Punjab

ਪੰਜਾਬ ਤੋਂ ਚੋਣ ਲੜਨ ਡਾ. ਮਨਮੋਹਨ ਸਿੰਘ, ਮੈਂ ਸੀਟ ਛੱਡਣ ਲਈ ਤਿਆਰ: ਬਾਜਵਾ

ਇਸ ਵੇਲੇ ਜਦੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵਿੱਚ ਲੋਕ ਸਭਾ ਚੋਣਾਂ ਦੀ ਉਮੀਦਵਾਰੀ ਲਈ ਟਿਕਟ ਲੈਣ ਦੀ ਦੌੜ ਲੱਗੀ ਹੋਈ ਹੈ, ਅਜਿਹੇ ਵੇਲੇ ਪਾਰਟੀ ਦੇ ਹੀ ਅੰਦਰੂਨੀ ਬਾਗ਼ੀ ਧੜੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਮਾਇਤ ’ਚ ਨਿੱਤਰ ਆਏ ਹਨ। ਕਾਂਗਰਸ ਦੇ ਕੁਝ ਉੱਚ–ਪੱਧਰੀ ਸੂਤਰਾਂ ਮੁਤਾਬਕ ਰਾਜ ਸਭਾ ਐੱਮਪੀ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਡਾ. ਮਨਮੋਹਨ ਸਿੰਘ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਗੁਰਦਾਸਪੁਰ ਤੋਂ ਚੋਣ ਲੜਨ, ਉਹ ਸੀਟ ਛੱਡਣ ਲਈ ਤਿਆਰ ਹਨ।

ਸਮਝਿਆ ਜਾਂਦਾ ਹੈ ਕਿ ਸ੍ਰੀ ਬਾਜਵਾ ਨੇ ਹਾਈ ਕਮਾਂਡ ਤੋਂ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨ ਲਈ ਟਿਕਟ ਮੰਗੀ ਹੈ। ਇਹ ਸੀਟ ਇਸ ਵੇਲੇ ਸੁਨੀਲ ਜਾਖੜ ਕੋਲ ਹੈ, ਜੋ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਵੀ ਹਨ। ਇਹ ਸੀਟ ਸਾਲ 2017 ਦੌਰਾਨ ਭਾਜਪਾ ਦੇ ਐੱਮਪੀ ਤੇ ਬਾਲੀਵੁੱਡ ਸਟਾਰ ਵਿਨੋਦ ਖੰਨਾ ਦੇ ਦੇਹਾਂਤ ਕਾਰਨ ਖ਼ਾਲੀ ਹੋਈ ਸੀ ਤੇ ਸ੍ਰੀ ਜਾਖੜ ਇੱਥੋਂ ਰਿਕਾਰਡ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਡਾ. ਮਨਮੋਹਨ ਸਿੰਘ ਦਾ ਰਾਜ ਸਭਾ ਵਿੱਚ ਕਾਰਜਕਾਲ ਇਸੇ ਵਰ੍ਹੇ 14 ਜੂਨ ਤੋਂ ਖ਼ਤਮ ਹੋ ਰਿਹਾ ਹੈ। ਇਸ ਬਾਰੇ ਜਦੋਂ ਸ੍ਰੀ ਬਾਜਵਾ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਡਾ. ਮਨਮੋਹਨ ਸਿੰਘ ਲਈ ਸੀਟ ਛੱਡਣ ਦੀ ਆਪਣੀ ਪੇਸ਼ਕਸ਼ ਬਾਰੇ ਨਾ ਤਾਂ ਨਾਂਹ ਕੀਤੀ ਤੇ ਨਾ ਹੀ ਉਸ ਦੀ ਪੁਸ਼ਟੀ ਕੀਤੀ।ਇੱਥੇ ਵਰਨਣਯੋਗ ਹੈ ਕਿ ਪਹਿਲਾਂ ਸ੍ਰੀ ਬਾਜਵਾ ਨੇ ਕਾਂਗਰਸ ਹਾਈ ਕਮਾਂਡ ਤੋਂ ਆਪਣੀ ਪਤਨੀ ਚਰਨਜੀਤ ਕੌਰ ਲਈ ਟਿਕਟ ਮੰਗੀ ਸੀ ਪਰ ਪਾਰਟੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਸਪੱਸ਼ਟ ਕਰ ਦਿੱਤਾ ਕਿ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਕਿਸੇ ਵੀ ਨੇੜਲੇ ਰਿਸ਼ਤੇਦਾਰ ਨੂੰ ਇਸ ਵਾਰ ਟਿਕਟ ਨਹੀਂ ਮਿਲੇਗੀ। ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੇ ਪਾਰਟੀ ਦੇ ਅੰਦਰ ਮੌਜੂਦ ਕੁਝ ਆਲੋਚਕਾਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਰਦਾਸਪੁਰ ਦੀ ਥਾਂ ਐਤਕੀਂ ਫ਼ਿਰੋਜ਼ਪੁਰ ਤੋਂ ਚੋਣ ਲੜਨੀ ਚਾਹੀਦੀ ਹੈ, ਜੇ ਪਾਰਟੀ ਨੂੰ ਲੱਗਦਾ ਹੈ ਕਿ ‘ਮਿਸ਼ਨ 13’ ਅਧੀਨ ਐਤਕੀਂ ਸਾਰੀਆਂ 13 ਸੀਟਾਂ ਉੱਤੇ ਕਾਂਗਰਸ ਹੀ ਜਿੱਤੇਗੀ। ਪਾਰਟੀ ਅੰਦਰ ਅਜਿਹੀਆਂ ਵੀ ਕੁਝ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸਾਰੇ ਸੂਬਾਈ ਕਾਂਗਰਸ ਪ੍ਰਧਾਨਾਂ ਨੂੰ ਐਤਕੀਂ ਚੋਣ ਨਾ ਲੜਨ ਲਈ ਵੀ ਕਿਹਾ ਜਾ ਸਕਦਾ ਹੈ ਤੇ ਸਿਰਫ਼ ਚੋਣ–ਪ੍ਰਚਾਰ ਉੱਤੇ ਹੀ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਜਾ ਸਕਦਾ ਹੈ। ਉੱਧਰ ਸ੍ਰੀ ਜਾਖੜ ਨੇ ਕਿਹਾ ਹੈ ਕਿ ਇਹ ਡਾ. ਮਨਮੋਹਨ ਸਿੰਘ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਚੋਣ ਲੜਨੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਤਾਂ ਸਿਰਫ਼ ਉਹੀ ਚੋਣ ਲੜਨਗੇ ਕਿਉਂਕਿ ਉਨ੍ਹਾਂ ਦੀ ਆਪਣੀ ਨਿਜੀ ਪਸੰਦ ਇਹੋ ਹੈ।

Show More

Related Articles

Leave a Reply

Your email address will not be published. Required fields are marked *

Close