੇਲੀਆ ਵਿਰੁੱਧ ਨਾਗਪੁਰ ‘ਚ ਮੰਗਲਵਾਰ ਨੂੰ ਹੋਣ ਵਾਲੇ ਦੂਜੇ ਵਨ ਡੇ ਵਿਚ ਜਿੱਤ ਦਾ ਚੌਕਾ ਲਾਉਣ ਤੇ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾਉਣ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ। ਭਾਰਤ ਨੇ ਇਸ ਮੈਦਾਨ ‘ਤੇ ਆਸਟਰੇਲੀਆ ਵਿਰੁੱਧ 3 ਵਨ ਡੇ ਖੇਡੇ ਹਨ ਤੇ ਤਿੰਨਾਂ ਵਿਚ ਹੀ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਆਸਟਰੇਲੀਆ ਨੂੰ 2009 ਵਿਚ ਇੱਥੇ 99 ਦੌੜਾਂ ਨਾਲ, 2013 ਵਿਚ 351 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 6 ਵਿਕਟਾਂ ਨਾਲ ਤੇ 2017 ਵਿਚ 7 ਵਿਕਟਾਂ ਨਾਲ ਹਰਾਇਆ ਸੀ। ਭਾਰਤ ਆਪਣੇ ਪਿਛਲੇ 9 ਵਨ ਡੇ ਵਿਚੋਂ ਸੱਤ ਮੈਚ ਜਿੱਤ ਚੁੱਕਾ ਹੈ ਤੇ ਨਾਗਪੁਰ ਵਿਚ ਕੰਗਾਰੂਆਂ ਵਿਰੁੱਧ ਆਪਣੇ ਜੇਤੂ ਰੱਥ ਨੂੰ ਉਹ ਇਸ ਮੈਚ ਵਿਚ ਦੌੜਾਉਣ ਦੀ ਪੂਰੀ ਕੋਸ਼ਿਸ਼ ਕਰੇਗਾ।

ਦੂਜੇ ਪਾਸੇ ਆਸਟਰੇਲੀਆ ਨੂੰ ਵਾਪਸੀ ਕਰਨ ਲਈ ਇਸ ਮੈਚ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਆਸਟਰੇਲੀਆ ਨੇ ਪਹਿਲੇ ਵਨ ਡੇ ਵਿਚ 236 ਦੌੜਾਂ ਬਣਾਈਆਂ ਸਨ ਜਦਕਿ ਉਸ ਨੂੰ ਇਸ ਨਾਲੋਂ ਵੱਡਾ ਸਕੋਰ ਬਣਾਉਣ ਦੀ ਲੋੜ ਹੈ ਜੇਕਰ ਉਸ ਨੂੰ ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਰੋਕਣਾ ਹੈ। ਆਸਟਰੇਲੀਆ ਨੇ ਭਾਰਤ ਦੀਆਂ 4 ਵਿਕਟਾਂ ਸਿਰਫ 99 ਦੌੜਾਂ ‘ਤੇ ਸੁੱਟ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਉਸ ਦੇ ਖਿਡਾਰੀ ਕੇਦਾਰ ਜਾਧਵ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕਾਬੂ ਨਹੀਂ ਕਰ ਸਕੇ। ਭਾਰਤ ਨੇ ਇਹ ਮੁਕਾਬਲਾ 6 ਵਿਕਟਾਂ ਨਾਲ ਜਿੱਤਿਆ ਸੀ। ਜਾਧਵ ਤੇ ਧੋਨੀ ਦੋਵਾਂ ਨੇ ਅਰਧ ਸੈਂਕੜੇ ਬਣਾਏ ਸਨ। ਭਾਰਤ ਇਸ ਮੁਕਾਬਲੇ ਵਿਚ ਲਗਭਗ ਉਸੇ ਟੀਮ ਨੂੰ ਉਤਾਰੇਗਾ, ਜਿਸ ਨੇ ਹੈਦਰਾਬਾਦ ਵਿਚ ਪਹਿਲਾ ਮੈਚ ਜਿੱਤਿਆ ਸੀ। ਭਾਰਤ ਦੀ ਜੇਕਰ ਕੋਈ ਚਿੰਤਾ ਫਿਲਹਾਲ ਹੈ ਤਾਂ ਉਹ ਇਕ ਵਾਰ ਫਿਰ ਓਪਨਿੰਗ ਜੋੜੀ ਹੈ। ਸ਼ਿਖਰ ਧਵਨ ਦਾ ਪਹਿਲੇ ਮੈਚ ਵਿਚ ਜ਼ੀਰੋ ‘ਤੇ ਆਊਟ ਹੋਣਾ ਟੀਮ ਦੀ ਚਿੰਤਾ ਨੂੰ ਵਧਾਉਂਦਾ ਹੈ। ਰੋਹਿਤ ਸ਼ਰਮਾ ਤੇ ਸ਼ਿਖਰ ਤੋਂ ਵਿਸ਼ਵ ਕੱਪ ਵਿਚ ਪਾਰੀ ਦੀ ਸ਼ੁਰੂਆਤ ਕਰਨ ਦੀ ਉਮੀਦ ਹੈ ਪਰ ਦੋਵੇਂ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਰਹੇ।ਸ਼ਿਖਰ ਜੇਕਰ ਇਕ ਹੋਰ ਮੈਚ ਵਿਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਆਪਣਾ ਸਥਾਨ ਲੋਕੇਸ਼ ਰਾਹੁਲ ਨੂੰ ਗੁਆਉਣਾ ਪੈ ਸਕਦਾ ਹੈ। ਹਾਲਾਂਕਿ ਇਸ ਮੈਚ ਵਿਚ ਸ਼ਿਖਰ ਨੂੰ ਇਕ ਹੋਰ ਮੌਕਾ ਮਿਲਣਾ ਤੈਅ ਹੈ। ਪਹਿਲੇ ਮੈਚ ਵਿਚ ਗੇਂਦ ਨਾਲ ਅਸਫਲ ਰਹੇ ਆਲਰਾਊਂਡਰ ਵਿਜੇ ਸ਼ੰਕਰ ਨੂੰ ਵੀ ਇਕ ਹੋਰ ਮੌਕਾ ਮਿਲ ਸਕਦਾ ਹੈ। ਸਪਿਨ ਵਿਭਾਗ ਵਿਚ ਲੈੱਗ ਸਪਿਨਰ ਯੁਜਵੇਂਦਰ ਚਾਹਲ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਜਗ੍ਹਾ ਲੈ ਸਕਦਾ ਹੈ।
ਆਸਟਰੇਲੀਆ ਦੀ ਬੱਲੇਬਾਜ਼ੀ ਨੂੰ ਸ਼ਾਨ ਮਾਰਸ਼ ਦੇ ਆਉਣ ਨਾਲ ਮਜ਼ਬੂਤੀ ਮਿਲ ਸਕਦੀ ਹੈ। ਪਿਛਲੇ 9 ਮਹੀਨਿਆਂ ਵਿਚ ਆਸਟਰੇਲੀਆ ਦੇ ਸਰਵਸ੍ਰੇਸ਼ਠ ਵਨ ਡੇ ਬੱਲੇਬਾਜ਼ ਰਹੇ ਮਾਰਸ਼ ਨੇ ਦੌਰੇ ਵਿਚ ਦੇਰ ਨਾਲ ਆਉਣ ਤੋਂ ਬਾਅਦ ਟ੍ਰੇਨਿੰਗ ਵਿਚ ਜੰਮ ਕੇ ਹਿੱਸਾ ਲਿਆ ਤੇ ਉਹ ਟੀਮ ਵਿਚ ਐਸ਼ਟਨ ਟਰਨਰ ਦੀ ਜਗ੍ਹਾ ਲੈ ਸਕਦਾ ਹੈ, ਜਿਸ ਨਾਲ ਆਸਟਰੇਲੀਆ ਦੀ ਬੱਲੇਬਾਜ਼ੀ ਵਿਚ ਹੋਰ ਮਜ਼ਬੂਤੀ ਆਵੇਗੀ। ਨਾਗਪੁਰ ਦੀ ਪਿੱਚ ਸਪਾਟ ਮੰਨੀ ਜਾ ਰਹੀ ਹੈ ਤੇ ਮੈਚ ਵਧਣ ਦੇ ਨਾਲ ਇਹ ਹੌਲੀ ਹੁੰਦੀ ਚਲੀ ਜਾਵੇਗੀ। ਨਾਗਪੁਰ ਵਿਚ ਐਤਵਾਰ ਰਾਤ ਨੂੰ ਕੁਝ ਮੀਂਹ ਪਿਆ ਸੀ ਪਰ ਮੈਚ ਦੌਰਾਨ ਮੌਸਮ ਸਾਫ ਰਹਿਣ ਦੀ ਉਮੀਦ ਹੈ।
ਸੰਭਾਵਿਤ ਟੀਮਾਂ :
ਭਾਰਤ-ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਵਿਕਟ ਕੀਪਰ), ਕੇਦਾਰ ਜਾਧਵ, ਵਿਜੇ ਸ਼ੰਕਰ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।
ਆਸਟਰੇਲੀਆ- ਉਸਮਾਨ ਖਵਾਜਾ, ਆਰੋਨ ਫਿੰਚ (ਕਪਤਾਨ), ਸ਼ਾਨ ਮਾਰਸ਼, ਮਾਰਕਸ ਸਟੋਇੰਸ, ਪੀਟਰ ਹੈਂਡਸਕੌਂਬ, ਗਲੇਨ ਮੈਕਸਵੈੱਲ, ਐਲਕਸ ਕੈਰੀ (ਵਿਕਟ ਕੀਪਰ), ਨਾਥਨ ਕਾਲਟਰ ਨਾਇਲ, ਪੈਟ ਕਮਿੰਸ, ਜੈਸਨ ਬਹਿਰਡ੍ਰੌਫ, ਐਡਮ ਜ਼ਾਂਪਾ।

Show More

Related Articles

Leave a Reply

Your email address will not be published. Required fields are marked *

Close