Punjab

ਕੈਬਿਨੇਟ ਮੰਤਰੀ ਸਿੰਗਲਾ ਵੱਲੋਂ 92 ਪਿੰਡਾਂ ਦੀ ‘ਸੰਗਰੂਰ ਵਿਕਾਸ ਯਾਤਰਾ’ ਸੰਪੰਨ

ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੀ 27 ਫਰਵਰੀ ਤੋਂ ਬਲਾਕ ਭਵਾਨੀਗੜ੍ਹ ਤੇ ਸੰਗਰੂਰ ਦੇ ਪਿੰਡਾਂ ‘ਚ ਆਰੰਭੀ ‘ਸੰਗਰੂਰ ਵਿਕਾਸ ਯਾਤਰਾ’ ਅੱਜ ਪੰਜਵੇਂ ਦਿਨ ਹਜ਼ਾਰਾਂ ਵਰਕਰਾਂ ਤੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਮਗਰੋਂ ਅੱਜ ਸਮਾਪਤ ਹੋ ਗਈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਅੱਜ ਐਤਵਾਰ ਤੋਂ ਸੂਬਾ ਸਰਕਾਰ ਦੀ ਬੇਘਰਿਆਂ ਨੂੰ ਮਕਾਨ ਦੇਣ ਤੇ 5–5 ਮਰਲੇ ਦੇ ਪਲਾਟ ਦੇਣ ਦੀ ਯੋਜਨਾ ਸ਼ੁਰੂ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਯਾਤਰਾ ਦੇ ਅੱਜ ਆਖ਼ਰੀ ਦਿਨ ਪਿੰਡ ਘਾਬਦਾਂ ਤੋਂ ਇਹ ਯੋਜਨਾ ਲਾਗੂ ਕੀਤੇ ਜਾਣ ਦੀ ਸ਼ੁਰੂਆਤ ਹੋ ਗਈ ਹੈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਪਿੰਡ ਘਾਬਦਾਂ ਦੇ ਨੌਂ ਬੇਘਰੇ ਪਰਿਵਾਰਾਂ ਤੇ ਦੋ ਹੋਰ ਪਿੰਡਾਂ ਭਰਾਜ ਤੇ ਲੱਖੇਵਾਲ ਦੇ 45 ਅਜਿਹੇ ਪਰਿਵਾਰਾਂ ਨੂੰ ਪਲਾਟਾਂ ਦੀ ਮਾਲਕੀ ਦੇ ਸਰਟੀਫ਼ਿਕੇਟ ਵੰਡੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਆਪਣੇ ਇਸ ਸਫ਼ਰ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ 111 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕੀਤਾ। ਸ਼੍ਰੀ ਸਿੰਗਲਾ ਨੇ ਹਲਕੇ ਦੇ 92 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 5.42 ਕਰੋੜ ਤੋਂ ਵੱਧ ਰਾਸ਼ੀ ਦੀਆਂ ਗਰਾਂਟਾਂ ਦੀ ਵੰਡ ਕੀਤੀ। ਬਲਾਕ ਭਵਾਨੀਗੜ੍ਹ ਦੀ ਤਰਜ਼ ‘ਤੇ ਸੰਗਰੂਰ ਬਲਾਕ ਦੇ 22 ਪਿੰਡਾਂ ‘ਚ ਛੱਪੜਾਂ ਦੀ ਸਫ਼ਾਈ ਲਈ 8 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਸੂਬਾ ਸਰਕਾਰ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਪਿੰਡ ਘਾਬਦਾਂ ਦੇ ਸਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ”ਇਹ ਵਧੀਆ ਪਹਿਲ ਹੈ ਅਤੇ ਇਸ ਪਰਉਪਕਾਰੀ ਕੰਮ ਦੇ ਸਾਡੇ ਪਿੰਡ ਤੋਂ ਸ਼ੁਰੂ ਹੋਣ ਕਾਰਨ ਮੈਂ ਬਹੁਤ ਖ਼ੁਸ਼ ਹਾਂ।” ਆਪਣੇ ਦ੍ਰਿਸ਼ਟੀਹੀਣ ਪਿਤਾ ਅਤੇ ਅੱਠ ਹੋਰ ਪਰਿਵਾਰਕ ਮੈਂਬਰਾਂ ਦਾ ਪਾਲਣ-ਪੋਸ਼ਣ ਕਰਨ ਵਾਲਾ ਦਿਹਾੜੀਦਾਰ ਹਰਪਾਲ ਸਿੰਘ ਇਸ ਸਕੀਮ ਦਾ ਪਲਾਟ ਮਿਲਣ ਕਾਰਨ ਬਾਗ਼ੋ-ਬਾਗ਼ ਸੀ। ਉਸ ਨੇ ਕਿਹਾ ਕਿ ”ਮੇਰੀ ਇੱਛਾ ਹੈ ਕਿ ਮੇਰੇ ਪਿਤਾ ਸਿਰਫ਼ ਇਕ ਦਿਨ ਲਈ ਆਪਣੀ ਇਸ ਜ਼ਮੀਨ ਦੇ ਟੁਕੜੇ ਨੂੰ ਦੇਖ ਸਕਣ।” ਇਸ ਦੌਰਾਨ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੇੜ ਭਵਿੱਖ ਵਿੱਚ ਇਸ ਯੋਜਨਾ ਅਧੀਨ 5-5 ਮਰਲੇ ਪਲਾਟ ਹਾਸਲ ਕਰਨ ਵਾਲੇ ਲਾਭਪਾਤਰੀ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ ਡੇਢ ਲੱਖ ਰੁਪਏ ਵੀ ਸਹਾਇਤਾ ਰਾਸ਼ੀ ਵਜੋਂ ਪ੍ਰਦਾਨ ਕੀਤੇ ਜਾਣਗੇ। ਇਸ ਯਾਤਰਾ ਦੌਰਾਨ ਕੈਬਨਿਟ ਮੰਤਰੀ ਨੇ ਰੱਜੇ-ਪੁੱਜੇ ਕਿਸਾਨਾਂ ਤੋਂ ਲੈ ਕੇ ਖੇਤ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਆਜੜੀਆਂ ਤੇ ਦੁਕਾਨਦਾਰਾਂ ਸਮੇਤ ਲਗਪਗ ਹਰੇਕ ਤਬਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬੇਘਰੇ ਲੋਕਾਂ ਤੇ ਪੰਚਾਇਤਾਂ ਦੀਆਂ ਵੀ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਪੇਂਡੂ ਨੌਜਵਾਨਾਂ ਨਾਲ ਚਰਚਾ ਕਰਨ ਨੂੰ ਵੱਧ ਤਵੱਜੋ ਦਿੱਤੀ। ਉਨ੍ਹਾਂ ਲੋਕਾਂ ਨੂੰ ਸਰਕਾਰੀ ਨੀਤੀਆਂ ਤੋਂ ਜਾਣੂੰ ਕਰਵਾਇਆ ਅਤੇ ਚੱਲ ਰਹੇ ਤੇ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਬਾਬਤ ਦੱਸਿਆ।

Show More

Related Articles

Leave a Reply

Your email address will not be published. Required fields are marked *

Close