National

ਖੇਤੀ ਕਾਨੂੰਨਾਂ ਖ਼ਿਲਾਫ਼ ਚਲਦੇ ਸੰਘਰਸ਼ ਨੂੰ ਪਹਿਲਾਂ ਵਾਂਗ ਜਾਰੀ ਰੱਖਣਗੇ ਕਿਸਾਨ

ਨਵੀਂ ਦਿੱਲੀ- ਕੌਮੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਮੌਕੇ ਕੰਢੀ ਟਰੈਕਟਰ ਪਰੇਡ ਮਾਰਚ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਅੱਜ 37 ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੇਸ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਦਾ ਇਨਾਮ ਕਰਾਰ ਦਿੱਤਾ ਹੈ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ‘ਐੱਫਆਈਆਰ, ਜੇਲ੍ਹ ਤੇ ਤਸੀਹੇ…ਅੰਦੋਲਨਾਂ ਦਾ ਇਨਾਮ ਹੁੰਦੇ ਹਨ।’ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਕਿਸਾਨ ਯੂਨੀਅਨਾਂ ਨੇ ਅੱਜ ਲੰਮੀ ਵਿਚਾਰ ਚਰਚਾ ਮਗਰੋਂ ਪਹਿਲੀ ਫਰਵਰੀ ਨੂੰ ਸੰਸਦ ਵੱਲ ਤਜਵੀਜ਼ਤ ਮਾਰਚ ਨੂੰ ਰੱਦ ਕਰ ਦਿੱਤਾ ਹੈ। ਇਸ ਦਿਨ ਸੰਸਦ ਵਿੱਚ ਸਾਲਾਨਾ ਬਜਟ ਪੇਸ਼ ਕੀਤਾ ਜਾਣਾ ਹੈ। ਮੋਰਚੇ ਵਿੱਚ ਸ਼ਾਮਲ ਆਗੂਆਂ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਚਲਦੇ ਸੰਘਰਸ਼ ਨੂੰ ਪਹਿਲਾਂ ਵਾਂਗ ਜਾਰੀ ਰੱਖਣਗੇ। ਇਸ ਦੇ ਨਾਲ ਹੀ ਮੋਰਚੇ ਨੇ 30 ਜਨਵਰੀ ਨੂੰ ਦੇਸ਼ ਭਰ ਵਿੱਚ ਜਨਤਕ ਮੀਟਿੰਗਾਂ ਕਰਨ ਤੇ ਭੁੱਖ ਹੜਤਾਲਾਂ ਰੱਖਣ ਦਾ ਵੀ ਸੱਦਾ ਦਿੱਤਾ ਹੈ। ਉਧਰ ਜਿਨ੍ਹਾਂ 37 ਕਿਸਾਨ ਆਗੂਆਂ ਖਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ, ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ.ਦਰਸ਼ਨ ਪਾਲ, ਬੀਕੇਯੂ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਤੇ ਬੀਕੇਯੂ ਦੇ ਤਰਜਮਾਨ ਰਾਕੇਸ਼ ਟਿਕੈਤ ਦੇ ਨਾਂ ਵੀ ਸ਼ਾਮਲ ਹਨ। ਲਾਲ ਕਿਲ੍ਹੇ ਤੇ ਦਿੱਲੀ ਦੇ ਹੋਰਨਾਂ ਖੇਤਰਾਂ ਵਿੱਚ ਹੋਈ ਹਿੰਸਾ ’ਚ 394 ਦੇ ਕਰੀਬ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਹਿੰਸਾ ਮਾਮਲੇ ਵਿੱਚ ਹੁਣ ਤੱਕ ਕੁੱਲ 22 ਐੱਫਆਈਆਰ ਦਰਜ ਕੀਤੀਆਂ ਹਨ ਜਦੋਂਕਿ 200 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਵੱਲੋਂ ਹਿੰਸਾ ’ਚ ਸ਼ਾਮਲ ਲੋਕਾਂ ਦੀ ਪਛਾਣ ਲਈ ਮਲਟੀਪਲ ਵੀਡੀਓਜ਼ ਤੇ ਸੀਸੀਟੀਵੀ ਫੁਟੇਜਾਂ ਖੰਘਾਲੀਆਂ ਜਾ ਰਹੀਆਂ ਹਨ। ਦਿੱਲੀ ਪੁਲੀਸ ਨੇ ਕਿਹਾ ਕਿ ਉਹ ਸਬੰਧਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਇਸ ਦੌਰਾਨ ਇਹਤਿਆਤ ਵਜੋਂ ਲਾਲ ਕਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਗਈ। ਇਥੇ ਨੀਮ ਫੌਜੀ ਬਲ ਸੀਆਈਐੱਸਐੱਫ ਦੀਆਂ ਵਧੀਕ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।

Show More

Related Articles

Leave a Reply

Your email address will not be published. Required fields are marked *

Close