Punjab

ਬਾਦਲਾਂ ਦੇ ਗੜ੍ਹ ਬਠਿੰਡਾ ’ਚ ਕਾਂਗਰਸ ਲਈ ਸੁਖਾਲ਼ੀ ਨਹੀਂ ਉਮੀਦਵਾਰ ਦੀ ਚੋਣ

ਸ਼੍ਰੋਮਣੀ ਅਕਾਲੀ ਦਲ ਨੂੰ ਭਾਵੇਂ ਇਸ ਵੇਲੇ ਅੰਦਰੂਨੀ ਬਗ਼ਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਾਰਟੀ ਵਿਰੁੱਧ ਅਜਿਹੀ ਹਵਾ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਚੱਲਣੀ ਸ਼ੁਰੂ ਹੋਈ ਸੀ। ਇਸ ਦੇ ਬਾਵਜੂਦ ਅਕਾਲੀਆਂ ਦੇ ਗੜ੍ਹ ਬਠਿੰਡਾ ਲੋਕ ਸਭਾ ਹਲਕੇ ’ਚ ਕਾਂਗਰਸ ਲਈ ਉਮੀਦਵਾਰ ਦੀ ਚੋਣ ਕਰਨੀ ਸੁਖਾਲ਼ੀ ਨਹੀਂ ਹੋਵੇਗੀ। ਇਸ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਐੱਮਪੀ ਹਰਸਿਮਰਤ ਕੌਰ ਬਾਦਲ ਹਨ। ਕੇਂਦਰੀ ਫ਼ੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਕਾਰਨ ਵਿਖਾਈ ਨਹੀਂ ਦਿੰਦਾ ਕਿ ਉਨ੍ਹਾਂ ਨੂੰ ਆਪਣਾ ਹਲਕਾ ਬਦਲਣਾ ਪਵੇ। ਚੇਤੇ ਰਹੇ ਕਿ ਬੀਤੇ ਦਿਨੀਂ ਮੀਡੀਆ ਵਿੱਚ ਅਜਿਹੀ ਅਫ਼ਵਾਹ ਚੱਲਦੀ ਰਹੀ ਸੀ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਆਪਣਾ ਹਲਕਾ ਬਦਲ ਰਹੇ ਹਨ। ਬੀਬਾ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਵਿਕਾਸ ਨੂੰ ਯਕੀਨੀ ਬਣਾਇਆ ਹੈ।ਉੱਧਰ ਕਾਂਗਰਸ ਨੇ ਹਾਲੇ ਬਠਿੰਡਾ ਹਲਕੇ ਤੋਂ ਆਪਣੇ ਉਮੀਦਵਾਰ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਇੱਥੇ ਕਾਂਗਰਸ ਨੂੰ ਹਰ ਹਾਲਤ ਵਿੱਚ ਕੋਈ ਅਜਿਹਾ ਉਮੀਦਵਾਰ ਖੜ੍ਹਾਉਣਾ ਹੋਵੇਗਾ, ਜਿਹੜਾ ਬੀਬਾ ਬਾਦਲ ਨੂੰ ਸਖ਼ਤ ਤੇ ਫ਼ੈਸਲਾਕੁੰਨ ਟੱਕਰ ਦੇ ਸਕੇ। ਹਾਲੇ ਤੱਕ ਇਸ ਹਲਕੇ ਤੋਂ ਸਿਰਫ਼ ਦੋ ਕਾਂਗਰਸੀ ਆਗੂਆਂ ਨੇ ਪਾਰਟੀ ਟਿਕਟ ਲਈ ਅਰਜ਼ੀਆਂ ਦਿੱਤੀਆਂ ਹਨ। ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਵਿਰੋਧੀਆਂ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਹੀ ਅਜਿਹੀ ਅਫ਼ਵਾਹ ਫੈਲਾਈ ਹੈ ਕਿ ਉਹ ਆਪਣਾ ਹਲਕਾ ਬਦਲ ਕੇ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਚੋਣ ਲੜਨ ਜਾ ਰਹੇ ਹਨ। ਉਂਝ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵਾਂ ਨੇ ਇੱਕੋ ਗੱਲ ਆਖੀ ਹੈ ਕਿ ਸਾਰੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਬਾਰੇ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਕਰੇਗੀ। ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਆਖ ਚੁੱਕੇ ਹਨ ਕਿ ਜੇ ਪਾਰਟੀ ਹਾਈ–ਕਮਾਂਡ ਨੇ ਚਾਹਿਆ, ਤਾਂ ਉਹ ਮੁੜ ਬਠਿੰਡਾ ਹਲਕੇ ਤੋਂ ਹੀ ਚੋਣ ਲੜਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਪਹਿਲਾਂ ਬੀਬਾ ਬਾਦਲ ਤੋਂ ਹਾਰ ਚੁੱਕੇ ਹਨ ਤੇ ਹੁਣ ਕੈਪਟਨ ਹੁਰਾਂ ਦੱਸਿਆ ਹੈ ਕਿ ਉਨ੍ਹਾਂ ਦੀ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਸ ਲਈ ਅਜਿਹੇ ਹਾਲਾਤ ਵਿੱਚ ਪਾਰਟੀ ਬਠਿੰਡਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਦੋਹਤਰੇ ਨਿਰਵਾਣ ਸਿੰਘ ਨੂੰ ਵੀ ਉਮੀਦਵਾਰ ਬਣਾਉਣ ਬਾਰੇ ਵਿਚਾਰ ਕਰ ਸਕਦੀ ਹੈ, ਜੋ ਕੈਪਟਨ ਦੀ ਧੀ ਜੈਇੰਦਰ ਕੌਰ ਦੇ ਛੋਟੇ ਪੁੱਤਰ ਹਨ। ਨਿਰਵਾਣ ਸਿੰਘ ਨੂੰ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਿਆਸਤ ਲਈ ਤਿਆਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਦੇ ਖਾਤੇ ਇਸ ਵੇਲੇ ਉਹੀ ਸੰਭਾਲ਼ ਰਿਹਾ ਹੈ। ਉਂਝ ਕਾਂਗਰਸ ਪਾਰਟੀ ਦੇ ਹਲਕਿਆਂ ਵਿੱਚ ਗਿੱਦੜਬਾਹਾ ਤੋਂ ਵਿਧਾਇਕ ਤੇ ਇੰਡੀਅਨ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਖ਼ੁਸ਼ਬਾਜ਼ ਸਿੰਘ ਜਟਾਣਾ ਨੂੰ ਵੀ ਉਮੀਦਵਾਰ ਬਣਾਉਣ ਦੀ ਚਰਚਾ ਚੱਲ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਕੇ ਵੱਖ ਹੋਏ ਤੇ ਇਸ ਵੇਲੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਵੀ ਪਹਿਲਾਂ ਬਠਿੰਡਾ ਹਲਕੇ ਤੋਂ ਚੋਣ ਲੜਨ ਦੇ ਸੰਕੇਤ ਦਿੱਤੇ ਹਨ। ਇਸ ਬਾਰੇ ਹਾਲੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿੱਚ ਵਿਚਾਰ–ਚਰਚਾ ਹੋਣੀ ਹੈ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਠਿੰਡਾ ਹਲਕੇ ਤੋਂ ਕੋਈ ਸਥਾਨਕ ਆਗੂ ਹੀ ਚੋਣ ਲੜੇਗਾ। ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਸਾਬਕਾ ਪ੍ਰਧਾਨ ਅਨਿਲ ਠਾਕੁਰ, ਬਠਿੰਡਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਤੇ ਵਕੀਲ ਨਵਦੀਪ ਸਿੰਘ ਜੀਦਾ, ਜ਼ੋਨਲ ਜਨਰਲ ਸਕੱਤਰ ਭੁਪਿੰਦਰ ਬਾਂਸਲ ਤੇ ਬਠਿੰਡਾ ਸ਼ਹਿਰੀ ਇਕਾਈ ਦੇ ਪ੍ਰਘਾਨ ਅੰਮ੍ਰਿਤ ਲਾਲ ਅਗਰਵਾਲ ਬਠਿੰਡਾ ਹਲਕੇ ਤੋਂ ਪਾਰਟੀ ਟਿਕਟ ਦੀ ਦੌੜ ਵਿੱਚ ਹਨ।ਬਰਗਾੜੀ ਮੋਰਚਾ ਦੇ ਆਯੋਜਕਾਂ ਨੇ ਬਠਿੰਡਾ ਹਲਕੇ ਤੋਂ ਯੂਨਾਈਟਿਡ ਅਕਾਲੀ ਦਲ ਜਨਰਲ ਸਕੱਤਰ ਗੁਰਦੀਪ ਸਿੰਘ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close