Sports

ਵਿਸ਼ਵ ਕੱਪ ਟੀਮ ਨੂੰ ਅੰਤਿਮ ਰੂਪ ਦੇਣ ਉਤਰੇਗੀ ਟੀਮ ਇੰਡੀਆ

ਹੈਦਰਾਬਾਦ— ਭਾਰਤੀ ਕ੍ਰਿਕਟ ਟੀਮ ਸ਼ਨੀਵਾਰ ਨੂੰ ਆਸਟਰੇਲੀਆ ਖਿਲਾਫ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ‘ਚ ਵੀ ਪ੍ਰਯੋਗ ਕਰਨਾ ਜਾਰੀ ਰੱਖੇਗੀ ਤਾਂ ਜੋ ਵਿਸ਼ਵ ਕੱਪ ਟੀਮ ਦੇ ਸਥਾਨ ਯਕੀਨੀ ਹੋ ਸਕੇ। ਟੀਮ ਹੌਲੇ-ਹੌਲੇ ਵਿਸ਼ਵ ਕੱਪ ਦੇ ਰੰਗ ‘ਚ ਢਲ ਰਹੀ ਹੈ ਅਤੇ ਜਿੱਥੇ ਤੱਕ ਕਪਤਾਨ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਦਾ ਸਬੰਧ ਹੈ ਤਾਂ ਹਾਲ ਹੀ ‘ਚ ਖਤਮ ਹੋਈ ਟੀ-20 ਸੀਰੀਜ਼ ‘ਚ 0-2 ਦੀ ਹਾਰ ਵੀ ਇਸ ਯੋਜਨਾ ‘ਤੇ ਕੋਈ ਅਸਰ ਨਹੀਂ ਪਾ ਸਕੇਗਾ।
ਖੁਦ ਨੂੰ ਬਿਹਤਰ ਕਰਨਾ ਚਾਹੁੰਦੀ ਹੈ ਟੀਮ ਇੰਡੀਆ : ਕੋਹਲੀ
ਕੋਹਲੀ ਨੇ ਬੈਂਗਲੁਰੂ ‘ਚ ਮਿਲੀ ਹਾਰ ਦੇ ਬਾਅਦ ਕਿਹਾ ਕਿ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਖ਼ੁਦ ਨੂੰ ਬਿਹਤਰ ਕਰਨਾ ਚਾਹੁੰਦੀ ਹੈ ਅਤੇ ਅਸੀਂ ਵੀ ਵਨ ਡੇ ਸੀਰੀਜ਼ ‘ਚ ਵੀ ਇਹੋ ਕ੍ਰਮ ਜਾਰੀ ਰੱਖਾਂਗੇ ਪਰ ਫਿਰ ਵੀ ਅਸੀਂ ਹਰ ਮੈਚ ਨੂੰ ਜਿੱਤਣਾ ਚਾਹੁੰਦੇ ਹਾਂ। ਘੱਟੋ-ਘੱਟ ਚਾਰ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇਗਾ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਇਹ ਯਕੀਨੀ ਕਰੇਗਾ ਕਿ ਉਨ੍ਹਾਂ ਨੂੰ ਵਿਸ਼ਵ ਕੱਪ ‘ਚ ਜਗ੍ਹਾ ਮਿਲੇ ਜਾਂ ਨਹੀਂ। ਲੋਕੇਸ਼ ਰਾਹੁਲ, ਰਿਸ਼ਭ ਪੰਤ, ਵਿਜੇ ਸ਼ੰਕਰ ਅਤੇ ਸਿਧਾਰਥ ਕੌਲ ਇਹ ਚਾਰ ਖਿਡਾਰੀ ਹਨ ਜੋ ਬ੍ਰਿਟੇਨ ਜਾਣ ਵਾਲੀ 15 ਮੈਂਬਰੀ ਟੀਮ ‘ਚ ਦੋ ਉਪਲਬਧ ਸਥਾਨ ਲਈ ਜੱਦੋਜਹਿਦ ਕਰਨਗੇ। ਕਈਆਂ ਦਾ ਮੰਨਣਾ ਹੈ ਕਿ ਦਿਨੇਸ਼ ਕਾਰਤਿਕ ਨੂੰ ਵੀ ਟੀਮ ‘ਚ ਜਗ੍ਹਾ ਬਣਾਉਣ ਦੇ ਮੌਕੇ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਅਤੇ ਉਹ ਵੀ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਨਜ਼ਰ ਲਾਏ ਹਨ। ਪਰ ਇਨ੍ਹਾਂ ਚਾਰ ਖਿਡਾਰੀਆਂ ਲਈ ਇਹ ਪੰਜ ਮੈਚ ਪ੍ਰੀਖਿਆ ਦੀ ਘੜੀ ਹੋਣਗੇ ਅਤੇ ਲਾਸਟ ਇਲੈਵਨ ‘ਚ ਸ਼ਾਮਲ ਕੀਤੇ ਜਾਣ ਦੇ ਬਾਅਦ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁਣਗੇ।

ਕੇ.ਐੱਲ. ਰਾਹੁਲ ਅਤੇ ਰਿਸ਼ਭ ਪੰਤ ਦੇ ਪ੍ਰਦਰਸ਼ਨ ‘ਤੇ ਨਜ਼ਰਾਂ
ਰਾਹੁਲ ਨੇ ਦੋ ਟੀ-20 ‘ਚ 50 ਅਤੇ 47 ਦੌੜਾਂ ਦੀ ਪਾਰੀ ਖੇਡੀ, ਉਹ ਚੰਗੀ ਫਾਰਮ ‘ਚ ਹਨ ਅਤੇ ਚੋਟੀ ਦੇ ਕ੍ਰਮ ‘ਚ ਉਨ੍ਹਾਂ ਨੂੰ ਹੋਰ ਮੌਕੇ ਮਿਲਣ ਦੀ ਉਮੀਦ ਹੈ। ਇਹ ਬੱਲੇਬਾਜ਼ ਰਿਜ਼ਰਵ ਸਲਾਮੀ ਬੱਲੇਬਾਜ਼ ਦੇ ਸਥਾਨ ਨੂੰ ਕਬਜ਼ਾਉਣਾ ਚਾਹੁੰਦਾ ਹੈ ਅਤੇ ਕੌਣ ਜਾਣਦਾ ਹੈ, ਜੇਕਰ ਸ਼ਿਖਰ ਧਵਨ ਦਾ ਲਗਾਤਾਰ ਚੰਗਾ ਪ੍ਰਦਰਸ਼ਨ ਜਾਰੀ ਨਹੀਂ ਰਹਿੰਦਾ ਹੈ ਤਾਂ ਉਹ ਟੀਮ ‘ਚ ਸਥਾਨ ਪੱਕਾ ਕਰ ਸਕਦਾ ਹੈ। ਸਾਰਿਆਂ ਦੀ ਨਿਗਾਹਾਂ ਰਿਸ਼ਭ ਪੰਤ ਦੇ ਪ੍ਰਦਰਸ਼ਨ ‘ਤੇ ਲੱਗੀਆਂ ਹਨ ਜੋ ਛੋਟੇ ਫਾਰਮੈਟ ‘ਚ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਪਰ ਉਸ ਦੇ ਹੁਨਰ ਅਤੇ ਇਕੱਲੇ ਦਮ ‘ਤੇ ਮੈਚ ‘ਚ ਜਿੱਤ ਦਿਵਾਉਣ ਦੀ ਸਮਰਥਾ ਨੂੰ ਦੇਖਦੇ ਹੋਏ ਟੀਮ ਮੈਨੇਜਮੈਂਟ ਅਖੀਰਲਾ ਫੈਸਲਾ ਕਰਨ ਤੋਂ ਪਹਿਲਾਂ ਉਸ ਨੂੰ ਕੁਝ ਹੋਰ ਮੈਚ ਦੇਣਾ ਚਾਹੇਗੀ।
ਟੀਮ ‘ਚ ਜ਼ਿਆਦਾ ਛੇੜਛਾੜ ਦੀ ਸੰਭਾਵਨਾ ਨਹੀਂ
ਵਿਜੇ ਸ਼ੰਕਰ ਦੀ ਗੇਂਦਬਾਜ਼ੀ ਇੰਨੀ ਬਿਹਤਰ ਨਹੀਂ ਹੈ ਪਰ ਹਾਰਦਿਕ ਪੰਡਯਾ ਦੀ ਫਿੱਟਨੈਸ ਦੇ ਕਾਰਨ ਉਹ ਦੂਜੇ ਆਲ ਰਾਊਂਡਰ ਦੇ ਸਥਾਨ ‘ਤੇ ਦਾਅਵਾ ਕਰਨ ਲਈ ਦੌੜ ‘ਚ ਬਣੇ ਹੋਏ ਹਨ। ਹਾਲਾਂਕਿ ਪੰਡਯਾ ਪਹਿਲੀ ਪਸੰਦ ਰਹਿਣਗੇ। ਕੌਲ ਟੀਮ ‘ਚ ਰਿਜ਼ਰਵ ਤੇਜ਼ ਗੇਂਦਬਾਜ਼ ਦੇ ਰੂਪ ‘ਚ ਜਗ੍ਹਾ ਬਣਾ ਸਕਦੇ ਹਨ ਕਿਉਂਕਿ ਟੀਮ ਮੈਨੇਜਮੈਂਟ ਦੀ ਖਲੀਲ ਅਹਿਮਦ ਨੂੰ ਪਰਖਣ ਦੀ ਯੋਜਨਾ ਦਾ ਮਨ ਮੁਤਾਬਕ ਨਤੀਜਾ ਨਹੀਂ ਮਿਲਿਆ। ਮੁਹੰਮਦ ਸ਼ੰਮੀ ਅਤੇ ਜਸਪ੍ਰੀਤ ਬੁਮਰਾਹ ਪਹਿਲੀ ਪਸੰਦ ਹੈ ਜਿਸ ਨਾਲ ਕੌਲ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਲਈ ਸ਼ਾਇਦ ਦੋ ਮੈਚ ਮਿਲ ਸਕਦੇ ਹਨ। ਪਰ ਕੋਹਲੀ ਅਤੇ ਕੋਚ ਸ਼ਾਸਤਰੀ ਟੀਮ ‘ਚ ਜ਼ਿਆਦਾ ਛੇੜਛਾੜ ਨਹੀਂ ਕਰਨਾ ਚਾਹੁਣਗੇ ਕਿਉਂਕਿ ਸੀਰੀਜ਼ ‘ਚ ਸ਼ਾਨਦਾਰ ਜਿੱਤ ਹਮੇਸ਼ਾ ਬਿਹਤਰ ਹੋਵੇਗੀ।
ਭਾਰਤੀ ਗੇਂਦਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
ਅੰਬਾਤੀ ਰਾਇਡੂ, ਤਜਰਬੇਕਾਰ ਆਲ ਰਾਊਂਡਰ ਕੇਦਾਰ ਜਾਧਵ ਅਤੇ ਸ਼ੰਮੀ ਭਾਰਤੀ ਟੀਮ ‘ਚ ਵਾਪਸੀ ਕਰ ਚੁੱਕੇ ਹਨ ਤਾਂ ਆਰੋਨ ਫਿੰਚ ਅਤੇ ਉਨ੍ਹਾਂ ਦੇ ਖਿਡਾਰੀਆਂ ਲਈ ਵਨ ਡੇ ਸੀਰੀਜ਼ ਪੂਰੀ ਤਰ੍ਹਾਂ ਨਾਲ ਵੱਖਰੀ ਤਰ੍ਹਾਂ ਦੀ ਚੁਣੌਤੀ ਹੋਵੇਗੀ। ਜਦਕਿ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਜੋੜੀ ਮੱਧ ਦੇ ਓਵਰਾਂ ‘ਚ ਦੌੜਾਂ ਦੀ ਰਫਤਾਰ ‘ਤੇ ਲਗਾਮ ਕੱਸਣ ਦੀ ਕੰਮ ਕਰੇਗੀ। ਜਾਧਵ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਨ ‘ਚ ਗਲੇਨ ਮੈਕਸਵੇਲ, ਡਾਰਸੀ ਸ਼ਾਰਟ, ਮਾਰਕਸ ਸਟੋਈਨਿਸ ਅਤੇ ਸ਼ਾਨ ਮਾਰਸ਼ ਨੂੰ ਪਰੇਸ਼ਾਨੀ ਹੋ ਸਕਦੀ ਹੈ। ਬੁਮਰਾਹ ਦੀ ਸੀਰੀਜ਼ ‘ਚ ਭਾਰਤ ਦੀ ਸਥਿਤੀ ਨੂੰ ਦੇਖਦੇ ਹੋਏ ਇਕ ਜਾਂ ਦੋ ਮੈਚਾਂ ‘ਚ ਆਰਾਮ ਦਿੱਤਾ ਜਾ ਸਕਦਾ ਹੈ ਕਿਉਂਕਿ ਉਹ ਇੰਗਲੈਂਡ ‘ਚ ਭਾਰਤ ਦੇ ਮੁੱਖ ਗੇਂਦਬਾਜ਼ ਹੋਣਗੇ। ਜਦਕਿ ਆਸਟਰੇਲੀਆ ਟੀਮ ਟੀ-20 ਦੀ ਫਾਰਮ ਨੂੰ ਜਾਰੀ ਰਖਣਾ ਚਾਹੇਗੀ। ਨਾਥਨ ਲਿਓਨ ਦੀ ਮੌਜੂਦਗੀ ਉਸ ਦੇ ਸਪਿਨ ਵਿਭਾਗ ਨੂੰ ਤਿੱਖਾ ਕਰੇਗੀ ਜਿਸ ‘ਚ ਉਨ੍ਹਾਂ ਦੇ ਨਾਲ ਐਡਮ ਜ਼ਾਂਪਾ ਹੋਣਗੇ। ਸੱਟ ਦਾ ਸ਼ਿਕਾਰ ਹੋਏ ਕੇਨ ਰਿਚਰਡਸਨ ਦੀ ਜਗ੍ਹਾ ਸ਼ਾਮਲ ਹੋਏ ਐਂਡ੍ਰਿਊ ਟਾਈ ਆਈ.ਪੀ.ਐੱਲ. ਫ੍ਰੈਂਚਾਈਜ਼ੀ ਦੇ ਤਜਰਬੇ ਦਾ ਲਾਹਾ ਲੈਣਾ ਚਾਹੁਣਗੇ।

ਟੀਮਾਂ ਇਸ ਤਰ੍ਹਾਂ ਹਨ :-
ਭਾਰਤ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਵਿਜੇ ਸ਼ੰਕਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਰਿਸ਼ਭ ਪੰਤ, ਸਿਧਾਰਥ ਕੌਲ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ।

ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਡਾਰਸੀ ਸ਼ਾਰਟ, ਸ਼ਾਨ ਮਾਰਸ਼, ਮਾਰਕਸ ਸਟੋਈਨਿਸ, ਉਸਮਾਨ ਖਵਾਜਾ, ਐਲੇਕਸ ਕਾਰੇ, ਪੀਟਰ ਹੈਂਡਸਕਾਂਬ, ਐਸ਼ਟਨ ਟਰਨਰ, ਐਡਮ ਜ਼ਾਂਪਾ, ਜੇਸਨ ਬੇਹਰੇਨਫੋਰਫ, ਜਾਏ ਰਿਚਰਡਸਨ, ਪੈਟ ਕਮਿੰਸ, ਐਂਡ੍ਰਿਊ ਟਾਈ, ਨਾਥਨ ਕੂਲਟਰ ਨਾਈਲ, ਨਾਥਨ ਲਿਓਨ।

ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ ਇਕ ਵੱਜ ਕੇ 30 ਮਿੰਟ ‘ਤੇ ਸ਼ੁਰੂ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close