Punjab
ਜ਼ੀਰਕਪੁਰ ’ਚ ਪੁਲਿਸ ਨਾਲ ਮੁਕਾਬਲੇ ’ਚ ਇੱਕ ਗੈਂਗਸਟਰ ਹਲਾਕ, ਦੋ ਗ੍ਰਿਫ਼ਤਾਰ

ਮੋਹਾਲੀ ਜ਼ਿਲ੍ਹੇ ਦੇ ਸ਼ਹਿਰ ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਪੁਲਿਸ ਤੇ ਗੈਂਗਸਟਰਜ਼ ਵਿਚਾਲੇ ਇੱਕ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਦੀ ਮੌਤ ਹੋ ਗਈ ਹੈ। ਮਾਰੇ ਗਏ ਗੈਂਗਸਟਰ ਦੀ ਸ਼ਨਾਖ਼ਤ ਅੰਕਿਤ ਭਾਦੂ ਵਜੋਂ ਹੋਈ ਹੈ, ਜੋ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਦੱਸਿਆ ਜਾਂਦਾ ਹੈ। ਇਸ ਮੁਕਾਬਲੇ ’ਚ ਇੱਕ ਏਐੱਸਆਈ ਵੀ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਸੂਤਰਾਂ ਅਨੁਸਾਰ ਪੁਲਿਸ ਨਾਲ ਮੁਕਾਬਲਾ ਕਰਨ ਵਾਲੇ ਗੈਂਗਸਟਰਜ਼ ਦੀ ਗਿਣਤੀ 3 ਸੀ ਤੇ ਉਨ੍ਹਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਂਝ ਇਹ ਖ਼ਬਰ ਲਿਖੇ ਜਾਣ ਤੱਕ ਇਸ ਮੁਕਾਬਲੇ ਬਾਰੇ ਅਧਿਕਾਰਤ ਤੌਰ ਉੱਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਉਂਝ ਇਹ ਵੀ ਪਤਾ ਲੱਗਾ ਹੈ ਕਿ ਰਾਜਸਥਾਨ ਪੁਲਿਸ ਨੇ ਅੰਕਿਤ ਭਾਦੂ ਦੇ ਸਿਰ ਉੱਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਪੀਰ ਮੁਛੱਲਾ ਦੇ ਕ੍ਰਿਸ਼ਨ ਅਪਾਰਟਮੈਂਟ ਦੇ ਇੱਕ ਫ਼ਲੈਟ ਵਿੱਚ ਲਾਰੈਂਸ ਬਿਸ਼ਨੋਈ ਗਿਰੋਹ ਦੇ ਗੈਂਗਸਟਰਜ਼ ਦੇ ਲੁਕੇ ਹੋਣ ਦੀ ਸੂਹ ਪੰਜਾਬ ਪੁਲਿਸ ਨੂੰ ਮਿਲ਼ੀ ਸੀ। ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਮਕਾਨ ਸਮੇਤ ਸਮੁੱਚੇ ਪੀਰ ਮੁਛੱਲਾ ਇਲਾਕੇ ਨੂੰ ਘੇਰ ਲਿਆ।
ਇਸ ਦੌਰਾਨ ਗੈਂਗਸਟਰਜ਼ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਕਾਰਵਾਈ ਦੌਰਾਨ ਇੱਕ ਗੈਂਗਸਟਰ ਮਾਰਿਆ ਗਿਆ।